ਮਨੋਜ ਸ਼ਰਮਾ
ਬਠਿੰਡਾ 25 ਫਰਵਰੀ
ਤਲਵੰਡੀ ਖੇਤਰ ਦੇ ਕਿਸ਼ਨਗੜ੍ਹ ਮਾਣ ਵਾਲਾ ਵਿੱਚ ਕੋਟਲਾ ਬਰਾਂਚ ਕੈਨਾਲ ਦੇ ਖੇਤਰ ਵਿੱਚ ਸੱਤਾ ਧਿਰ ਪਿੰਡ ਦੀ ਪੰਚਾਇਤ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ 32 ਕਨਾਲ 7 ਮਰਲੇ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ।
ਜੰਗਲਾਤ ਵਿਭਾਗ ਦੇ ਸਾਬਕਾ ਅਫ਼ਸਰ ਮਧੂ ਭੂਸ਼ਨ ਅਤੇ ਤਲਵੰਡੀ ਸਾਬੋ ਦੇ ਵਕੀਲ ਜਸਵਿੰਦਰ ਸਿੰਘ ਮਾਨ ਨੇ ਤੱਥਾਂ ਦੇ ਅਧਾਰ ’ਤੇ ਪਿੰਡ ਦੀ ਪੰਚਾਇਤ ਤੇ ਦੋਸ਼ ਲਗਾਏ ਹਨ ਪਿੰਡ ਦੀ ਜੰਗਲਾਤ ਪੱਟੀ ’ਤੇ ਨਾਜਾਇਜ਼ ਕਬਜ਼ੇ ਕਰ ਕੇ ਪਾਰਕ ਬਣਾਉਣ ਲਈ ਜਿੱਥੇ 25 ਤੋਂ 30 ਦਰੱਖ਼ਤ ਕੱਟ ਕੇ ਗਰੀਨ ਪੱਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉੱਥੇ ਪਾਰਕ ਬਣਾਉਣ ਲਈ ਖ਼ੁਦਾਈ ਵੀ ਸ਼ੁਰੂ ਕੀਤੀ ਗਈ ਹੈ। ਵਕੀਲ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਵਣ ਪਾਲ ਦਫ਼ਤਰ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ।
ਇਸ ਸਬੰਧੀ ਪਿੰਡ ਦੇ ਕਾਂਗਰਸੀ ਸਰਪੰਚ ਖੁਸ਼ਵੰਤ ਸਿੰਘ ਬੱਬੀ ਨੇ ਦੱਸਿਆ ਕਿ ਜੰਗਲਾਤ ਪੱਟੀ ਵਾਲੀ ਜ਼ਮੀਨ ਨਾਲ ਉਨ੍ਹਾਂ ਦੀ ਪੰਚਾਇਤ ਦਾ ਕੋਈ ਲੈਣ ਦੇਣਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਨਾਜਾਇਜ਼ ਕਬਜ਼ਾ ਕੀਤਾ ਹੈ।
ਇਸ ਸਬੰਧੀ ਬਠਿੰਡਾ ਦੇ ਮੁੱਖ ਵਣ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਮੌਕੇ ’ਤੇ ਟੀਮ ਨੇ ਪੁੱਜ ਕੇ ਕਬਜ਼ਾ ਛਡਵਾ ਦਿੱਤਾ ਹੈ ਜੇਕਰ ਮੁੜ ਕੋਸ਼ਿਸ਼ ਕੀਤੀ ਤਾਂ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।