ਕਰੋੜਾਂ ਰੁਪਏ ਵਹਾ ਕੇ ਵੀ ਛੱਪੜ ਸਾਫ਼ ਨਹੀਂ ਹੋਏ

ਕਰੋੜਾਂ ਰੁਪਏ ਵਹਾ ਕੇ ਵੀ ਛੱਪੜ ਸਾਫ਼ ਨਹੀਂ ਹੋਏ

ਮਨੋਜ ਸ਼ਰਮਾ
ਬਠਿੰਡਾ, 10 ਜੁਲਾਈ

ਬਠਿੰਡਾ ਜ਼ਿਲ੍ਹੇ ਵਿੱਚ ਲੰਮੇ ਸਮੇਂ ਤੋਂ ਛੱਪੜਾਂ ਦੀ ਸਫ਼ਾਈ ਨਹੀਂ ਹੋਈ, ਜਦੋਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੋੜਾਂ ਰੁਪਏ ਖ਼ਰਚ ਕੇ 724 ਵਿੱਚੋਂ 562 ਛੱਪੜਾਂ ਦੀ ਸਫ਼ਾਈ ਕਰਵਾ ਦਿੱਤੀ ਹੈ। ਕਈ ਪਿੰਡਾਂ ਵਿੱਚ ਛੱਪੜਾਂ ਦੀ ਹਾਲਤ ਐਨੀ ਨਿੱਘਰ ਚੁੱਕੀ ਹੈ, ਜੋ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਏ ਹਨ। ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ, ਅਬਲੂ, ਗੰਗਾ, ਮਹਿਮਾ, ਨੇਹੀਆਂ ਵਾਲਾ, ਜੰਡਵਾਲਾ ਅਤੇ ਗੋਨਿਆਣਾ ਕਲਾਂ ਜੀਂਦਾ ਆਦਿ ਪਿੰਡਾਂ ਦੇ ਛੱਪੜਾਂ ਦਾ ਸਫ਼ਾਈ ਪੱਖੋਂ ਬੁਰਾ ਹਾਲ ਹੈ। ਪਿੰਡ ਮਹਿਮਾ ਸਰਕਾਰੀ ਦੇ ਦੀਪਾ ਸਿੰਘ, ਬਿੰਦਰਾ ਸਿੰਘ ਨੇ ਦੱਸਿਆ ਕਿ ਬੀਤੇ 15 ਸਾਲ ਤੋਂ ਛੱਪੜ ਦੀ ਸਫ਼ਾਈ ਨਹੀਂ ਹੋਈ। ਪਿੰਡ ਗੰਗਾ ਅਬਲੂ ਕੇ ਦੇ ਰਣਜੀਤ ਸਿੰਘ ਨੇ ਪਿੰਡ ਦੀ ਕਮੇਟੀ ਦੇ ਯੋਗਦਾਨ ਕਾਰਨ ਛੱਪੜ ਦੀ ਸਫ਼ਾਈ ਹੋਈ। ਤਲਵੰਡੀ ਬਲਾਕ ਵਿਚ 40 ਦੇ ਲਗਪਗ ਅਜਿਹੇ ਛੱਪੜ ਹਨ, ਜੋ ਸਫ਼ਾਈ ਨੂੰ ਤਰਸ ਰਹੇ ਹਨ। ਇਸੇ ਤਰ੍ਹਾਂ ਮੌੜ ਬਲਾਕ, ਗੋਨਿਆਣਾ ਬਲਾਕ ਦੇ ਛੱਪੜਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੀਕੇਯੂ ਪ੍ਰਧਾਨ ਸਿੰਗਰਾ ਸਿੰਘ ਮਾਨ ਨੇ ਕਿਹਾ ਕਿ ਛੱਪੜਾਂ ਦੀ ਸਫ਼ਾਈ ਸਿਰਫ਼ ਦਿਖਾਵਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਨਿਵਾਸ਼ਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਦਾ ਕੰਮ 70 ਫ਼ੀਸਦੀ ਮੁਕੰਮਲ ਕਰ ਦਿੱਤਾ ਹੈ। ਪਿੰਡਾਂ ਦੇ ਛੱਪੜਾਂ ਦੀ ਹਾਲਤ ਬਾਰੇ ਦੱਸਣ ’ਤੇ ਉਨ੍ਹਾਂ ਕਿਹਾ ਕਿ ਉਹ ਜਾਂਚ ਕਰਵਾਉਣਗੇ। ਦੂਜੇ ਪਾਸੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ 724 ਛੱਪੜ ਹਨ, ਜਿਨ੍ਹਾਂ ਵਿੱਚੋਂ 562 ਦੀ ਸਫ਼ਾਈ ਕਰਵਾਈ ਜਾ ਚੁੱਕੀ ਹੈ ਅਤੇ 142 ਛੱਪੜਾਂ ਵਿਚ ਸਫ਼ਾਈ ਦਾ ਕੰਮ ਜਾਰੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All