ਧਰਤੀ ਹੇਠਲੇ ਘੱਟ ਰਹੇ ਪਾਣੀ ਕਾਰਨ ਪੰਜਾਬ ਹਿਤੈਸ਼ੀ ਫ਼ਿਕਰਮੰਦ : The Tribune India

ਧਰਤੀ ਹੇਠਲੇ ਘੱਟ ਰਹੇ ਪਾਣੀ ਕਾਰਨ ਪੰਜਾਬ ਹਿਤੈਸ਼ੀ ਫ਼ਿਕਰਮੰਦ

ਧਰਤੀ ਹੇਠਲੇ ਘੱਟ ਰਹੇ ਪਾਣੀ ਕਾਰਨ ਪੰਜਾਬ ਹਿਤੈਸ਼ੀ ਫ਼ਿਕਰਮੰਦ

ਸਮਾਗਮ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ।

ਸ਼ਗਨ ਕਟਾਰੀਆ

ਬਠਿੰਡਾ, 30 ਨਵੰਬਰ

ਪੰਜਾਬ ਦੇ ਪਾਣੀਆਂ, ਫ਼ੈਡਰਲ ਢਾਂਚੇ ਅਤੇ ਵਾਤਾਵਰਣ ਦੇ ਏਜੰਡੇ ’ਤੇ ਕੰਮ ਕਰ ਰਹੀਆਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਸ਼ਾਮਲ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ‘ਸੈਂਟਰਲ ਗਰਾਊਂਡ ਵਾਟਰ ਕਮਿਸ਼ਨ 2017’ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਦੀ ਧਰਤੀ ਹੇਠ ਸਿਰਫ਼ 320 ਅਰਬ ਘਣ ਮੀਟਰ ਪਾਣੀ ਬਚਿਆ ਹੈ, ਜੋ ਸਿਰਫ਼ ਅਗਲੇ 22 ਸਾਲ ਹੀ ਚੱਲ ਸਕੇਗਾ। ਉਨ੍ਹਾਂ ਪੰਜਾਬੀਆਂ ਨੂੰ ਚੌਕਸ ਕੀਤਾ ਕਿ ਪਾਣੀ ਤੋਂ ਬਿਨਾਂ ਪੰਜਾਬ ਅਤੇ ਪੰਜਾਬ ਤੋਂ ਬਿਨਾਂ ਪੰਜਾਬੀ ਸਭਿਆਚਾਰ ਦਾ ਕੋਈ ਵਜੂਦ ਨਹੀਂ ਰਹੇਗਾ। ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਰਾਜਸਥਾਨ ਨੂੰ ਮੁਫ਼ਤ ਵਿੱਚ ਪੰਜਾਬ ਦਾ ਪਾਣੀ ਨਾ ਦਿੱਤਾ ਜਾਂਦਾ ਤਾਂ ਪੰਜਾਬ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਪੰਜਾਬ ਤੋਂ ਬਿਨਾਂ ਹੋਰ ਕੋਈ ਵੀ ਸੂਬਾ ਪਾਣੀਆਂ ਦਾ ਮਾਲਕ ਨਹੀਂ ਬਣਦਾ। ਪੱਤਰਕਾਰ ਹਮੀਰ ਸਿੰਘ ਨੇ ਪੰਜਾਬੀਆਂ ਨੂੰ ਪਾਣੀ ਬਚਾਉਣ ਲਈ ਸੰਜੀਦਾ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਪ੍ਰਧਾਨ ਬੋਘ ਸਿੰਘ ਮਾਨਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਤੋਂ ਦੱਸਿਆ ਗਿਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਝਗੜੇ, ਰਾਜਾਂ ਦੇ ਸੰਘੀ ਢਾਂਚੇ ਨੂੰ ਬਚਾਉਣ, ਪੰਜਾਬ ਦੇ ਵਾਤਾਵਰਣ ਅਤੇ ਪ੍ਰਦੂਸ਼ਣ ਦੇ ਮੁੱਦਿਆਂ ’ਤੇ 30 ਦਸੰਬਰ ਤੋਂ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਜਥੇਬੰਦੀਆਂ ਦੇ ਵਰਕਰਾਂ ਤੋਂ ਇਲਾਵਾ ਸਮੂਹ ਪੰਜਾਬ ਹਿਤੈਸ਼ੀ ਵਿਅਕਤੀਆਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All