ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਬਠਿੰਡਾ (ਸ਼ਹਿਰੀ) ਦੀ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਅਤੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਦੇਸ਼ ਅੰਦਰ ਦਨਿ-ਬ-ਦਨਿ ਪੈਰ ਪਾਸਾਰ ਰਿਹਾ ਫਾਸ਼ੀਵਾਦ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲਾ ਰਿਹਾ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾ. ਬਲਕਰਨ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾਈ ਆਗੂ ਹੋਣ ਦੇ ਨਾਤੇ ਵਿਸ਼ੇਸ਼ ਨਿਗਰਾਨ ਵਜੋਂ ਸ਼ਾਮਲ ਹੋਏ ਕਾਮਰੇਡ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਉਲਟਾ ਕੇ ਭਗਵੇਂ ਮਨਸੂਬਿਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਦੇਸ਼ ਅੰਦਰ ਖੱਬੇ ਪੱਖੀ ਅਤੇ ਸੀਪੀਆਈ ਵੱਲੋਂ ਬਲੀਦਾਨ ਦੇ ਕੇ ਪਾਏ ਗਏ ਯੋਗਦਾਨਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਬਠਿੰਡਾ ਵਿੱਚ ਪਾਰਟੀ ਵੱਲੋਂ ਕਰਵਾਏ ਗਏ ਕੌਮੀ ਪੱਧਰ ਦੇ ਸੰਮੇਲਨਾਂ ਅਤੇ ਕਾਨਫਰੰਸਾਂ ਦਾ ਜ਼ਿਕਰ ਕਰਦਿਆਂ ਪਾਰਟੀ ਦੀ ਚੜ੍ਹਤ ਦੇ ਦਿਨਾਂ ਬਾਰੇ ਵਰਕਰਾਂ ਨੂੰ ਜਾਣੂ ਕਰਵਾਉਂਦਿਆਂ ਅਜੋਕੇ ਸਮੇਂ ਵਿੱਚ ਪਾਰਟੀ ਸੰਗਠਨ ਉਪਰ ਜ਼ੋਰ ਦਿੱਤਾ। ਕਾ. ਬਲਕਰਨ ਬਰਾੜ ਨੇ ਮੀਟਿੰਗ ਦਾ ਏਜੰਡਾ ‘ਦੇਸ਼ ਦੇ ਅਜੋਕੇ ਹਾਲਾਤ ਅਤੇ ਸ਼ਹਿਰੀ ਕਮੇਟੀ ਦਾ ਗਠਨ’ ਸਬੰਧੀ ਚਰਚਾ ਕੀਤੀ।
ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਕਾਮਰੇਡ ਜਰਨੈਲ ਭਾਈ ਰੂਪਾ ਨੂੰ ਸਕੱਤਰ ਚੁਣਿਆ ਜਦਕਿ ਕਾਮਰੇਡ ਲਛਮਣ ਮਲੂਕਾ ਅਤੇ ਕਾਮਰੇਡ ਸੁਰਿੰਦਰ ਸਿੰਘ ਨੂੰ ਸਹਾਇਕ ਸਕੱਤਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਪਾਰਟੀ ਵਿੱਚ ਲੰਮਾ ਸਮਾਂ ਕੰਮ ਕਰਨ ਵਾਲੇ ਬਹੁਤ ਸਾਰੇ ਪਾਰਟੀ ਮੈਂਬਰ ਇਸ ਮੀਟਿੰਗ ਵਿੱਚ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਵੀ ਕੀਤਾ।