ਗਣਤੰਤਰ ਦਿਵਸ ’ਤੇ ਠੇਕਾ ਮੁਲਾਜ਼ਮਾਂ ਵੱਲੋਂ ਕਾਲੇ ਚੋਗੇ ਪਾ ਕੇ ਵਿਖਾਵਾ

ਗਣਤੰਤਰ ਦਿਵਸ ’ਤੇ ਠੇਕਾ ਮੁਲਾਜ਼ਮਾਂ ਵੱਲੋਂ ਕਾਲੇ ਚੋਗੇ ਪਾ ਕੇ ਵਿਖਾਵਾ

ਲਹਿਰਾ ਮੁਹੱਬਤ ਵਿੱਚ ਕਾਲੇ ਚੋਲੇ ਪਾ ਕੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਠੇਕਾ ਮੁਲਾਜ਼ਮ।

ਸ਼ਗਨ ਕਟਾਰੀਆ 

ਬਠਿੰਡਾ, 27 ਜਨਵਰੀ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ’ਤੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਵੱਲੋਂ ਮੰਗਾਂ ਸਬੰਧੀ ਗਣਤੰਤਰ ਦਿਵਸ ਮੌਕੇ ਰੋਸ ਮੁਜ਼ਾਹਰਾ ਕੀਤਾ ਗਿਆ। ­

ਮੋਰਚੇ ਦੇ ਆਗੂਆਂ ਗੁਰਵਿੰਦਰ ਪਨੂੰ, ਵਰਿੰਦਰ ਸਿੰਘ, ਸੇਵਕ ਦੰਦੀਵਾਲ, ਖੁਸ਼ਦੀਪ ਸਿੰਘ, ਕਰਮਜੀਤ ਦਿਓਣ, ਇਕਬਾਲ ਤੇ ਰਾਮ ਬਰਨ ਦੀ ਅਗਵਾਈ ’ਚ ਬਠਿੰਡਾ ਥਰਮਲ ਅੱਗੇ ਰੈਲੀ ਕਰਕੇ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਨਵੇਂ ਖੇਤੀ ਤੇ ਲੇਬਰ ਕਾਨੂੰਨਾਂ ਸਣੇ ਸਮੂਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਸਮੂਹ ਵਿਭਾਗਾਂ ਦੇ ਨਿੱਜੀਕਰਨ ਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ। ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਬਰੀ ਛਾਂਟੀ ਬੰਦ ਹੋਵੇ। ਨਵੀਂ ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ। ਸਰਵਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ। ਪ੍ਰਚੂਨ ਖੇਤਰ ਦਾ ਉਜਾੜਾ ਬੰਦ ਕੀਤਾ ਜਾਵੇ। ਜੇਲ੍ਹੀਂ ਡੱਕੇ ਬੁੱਧੀਜੀਵੀ ਰਿਹਾਅ ਕੀਤੇ ਜਾਣ, ਆਗੂਆਂ ਨੇ ਕਿਰਤੀ ਵਰਗ ਨੂੰ ਸਰਕਾਰਾਂ ਦੇ ਹੱਲਿਆਂ ਖ਼ਿਲਾਫ਼ ਜਥੇਬੰਦ ਹੋ ਕੇ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇ ਰਹੀ ਹੈ ਤੇ ਇਸ ਦਾ ਜੁਆਬ ਪੰਜਾਬ ਸਰਕਾਰ ਨੂੰ ਸੰਘਰਸ਼ ਰਾਹੀਂ ਦਿੱਤਾ ਜਾਵੇਗਾ।

ਭੁੱਚੋ ਮੰਡੀ (ਪਵਨ ਗੋਇਲ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਕਾਲੇ ਚੋਲੇ ਪਾ ਕੇ ਗਣਤੰਤਰ ਦਿਵਸ ਰੋਸ ਦਿਵਸ ਵਜੋਂ ਮਨਾਇਆ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੇ ਲੇਬਰ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਥਰਮਲ ਦੇ ਮੁੱਖ ਗੇਟ ਅੱਗੇ ਕੌਮੀ ਮਾਰਗ ਦੀ ਸਰਵਿਸ ਰੋਡ ’ਤੇ  ਪਰਿਵਾਰਾਂ ਸਮੇਤ ਰੋਸ ਰੈਲੀ ਕੀਤੀ। ਇਸ ਮੌਕੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਗਣਤੰਤਰ ਦਿਵਸ ਮਨਾ ਰਹੀਆਂ ਹਨ ਤੇ ਦੂਜੇ ਪਾਸੇ ਗੈਰ-ਸੰਵਿਧਾਨਕ ਢੰਗਂ ਨਾਲ ਲੋਕ ਮਾਰੂ ਕਾਲੇ ਕਨੂੰਨ ਲਾਗੂ ਕਰਕੇ ਪੂੰਜੀਪਤੀਆਂ ਦੇ ਹੱਕ ਵਿੱਚ ਫੈਸਲੇ ਲੈ ਰਹੀਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All