ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 5 ਮਈ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਏਮਜ਼ ਬਠਿੰਡਾ ਵੱਲੋਂ ਆਕਸੀਜਨ ਸਿਲੰਡਰ ਪ੍ਰਾਪਤ ਕਰਨ ਲਈ ਕੀਤੀ ਜਾ ਰਹੀ ਕੋਸ਼ਿਸ਼ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਕਰੋਨਾ ਸੰਕਟ ਸਬੰਧੀ ਫ਼ਿਕਰਮੰਦੀ ਜਤਾਉਂਦਿਆਂ ਹਰਸਿਮਰਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਰੋਨਾ ਮਰੀਜ਼ਾਂ ਲਈ ਹੋਰ ਬੈੱਡ ਉਪਲਬਧ ਕਰਵਾਉਣੇ ਚਾਹੀਦੇ ਹਨ। ਇਸ ਵੇਲੇ ਲੋਕ ਸਿਹਤ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਮਰੀਜ਼ਾਂ ਦੀ ਸੰਭਾਲ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਨਿੱਜੀ ਹਸਪਤਾਲਾਂ ਵਿਚ ਫਿਕਸ ਚਾਰਜ ’ਤੇ ਬੈੱਡ ਲਏ ਜਾ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਣਵਰਤੇ ਵੈਂਟੀਲੇਟਰ ਚਲਾਉਣ ਲਈ ਮੈਡੀਕਲ ਸਟਾਫ ਦੀ ਫੌਰੀ ਭਰਤੀ ਦੀ ਵੀ ਅਪੀਲ ਕੀਤੀ। ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਇਸ ਸੰਕਟ ਦੀ ਘੜੀ ਵਿਚ ਕਰੋਨਾ ਮਰੀਜ਼ਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਵੱਲੋਂ ਗੁਰਦੁਆਰਿਆਂ ਦੀਆਂ ਸਰਾਵਾਂ ਨੂੰ ਆਰਜ਼ੀ ਕਰੋਨਾ ਸੰਭਾਲ ਸੈਂਟਰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏਮਜ਼ ਬਠਿੰਡਾ ਵੱਲੋਂ ਇਲਾਕੇ ਦੇ ਹਸਪਤਾਲਾਂ ਨੂੰ ਆਕਸੀਜਨ ਦੇਣ ਦਾ ਐਲਾਨ
ਇਸ ਦੌਰਾਨ ਹਰਸਿਮਰਤ ਵੱਲੋਂ ਏਮਜ਼ ਬਠਿੰਡਾ ਦੇ ਨਿਰਦੇਸ਼ਕ ਡਾ. ਡੀ.ਕੇ. ਸਿੰਘ ਨਾਲ ਵੀ ਵਰਚੁਅਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਡੀ.ਕੇ ਸਿੰਘ ਨੇ ਐੱਚਐੱਮਈਐੱਲ ਰਿਫ਼ਾਈਨਰੀ ਏਮਜ਼ ਵਿੱਚ ਕਰੋਨਾ ਮਰੀਜ਼ਾਂ ਲਈ 100 ਬੈੱਡਾਂ ਦੀ ਸਹੂਲਤ ਦੇ ਨਾਲ-ਨਾਲ ਇਲਾਕੇ ਦੇ ਹਸਪਤਾਲਾਂ ਨੂੰ ਆਕਸੀਜਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਨੇ 100 ਬੈੱਡਾਂ ਦਾ ਆਰਡਰ ਦੇ ਦਿੱਤਾ ਹੈ ਅਤੇ ਅਗਲੇ ਪੜਾਅ ਵਿਚ 100 ਬੈਡ ਹੋਰ ਲਗਾਏ ਜਾ ਸਕਦੇ ਹਨ।