ਸ਼ਗਨ ਕਟਾਰੀਆ
ਬਠਿੰਡਾ, 11 ਸਤੰਬਰ
2 ਸਤੰਬਰ ਤੋਂ ਮੰਗਾਂ ਲਈ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਰਕਰਾਂ ਨੇ ਅੱਜ ਸੰਘਰਸ਼ ਦਾ ਸ਼ਿਕੰਜਾ ਕਸਦਿਆਂ ਮਿੰਨੀ ਸਕੱਤਰੇਤ ਦੇ ਸਾਰੇ ਗੇਟਾਂ ਦਾ ਘਿਰਾਓ ਕਰ ਲਿਆ। ਯੂਨੀਅਨ ਦੇ ਜ਼ਿਲ੍ਹਾ ਆਗੂ ਬਲਦੇਵ ਸੰਦੋਹਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਜੈਤੋ ’ਚ ਲਾਏ ਗਏ ਸੂਬਾ ਪੱਧਰੀ ਧਰਨੇ ’ਚ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੀਤੇ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਸੀ, ਜੋ ਅਜੇ ਤੱਕ ਨੇਪਰੇ ਨਹੀਂ ਚੜ੍ਹਿਆ। ਉਨ੍ਹਾਂ ਜੈਤੋ ਮੋਰਚੇ ’ਚ ਖ਼ੁਦਕੁਸ਼ੀ ਕਰਨ ਵਾਲੇ ਪਿੰਡ ਕੋਟੜਾ ਦੇ ਕਿਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਉਸਦੇ ਪਰਿਵਾਰ 15 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਾ ਭਰੋਸਾ ਦਿੱਤਾ ਸੀ, ਜੋ ਅਜੇ ਤਣ-ਪੱਤਣ ਨਹੀਂ ਲੱਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਵਿੱਖ ਵਿਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।