ਫ਼ਸਲੀ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਤੁਰੰਤ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਉਨ੍ਹਾਂ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ, ਜਿਨ੍ਹਾਂ ਦੀ ਕਣਕ ਦੀ ਖੜ੍ਹੀ ਫਸਲ ਹਾਲ ਹੀ ਵਿੱਚ ਹੋਈ ਗੜੇਮਾਰੀ ਕਾਰਨ ਬਰਬਾਦ ਹੋ ਗਈ ਹੈ। ਉਨ੍ਹਾਂ ਯਾਦ ਕਰਵਾਇਆ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਉਨ੍ਹਾਂ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ, ਜਿਨ੍ਹਾਂ ਦੀ ਕਣਕ ਦੀ ਖੜ੍ਹੀ ਫਸਲ ਹਾਲ ਹੀ ਵਿੱਚ ਹੋਈ ਗੜੇਮਾਰੀ ਕਾਰਨ ਬਰਬਾਦ ਹੋ ਗਈ ਹੈ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਪਾਰਟੀ ਨੇ ਪਿਛਲੇ ਸਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਚਾਰਾ, ਬੀਜ ਅਤੇ ਦਵਾਈਆਂ ਦੇ ਕੇ ਸਹਾਇਤਾ ਕੀਤੀ ਸੀ।
ਮੁਕਤਸਰ ਸ਼ਹਿਰ ਵਿੱਚ ਪਾਰਟੀ ਦੀ 'ਪੰਜਾਬ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਪਿਛਲੇ ਸਾਲ ਹੜ੍ਹਾਂ ਦੌਰਾਨ ਕੀਤੇ ਗਏ ਰਾਹਤ ਕਾਰਜਾਂ ਵਾਂਗ ਅੱਗੇ ਆਉਣ। ਉਨ੍ਹਾਂ ਇਹ ਵੀ ਕਿਹਾ ਕਿ ਅਗਲੀ ਅਕਾਲੀ ਦਲ ਸਰਕਾਰ ਦੀ ਮੁੱਖ ਤਰਜੀਹ ਕਿਸਾਨਾਂ ਦੀ ਭਲਾਈ ਹੋਵੇਗੀ। ਉਨ੍ਹਾਂ ਨੇ ਇੱਕ ਵਿਆਪਕ ਫਸਲੀ ਬੀਮਾ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਤਾਂ ਜੋ ਕੁਦਰਤੀ ਆਫ਼ਤਾਂ ਦੌਰਾਨ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਸੁਖਬੀਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਨੂੰ ਤੁਰੰਤ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ, “ਆਪ ਸਰਕਾਰ ਨੂੰ ਆਪਣਾ ਚੋਣ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਸਰਵੇਖਣ ਬਾਅਦ ਵਿੱਚ ਹੋ ਸਕਦੇ ਹਨ, ਪਰ ਤੁਰੰਤ ਰਾਹਤ ਜ਼ਰੂਰੀ ਹੈ।”
ਅਕਾਲੀ ਦਲ ਦੇ ਮੁਖੀ ਨੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਭਾਗਸਰ, ਗੰਧੜ ਅਤੇ ਲੱਖੇਵਾਲੀ ਸ਼ਾਮਲ ਹਨ। ਇੱਥੇ ਕਣਕ ਦੀ 70 ਫੀਸਦੀ ਤੋਂ ਵੱਧ ਫਸਲ ਕਥਿਤ ਤੌਰ 'ਤੇ ਖਰਾਬ ਹੋ ਗਈ ਹੈ।
ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਬਾਦਲ ਨੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ 'ਆਪ' ਦੇ ਅਧੀਨ ਪੰਜਾਬ ਬਿਜਲੀ ਸਰਪਲੱਸ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਜਾਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੋਈ ਵੀ ਨਵਾਂ ਬਿਜਲੀ ਪਲਾਂਟ ਨਹੀਂ ਲਗਾਇਆ ਗਿਆ ਅਤੇ ਇਸ ਪ੍ਰਾਪਤੀ ਦਾ ਸਿਹਰਾ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਬਿਨਾਂ ਸੁਰੱਖਿਆ ਦੇ ਕਿਸੇ ਵੀ ਪਿੰਡ ਦਾ ਦੌਰਾ ਕਰਨ।
ਅਕਾਲੀ ਦਲ ਦੀ ਰੈਲੀ ਦੌਰਾਨ ਬਿਜਲੀ ਚੋਰੀ ਦੇ ਦੋਸ਼ਾਂ ਦਾ ਰੋਜ਼ੀ ਬਰਕੰਦੀ ਵੱਲੋਂ ਜਵਾਬ
ਇਸ 'ਤੇ ਅਕਾਲੀ ਦਲ ਦੇ ਮੁਕਤਸਰ ਹਲਕਾ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ, “ਕਿਸੇ ਨੇ ਬਿਜਲੀ ਦੇ ਟਰਾਂਸਫਾਰਮਰ ਤੋਂ ਆ ਰਹੀ ਕੇਬਲ ਦਿਖਾਉਂਦੇ ਹੋਏ ਵੀਡੀਓ ਬਣਾ ਕੇ ਸ਼ਰਾਰਤ ਕੀਤੀ ਹੈ। ਮੈਂ ਮੁੱਖ ਮੰਤਰੀ ਨੂੰ ਪੁੱਛਦਾ ਹਾਂ, ਕੀ ਅਜਿਹੇ ਸਾਊਂਡ ਸਿਸਟਮ, ਲਾਈਟਾਂ, ਪੱਖੇ, ਕੂਲਰ ਅਤੇ ਏਸੀ ਵਾਲੀ ਰੈਲੀ ਅਜਿਹੀ ਕੇਬਲ 'ਤੇ ਚਲਾਈ ਜਾ ਸਕਦੀ ਹੈ? ਮੁੱਖ ਮੰਤਰੀ ਨੂੰ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਜ਼ਿਆਦਾਤਰ ਸਮਾਂ ਯੂ-ਟਰਨ ਲੈਣਾ ਪੈਂਦਾ ਹੈ। ਮੈਨੂੰ ਪਤਾ ਲੱਗਾ ਹੈ ਕਿ ਕੋਈ ਕ੍ਰਿਕਟ ਕੋਚ ਜਾਂ ਕੁਝ ਖਿਡਾਰੀ ਸ਼ਾਮ ਨੂੰ ਖੇਡਣ ਲਈ ਮੈਦਾਨ ਵਿੱਚ ਲਗਾਈਆਂ ਲਾਈਟਾਂ ਨੂੰ ਸਪਲਾਈ ਦੇਣ ਲਈ ਇਸ ਕੇਬਲ ਦੀ ਵਰਤੋਂ ਕਰਦੇ ਹਨ। ਜੇ ਮੁੱਖ ਮੰਤਰੀ ਉਨ੍ਹਾਂ ਦਾ ਨੁਕਸਾਨ ਕਰਨਾ ਚਾਹੁੰਦੇ ਹਨ, ਤਾਂ ਉਹ ਕਰ ਸਕਦੇ ਹਨ।”
ਇਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਅਕਾਲੀ ਦਲ ਦੀ ਰੈਲੀ ਵਾਲੀ ਥਾਂ ’ਤੇ ਪੁਲੀਸ ਸਮੇਤ ਇੱਕ ਟੀਮ ਭੇਜੀ ਗਈ ਸੀ, ਪਰ ਉੱਥੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਵੀਡੀਓ ਵਿੱਚ ਇੱਕ ਕੇਬਲ ਦਿਖਾਈ ਗਈ ਸੀ, ਜੋ ਅਜਿਹੀ ਰੈਲੀ ਲਈ ਲੋੜੀਂਦੇ ਪਾਵਰ ਲੋਡ ਨੂੰ ਨਹੀਂ ਸੰਭਾਲ ਸਕਦੀ ਅਤੇ ਇਸ ਵਿੱਚ ਇਹ ਨਹੀਂ ਦਿਖਾਇਆ ਗਿਆ ਕਿ ਇਹ ਅੱਗੇ ਕਿੱਥੇ ਜਾ ਰਹੀ ਸੀ।”

