ਇਕਬਾਲ ਸਿੰਘ ਸ਼ਾਂਤ/ ਮਨੋਜ ਸ਼ਰਮਾ
ਲੰਬੀ/ਬਠਿੰਡਾ, 10 ਅਗਸਤ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਪਿਊਸ਼ ਗੋਇਲ ਨੂੰ ਅਪੀਲ ਕੀਤੀ ਹੈ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਸੁਸੱਜਤ ਕਿਸਾਨ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣ ਤਾਂ ਕਿ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂ ਉਤਪਾਦਕਾਂ ਨੂੰ ਲਾਭ ਮਿਲ ਸਕੇ।
ਸ੍ਰੀਮਤੀ ਬਾਦਲ ਨੇ ਲਿਖਿਆ ਹੈ ਕਿ ਕਿੰਨੂ ਪੈਦਾਵਾਰ ਦੇ ਕਲੱਸਟਰ ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਲੱਗਦੇ ਇਲਾਕਿਆਂ ਵਿਚ ਇਕ ਲੱਖ ਹੈਕਟੇਅਰ ਵਿਚ ਫੈਲੇ ਹੋਏ ਹਨ। ਪੰਜਾਬ ਦਾ ਅਬੋਹਰ ਸ਼ਹਿਰ ਕਿੰਨੂਆਂ ਲਈ ਸਥਾਨਕ ਮੰਡੀ ਵਜੋਂ ਕੰਮ ਕਰਦਾ ਹੈ ਜਿਥੇ ਹਰ ਸਾਲ ਪੱਚੀ ਲੱਖ ਮੀਟਰਿਕ ਟਨ ਕਿੰਨੂ ਦਾ ਮੰਡੀਕਰਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਤੋਂ ਸ਼ੁਰੂ ਹੋਣ ਵਾਲੀ ਕਿਸਾਨ ਰੇਲ ਦੱਖਣ ਤੇ ਪੂਰਬੀ ਰਾਜਾਂ ਵਿਚ ਕਿੰਨੂ ਲਿਜਾ ਸਕਦੀ ਹੈ ਜਿਥੇ ਫਲਾਂ ਦੀ ਵੱਡੀ ਮੰਡੀ ਹੈ। ਬੰਗਲੌਰ ਅਤੇ ਕੋਲਕਾਤਾ ਵਿਚ ਫਲਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਹਨ ਜਿਥੋਂ ਬੰਗਲਾਦੇਸ਼ ਨੂੰ ਵੱਡੀ ਮਾਤਰਾ ਵਿਚ ਬਰਾਮਦ ਹੁੰਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵੇਲੇ ਫਸਲ ਦਾ ਸਿਰਫ 35 ਤੋਂ 40 ਫੀਸਦੀ ਹੀ ਖਪਤਕਾਰਾਂ ਤੱਕ ਪੁੱਜਦਾ ਹੈ ਤੇ ਬਾਕੀ ਫਸਲ ਖਰਾਬ ਹੋ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪੈਂਦਾ ਹੈ।