ਗੋਨਿਆਣਾ ਸਿਵਲ ਹਸਪਤਾਲ ਦੇ ਸਫ਼ਾਈ ਕਰਮੀ ਦੀ ਬਾਥਰੂਮ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ
ਰਾਤ ਨੂੰ ਡਿਊਟੀ ’ਤੇ ਆਇਆ, ਸਵੇਰੇ ਬਾਥਰੂਮ ’ਚੋਂ ਮਿਲੀ ਲਾਸ਼; ਓਧਰ ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ
ਗੋਨਿਆਣਾ ਦੇ ਸਿਵਲ ਹਸਪਤਾਲ ਵਿੱਚ ਕੱਚੇ ਤੌਰ ’ਤੇ ਤਾਇਨਾਤ ਸਫ਼ਾਈ ਕਰਮੀ ਗੁਰਦੀਪ ਸਿੰਘ (ਪੁੱਤਰ ਆਤਮਾ ਸਿੰਘ, ਵਾਸੀ ਵਾਰਡ ਨੰਬਰ 11, ਲੀਨੋ ਪਾਰ) ਦੀ ਬਾਥਰੂਮ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੁਖਦਾਈ ਘਟਨਾ ਕਾਰਨ ਮ੍ਰਿਤਕ ਦੇ ਪਰਿਵਾਰ ਅਤੇ ਹਸਪਤਾਲ ਸਟਾਫ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਬੀਤੀ ਰਾਤ ਕਰੀਬ 9 ਵਜੇ ਡਿਊਟੀ ’ਤੇ ਪਹੁੰਚਿਆ ਸੀ। ਕੁਝ ਸਮੇਂ ਬਾਅਦ ਉਹ ਹਸਪਤਾਲ ਦੇ ਬਾਥਰੂਮ ਵਿੱਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਲਈ। ਇਸ ਤੋਂ ਬਾਅਦ ਉਹ ਬਾਹਰ ਨਹੀਂ ਆਇਆ। ਰਾਤ ਦੌਰਾਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਵਾਰਸ ਬਾਥਰੂਮ ਬੰਦ ਹੋਣ ਕਾਰਨ ਵਾਪਸ ਮੁੜਦੇ ਰਹੇ, ਪਰ ਕਿਸੇ ਨੇ ਵੀ ਇਸ ਸਬੰਧੀ ਡਿਊਟੀ ’ਤੇ ਮੌਜੂਦ ਸਟਾਫ਼ ਨੂੰ ਜਾਣਕਾਰੀ ਨਹੀਂ ਦਿੱਤੀ।
ਸਵੇਰੇ ਜਦੋਂ ਦੂਸਰਾ ਸਫ਼ਾਈ ਕਰਮੀ ਡਿਊਟੀ ’ਤੇ ਪਹੁੰਚਿਆ ਤਾਂ ਉਸ ਨੇ ਗੁਰਦੀਪ ਦੇ ਮੋਬਾਈਲ ’ਤੇ ਫ਼ੋਨ ਕੀਤਾ। ਬਾਥਰੂਮ ਦੇ ਅੰਦਰੋਂ ਰਿੰਗ ਦੀ ਆਵਾਜ਼ ਆਉਣ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਗੁਰਦੀਪ ਅੰਦਰ ਬੇਹੋਸ਼ ਹਾਲਤ ਵਿੱਚ ਮਿਲਿਆ। ਉਸ ਨੂੰ ਤੁਰੰਤ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਦੀ ਐੱਸ.ਐੱਮ.ਓ. (SMO) ਡਾ. ਧੀਰਾ ਗੁਪਤਾ ਨੇ ਦੱਸਿਆ ਕਿ ਨਾ ਤਾਂ ਰਾਤ ਸਮੇਂ ਡਿਊਟੀ ’ਤੇ ਮੌਜੂਦ ਸਟਾਫ਼ ਵੱਲੋਂ ਅਤੇ ਨਾ ਹੀ ਮਰੀਜ਼ਾਂ ਦੇ ਵਾਰਸਾਂ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਸੀ। ਸਵੇਰੇ ਘਟਨਾ ਦਾ ਪਤਾ ਲੱਗਣ ਉਪਰੰਤ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਸਪਤਾਲ ਵਿੱਚ ਕੱਚੇ ਸਫ਼ਾਈ ਕਰਮੀ ਵਜੋਂ ਕੰਮ ਕਰਦਾ ਸੀ। ਪੁਲੀਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਪਹਿਲੂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।
ਇਸ ਘਟਨਾ ਦਾ ਸਭ ਤੋਂ ਦਰਦਨਾਕ ਅਤੇ ਮਾਰਮਿਕ ਪੱਖ ਇਹ ਰਿਹਾ ਕਿ ਜਿੱਥੇ ਬੀਤੀ ਰਾਤ ਗੁਰਦੀਪ ਸਿੰਘ ਦੀ ਮੌਤ ਹੋ ਗਈ, ਉੱਥੇ ਹੀ ਸੂਤਰਾਂ ਮੁਤਾਬਕ ਅੱਜ ਸਵੇਰੇ ਉਸ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਇੱਕ ਪਾਸੇ ਘਰ ਵਿੱਚ ਨਵੇਂ ਮਹਿਮਾਨ ਦੇ ਆਉਣ ਦੀ ਖ਼ੁਸ਼ੀ ਸੀ, ਪਰ ਦੂਜੇ ਪਾਸੇ ਪਰਿਵਾਰ ਦੇ ਕਮਾਊ ਮੈਂਬਰ ਦੀ ਅਚਾਨਕ ਮੌਤ ਨੇ ਪੂਰੇ ਪਰਿਵਾਰ ਨੂੰ ਕਦੇ ਨਾ ਭੁੱਲਣ ਵਾਲੇ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ।
