ਨਾਜਾਇਜ਼ ਕੁੰਡੀ ਕੁਨੈਕਸ਼ਨ

ਐਨਫੋਰਸਮੈਂਟ ਟੀਮ ਦਾ ਘਿਰਾਓ

ਗੋਨਿਆਣਾ ਕਲਾਂ ਵਿਚ ਪਾਵਰਕੌਮ ਅਧਿਕਾਰੀਆਂ ਨੂੰ ਧੁੱਪੇ ਖੜ੍ਹਾ ਕੀਤਾ

ਐਨਫੋਰਸਮੈਂਟ ਟੀਮ ਦਾ ਘਿਰਾਓ

ਐਨਫੋਰਸਮੈਂਟ ਟੀਮ ਦਾ ਘਿਰਾਓ ਕਰਦੇ ਕਿਸਾਨ ਯੂਨੀਅਨ ਦੇ ਕਾਰਕੁਨ। -ਫ਼ੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ 6 ਅਗਸਤ

ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਨਿਅਣਾ ਕਲਾਂ ਵਿਚ ਅੱਜ ਕੁੰਡੀਆਂ ਫੜਨ ਆਈ ਪਾਵਰਕੌਮ ਐਨਫੋਰਸਮੈਂਟ ਵਿੰਗ ਦੀ ਟੀਮ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰਾਂ ਨੇ ਇਕੱਠੇ ਹੋ ਕੇ ਘਿਰਾਓ ਕੀਤਾ। ਮਿਲੀ ਜਾਣਕਾਰੀ ਅੱਜ ਜਦੋਂ ਐਕਸੀਅਨ ਬੀ.ਆਰ ਸਿੰਗਲਾ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਛਾਪਾ ਮਾਰਿਆ ਤਾਂ ਪਿੰਡ ਦੇ ਲੋਕਾਂ ਨੇ ਇਸ ਦੀ ਭਿਣਕ ਪੈਂਦਿਆਂ ਹੀ ਪਿੰਡ ਦੇ ਗੁਰੂ ਘਰੋਂ ਤੋਂ ਹੋਕੇ ਦਿਵਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਜੀਦਾ , ਸੁਖਦਰਸ਼ਨ ਸਿੰਘ ਖੇਮੂਆਣਾ ਦੀ ਅਗਵਾਈ ਹੇਠ ਐਨਫੋਰਸਮੈਂਟ ਟੀਮ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਟੀਮ ਨੇ ਪਿੰਡ ਦੇ ਗੁਰੂ ਘਰ ਵਿਚ ਵੀ ਚੈਕਿੰਗ ਕੀਤੀ ਅਤੇ ਕੁੰਡੀਆਂ ਦੀ ਵੀਡੀਓਗ੍ਰਾਫੀ ਕੀਤੀ। ਬਿਜਲੀ ਬੋਰਡ ਦੇ ਐਨਫੋਰਸਮੈਂਟ ਟੀਮ ਦੀ ਕਾਰਵਾਈ ਸਵੇਰ 9.30 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹੀ। ਇਸ ਮੌਕੇ ਥਾਣਾ ਨੇਹੀਆਂ ਵਾਲਾ ਦੇ ਮੁਖੀ ਬੂਟਾ ਸਿੰਘ ਵੀ ਪੁਲੀਸ ਪਾਰਟੀ ਨਾਲ ਪੁੱਜੇ ਹੋਏ ਸਨ।

ਐਕਸੀਅਨ ਬੀ.ਆਰ ਸਿੰਗਲਾ ਨੇ ਦੱਸਿਆ ਕਿ ਉਹ ਪਿੰਡ ਵਿਚ ਬਿਜਲੀ ਚੋਰੀ ਹੋਣ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਨ ਲਈ ਆਏ ਹਨ। ਅੱਜ ਜਦੋਂ ਇੱਕ ਘਰ ਦੇ ਸਾਹਮਣੇ ਲੱਗੇ ਮੀਟਰ ਬਕਸੇ ਦੀ ਚੈਕਿੰਗ ਦੌਰਾਨ ਬਿਜਲੀ ਦੇ ਬਿੱਲ ਦੀ ਮੰਗ ਕੀਤੀ ਤਾਂ ਘਰ ਦੇ ਮੁੰਡੇ ਵੱਲੋਂ ਬਿੱਲ ਦੇਣ ਤੋਂ ਟਾਲਮਟੋਲ ਕੀਤੀ ਗਈ ਜਿਸ ਦੇ ਘਰ ਦੂਜੇ ਮੀਟਰ ਤੋਂ ਬਿਜਲੀ ਸਪਲਾਈ ਚਾਲੂ ਕੀਤੀ ਹੋਈ ਸੀ। ਇਸੇ ਤਰ੍ਹਾਂ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਚੈਕਿੰਗ ਮੌਕੇ ਦੇਖਿਆ ਕਿ ਪਿੰਡ ਦੇ ਗੁਰੂ ਘਰ ਦੀ ਬਿਜਲੀ ਸਪਲਾਈ ਵੀ ਟਰਾਂਸਫ਼ਾਰਮਰ ਤੋਂ ਕੁੰਡੀ ਲਾ ਕੇ ਚਲਾਈ ਜਾ ਰਹੀ ਸੀ। ਇਸ ਮੌਕੇ ਚੈਕਿੰਗ ਦੌਰਾਨ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਗਾਏ ਕਿ ਬੀਕੇਯੂ ਵਰਕਰਾਂ ਨੇ ਉਨਾਂ ਦੀ ਟੀਮ ਨੂੰ 5 ਘੰਟੇ ਧੁੱਪੇ ਖੜ੍ਹਾ ਕੀਤਾ ਅਤੇ ਡਿਊਟੀ ਸਮੇਂ ਹੋਏ ਘਿਰਾਓ ਦੀ ਸੂਚਨਾ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਐਕਸੀਅਨ ਸਿੰਗਲਾ ਨੇ ਦੱਸਿਆ ਕਿ ਐਨਫੋਰਸਮੈਂਟ ਦੀ ਟੀਮ ਵੱਲੋਂ ਬਿਜਲੀ ਚੋਰੀ ਮਾਮਲੇ ਵਿਚ ਕੀਤੀ ਵੀਡੀਓਗ੍ਰਾਫੀ ਵਾਲੀ ਕਲਿੱਪ ਨੂੰ ਡਿਲੀਟ ਕਰਵਾ ਦਿੱਤਾ ਗਿਆ ਹੈ ਅਤੇ ਬਿਜਲੀ ਚੋਰੀ ਕਰਨ ਵਾਲੇ ਕਿਸਾਨ ਦੀ ਤਿਆਰ ਕੀਤੀ ਫਾਈਲ ਵੀ ਕੈਂਸਲ ਕਰਵਾ ਦਿੱਤੀ ਗਈ। ਅੱਜ ਇਨਫੋਰਸਮੈਂਟ ਦੀ ਟੀਮ ਨੂੰ ਬੇਰੰਗ ਮੁੜਨ ਲਈ ਮਜਬੂਰ ਹੋਣ ਪਿਆ। ਇਸ ਸਬੰਧੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਦੀ ਟੀਮ ਨੇ ਪਿੰਡਾਂ ਵਿਚ ਲੋਕਾਂ ਨੂੰ ਤੰਗ ਕੀਤਾ ਗਿਆ ਤਾਂ ਘਿਰਾਓ ਜਾਰੀ ਰਹੇਗਾ।

ਬਿਜਲੀ ਚੋਰੀ ਦੇ 54 ਮਾਮਲੇ ਫੜੇ; 35 ਲੱਖ ਜੁਰਮਾਨਾ

ਲੰਬੀ (ਇਕਬਾਲ ਸਿੰਘ ਸ਼ਾਂਤ): ਬਿਜਲੀ ਚੋਰੀ ਦੇ ਮਾਮਲਿਆਂ ਨੂੰ ਸਿਫਾਰਿਸ਼ਾਂ ਤੇ ਲਿਹਾਜ਼ਾਂ ਤੋਂ ਮੁਕਤ ਕਰਨ ਲਈ ਪਾਵਰਕੌਮ ਦੇ ਸਰਕਲ ਮੁਕਤਸਰ ਵਿੱਚ ਅੰਤਰ ਜ਼ਿਲ੍ਹਾ ਪੱਧਰੀ ਛਾਪੇ ਮਾਰਨ ਦੀ ਮੁਹਿੰਮ ਚਲਾਈ ਗਈ ਜਿਸ ਤਹਿਤ ਡਿਵੀਜ਼ਨਲ ਟੀਮਾਂ ਨੂੰ ਦੂਸਰੀਆਂ ਡਿਵੀਜ਼ਨਾਂ ’ਚ ਭੇਜ ਕੇ ਬਿਜਲੀ ਚੋਰੀ ਦੇ 54 ਮਾਮਲੇ ਫੜੇ ਗਏ ਤੇ ਬਿਜਲੀ ਚੋਰਾਂ ਨੂੰ ਕਰੀਬ 35 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਦਲ ਵਿੱਚ ਬਿਜਲੀ ਚੋਰੀ ਦੇ ਸੱਤ ਮਾਮਲੇ ਫੜੇ ਗਏ। ਪਾਵਰਕੌਮ ਸ੍ਰੀ ਮੁਕਤਸਰ ਸਾਹਿਬ ਦੇ ਨਿਗਰਾਨ ਇੰਜਨੀਅਰ ਰਤਨ ਕੁਮਾਰ ਮਿੱਤਲ ਨੇ ਦੱਸਿਆ ਕਿ ਅੱਜ ਡਿਵੀਜ਼ਨ ਬਾਦਲ ਦੇ ਕਾਰਜਕਾਰੀ ਇੰਜਨੀਅਰ ਦੀ ਅਗਵਾਈ ਹੇਠ ਮਲੋਟ ਡਿਵੀਜ਼ਨ ਵਿੱਚ ਛਾਪੇ ਮਾਰੇ ਗਏ ਜਦੋਂਕਿ ਮਲੋਟ ਡਿਵੀਜ਼ਨ ਦੇ ਅਮਲੇ ਨੂੰ ਬਾਦਲ ਡਿਵੀਜ਼ਨ ’ਚ ਬਿਜਲੀ ਚੋਰੀ ਫੜਨ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਤਰਮਾਲਾ, ਭਾਈਕਰਾ, ਫਹਿਤਪੁਰ ਮਨੀਆਂ ਅਤੇ ਰਾਣੀਵਾਲਾ, ਕੱਟਿਆਂਵਾਲੀ ਤੋਂ ਇਲਾਵਾ ਪਿੰਡ ਬਾਦਲ ਤੇ ਫ਼ਰੀਦਕੋਟ ਕੋਟਲੀ ’ਚ ਛਾਪੇ ਮਾਰੇ ਗਏ। ਇਸ ਦੌਰਾਨ ਬਾਦਲ ਡਿਵੀਜ਼ਨ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਫ਼ਰੀਦਕੋਟ ਕੋਟਲੀ ਵਿੱਚ ਪਾਵਰਕੌਮ ਦੀ ਟੀਮ ਨੂੰ ਕਿਸਾਨਾਂ-ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਪਰੰਤ ਪੁਲੀਸ ਦੇ ਸਹਿਯੋਗ ਨਾਲ ਬਿਜਲੀ ਚੋਰੀ ਖਿਲਾਫ਼ ਮੁਹਿੰਮ ਨੂੰ ਅੱਗੇ ਵਧਾਉਣਾ ਪਿਆ। ਇੱਥੇ ਵੀ ਬਿਜਲੀ ਚੋਰੀ ਦੇ ਦੋ-ਤਿੰਨ ਮਾਮਲੇ ਫੜੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All