DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਜੇ ਪੰਥ ਦੇ ਮਾਮਲੇ ਵਿੱਚ ਦਖਲ ਦੇਣਗੇ, ਸ੍ਰੀ ਅਕਾਲ ਤਖ਼ਤ ਬੋਲੇਗਾ ਵੀ, ਸੱਦੇਗਾ ਵੀ: ਜਥੇਦਾਰ ਗੜਗੱਜ

Punjab News: ਗੁਰੂ ਦੀ ਸੰਗਤ ਦੀ ਸਿਆਸੀ ਇਕੱਠਾਂ ਨਾਲ ਤੁਲਨਾ ਅਤੇ ਪੰਥਕ ਮਾਮਲਿਆਂ 'ਚ ਦਖ਼ਲ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਜਥੇਦਾਰ

  • fb
  • twitter
  • whatsapp
  • whatsapp
featured-img featured-img
ਕੋਟਕਪੂਰਾ ਵਿੱਚ ਮੀਰੀ ਪੀਰੀ ਮਾਰਚ ਦੌਰਾਨ ਸੰਬੋਧਨ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ।
Advertisement
Punjab News: ਜੇ ਕੋਈ ਪੰਥ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰੇਗਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਬੋਲੇਗਾ ਵੀ, ਸਬੰਧਤ ਵਿਅਕਤੀਆਂ ਨੂੰ ਤਲਬ ਵੀ ਕਰੇਗਾ ਅਤੇ ਜੇ ਉਹ ਮੰਨ ਕੇ ਵੀ ਆਪਣੇ ਵਾਅਦੇ ਤੋਂ ਮੁਕਰਣਗੇ ਤਾਂ ਪੰਥਕ ਮਰਿਯਾਦਾ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਦੀ ਸੰਗਤ ਸਿੱਖ ਧਰਮ ਦਾ ਪਾਵਨ ਅਤੇ ਰੂਹਾਨੀ ਸੰਕਲਪ ਹੈ। ਇਸ ਦੀ ਤੁਲਨਾ ਕਿਸੇ ਵੀ ਸਿਆਸੀ ਪਾਰਟੀ ਦੇ ਇਕੱਠ ਜਾਂ ਸਮਰਥਕਾਂ ਨਾਲ ਕਰਨਾ ਗੁਰੂ ਦੁਆਰਾ ਬਖਸ਼ੇ ਸਿਧਾਂਤ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਕੁਝ ਸਿਆਸੀ ਲੋਕ ਪੰਥਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਦੇ ਆ ਰਹੇ ਹਨ। ਹੁਣ ਜਦੋਂ ਗੁਰੂ ਦੀ ਸੰਗਤ ਵਰਗੇ ਪਾਵਨ ਸ਼ਬਦ ਨੂੰ ਵੀ ਸਿਆਸੀ ਮਕਸਦਾਂ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇਹ ਬਹੁਤ ਗੰਭੀਰ ਤੇ ਚਿੰਤਾ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਹਰ ਸੰਸਥਾ ਅਤੇ ਅਹੁਦੇ ਦੀ ਆਪਣੀ ਮਰਿਯਾਦਾ ਹੈ। ਸਿਆਸੀ ਲੋਕ ਆਪਣੇ ਸੰਵਿਧਾਨਕ ਫ਼ਰਜ਼ ਨਿਭਾਉਣ, ਜਦਕਿ ਪੰਥ ਦੀ ਅਗਵਾਈ ਅਤੇ ਪੰਥਕ ਮਾਮਲਿਆਂ ਬਾਰੇ ਫ਼ੈਸਲੇ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ, ਜੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਭਲੀਭਾਂਤ ਜਾਣਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਨਾਲ ਸਬੰਧਤ ਕਾਨੂੰਨ ਦੇ ਮਾਮਲੇ ਵਿੱਚ ਵੀ ਪੰਥ ਦਾ ਸਪੱਸ਼ਟ ਮਤ ਹੈ ਕਿ ਜਿਨ੍ਹਾਂ ਸੋਧਾਂ ਅਤੇ ਇਤਰਾਜ਼ਯੋਗ ਮਦਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ, ਉਹ ਹਟਾਈਆਂ ਜਾਣ। ਜਦੋਂ ਤੱਕ ਇਨ੍ਹਾਂ ਮਦਾਂ ਨੂੰ ਹਟਾਇਆ ਨਹੀਂ ਜਾਂਦਾ, ਤਦ ਤੱਕ ਅਜਿਹਾ ਕਾਨੂੰਨ ਸਿੱਖ ਕੌਮ ਲਈ ਪ੍ਰਵਾਨਯੋਗ ਨਹੀਂ ਹੋਵੇਗਾ।
ਉਨ੍ਹਾਂ ਹਾਲ ਹੀ ਵਿੱਚ ਕੁਝ ਵਿਅਕਤੀਆਂ ਵੱਲੋਂ ਨਗਰ ਕੀਰਤਨ ਅਤੇ ਹੋਰ ਪੰਥਕ ਪਰੰਪਰਾਵਾਂ ਬਾਰੇ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਉਹੀ ਸੋਚ ਹੈ ਜੋ ਪਹਿਲਾਂ ਵੀ ਗੁਰੂ ਘਰ ਦੀਆਂ ਪਵਿੱਤਰ ਨਿਸ਼ਾਨੀਆਂ ਅਤੇ ਇਤਿਹਾਸਕ ਅਸਥਾਨਾਂ ਪ੍ਰਤੀ ਪ੍ਰਗਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਜਿਹੀ ਸੋਚ ਨੂੰ ਕਦੇ ਬਰਦਾਸ਼ਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇ ਕੋਈ ਪੰਥਕ ਮਾਮਲਿਆਂ, ਗੁਰੂ ਘਰ ਦੀ ਮਰਿਯਾਦਾ ਜਾਂ ਸਿੱਖ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਕਰੇਗਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਪਰੰਪਰਾ ਅਨੁਸਾਰ ਬੋਲੇਗਾ ਵੀ, ਸੱਦੇਗਾ ਵੀ ਅਤੇ ਲੋੜ ਪੈਣ 'ਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਵੀ ਕਰੇਗਾ।  ਉਨ੍ਹਾਂ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪੂਰਨ ਸਤਿਕਾਰ ਅਤੇ ਮਰਯਾਦਾ ਕਾਇਮ ਰੱਖੇ। ਜੇਕਰ ਕਿਸੇ ਘਰ ਵਿੱਚ ਮਰਿਯਾਦਾ ਅਨੁਸਾਰ ਸੇਵਾ ਸੰਭਵ ਨਹੀਂ, ਤਾਂ ਪਾਵਨ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਚੱਜੇ ਢੰਗ ਨਾਲ ਸੁਪੁਰਦ ਕਰ ਦੇਣਾ ਚਾਹੀਦਾ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮੂਲ ਉਦੇਸ਼ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਸੰਗਤ ਤੱਕ ਪਹੁੰਚਾਉਣਾ ਹੈ। ਪਰ ਅੱਜ ਕੁਝ ਲੋਕ ਇਸ ਤੇ ਵੀ ਸਵਾਲ ਕਰ ਰਹੇ ਹਨ।  ਅਜਿਹੇ ਲੋਕਾਂ ਨੂੰ ਗੁਰਮਤਿ ਅਤੇ ਪੰਜਾਬ ਦੀ ਧਾਰਮਿਕ-ਸੱਭਿਆਚਾਰਕ ਪਰੰਪਰਾ ਦੀ ਸਮਝ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਵਿੱਚ “ਸੰਗਤ” ਉਹ ਪਵਿੱਤਰ ਇਕੱਠ ਹੈ ਜੋ ਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਹੈ।
ਮੀਰੀ ਪੀਰੀ ਖਾਲਸਾ ਮਾਰਚ ਦੇ ਗੁਰਦੁਆਰਾ ਹਾਜੀਰਤਨ ਸਾਹਿਬ ਬਠਿੰਡਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨਾਲ ਕਥਾ ਵਿਚਾਰ ਕੀਤੀਆਂ ਅਤੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਇਤਿਹਾਸ ਦੀ ਸਾਂਝ ਪਾਈ।
Advertisement
×