ਮਨੋਜ ਸ਼ਰਮਾ
ਬਠਿੰਡਾ, 20 ਜਨਵਰੀ
ਪੰਜਾਬ ਵਿੱਚ ਨਗਰ ਨਿਗਮ ਚੋਣਾ ਦਾ ਐਲਾਨ ਹੋ ਗਿਆ ਹੈ ਪਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਹਾਲੇ ਉਹ ਰੰਗ ਨਹੀਂ। ਝੰਡਿਆਂ ਵਾਲੀ ਰਾਜਨੀਤੀ ਤੋਂ ਸੂਬੇ ਦੀਆਂ ਪਾਰਟੀਆਂ ਘਬਰਾਉਣ ਲੱਗੀਆਂ ਹਨ। ਕਿਸਾਨੀ ਝੰਡੇ ਦੇ ਰੰਗ ਅੱਗੇ ਰਾਜਨੀਤਕ ਪਾਰਟੀ ਦੇ ਝੰਡੇ ਉੱਡ ਗਏ ਹਨ। ਨਗਰ ਨਿਗਮ ਚੋਣ ਅੰਦਰ ਪੋਲਟੀਕਲ ਪਾਰਟੀਆਂ ਪਾਰਟੀ ਝੰਡਿਆਂ ਤੋਂ ਦੂਰੀ ਬਣਾ ਕੇ ਚੱਲ ਰਹੀਆਂ ਹਨ। ਬਠਿੰਡਾ ’ਚ ਕਾਂਗਰਸ ਤੋਂ ਇਲਾਵਾ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੋਂ ਵੱਖ ਹੋਈ ਭਾਜਪਾ ਨੇ ਚੋਣ ਲੜਨ ਬਾਰੇ ਤਾਲ ਠੋਕੀ ਹੈ। ਅੱਜ ਭਾਜਪਾ ਕਿਸਾਨ ਅੰਦੋਲਨ ਕਾਰਨ ਹਾਸ਼ੀਏ ’ਤੇ ਚੱਲ ਰਹੀ ਹੈ। ਬਠਿੰਡਾ ’ਚ ਰਾਜਨੀਤਕ ਪਾਰਟੀ ਦੇ ਪੋਸਟਰ ਤਾਂ ਦਿੱਸਣ ਲੱਗੇ ਹਨ ਪਰ ਝੰਡੇ ਗ਼ਾਇਬ ਹਨ। ਬਠਿੰਡਾ ’ਚ ਜੇ ਝੰਡੇ ਝੂਲਦੇ ਹਨ ਤਾਂ ਕਿਸਾਨੀ ਦੇ। ਜ਼ਿਕਰਯੋਗ ਹੈ ਕਿ ਮਾਲਵੇ ਦਾ ਇਹ ਗੜ ਕਿਸਾਨ ਜਥੇਬੰਦੀਆਂ ਦਾ ਗੜ੍ਹ ਹੈ ਤਾਂ ਕਿਸਾਨੀ ਦੇ ਦਿੱਲੀ ’ਚ 26 ਜਨਵਰੀ ਨੂੰ ਟਰੈਕਟਰ ਮਾਰਚ ਨੂੰ ਲੈ ਕੇ ਬਠਿੰਡਾ ਪੱਟੀ ਦੇ ਹਰ ਟਰੈਕਟਰ ’ਤੇ ਕਿਸਾਨੀ ਝੰਡਾਂ ਝੂਲਦੇ ਹਨ ਤੇ ਰੋਡ ’ਤੇ ਚੱਲਣ ਵਾਲੀ ਹਰ ਦੂਜੀ ਤੀਜੀ ਗੱਡੀ ’ਤੇ ਕਿਸਾਨੀ ਝੰਡੇ ਲਹਿਰਾ ਰਹੇ ਹਨ। ਦੇਸ਼ ’ਚ ਕਿਸਾਨੀ ਅੰਦੋਲਨ ਨੂੰ ਲੈ ਕੇ ਜੇ ਕਿਸੇ ਝੰਡੇ ਦੀ ਸਰਦਾਰੀ ਹੈ ਤਾਂ ਕਿਸਾਨੀ ਝੰਡੇ ਦੀ ਹੈ। ਇਹ ਝੰਡਿਆਂ ਨੂੰ ਦੇਸ਼ ਵਿਦੇਸ਼ ਤੋਂ ਮਿਲ ਰਹੇ ਸਮਰਥਨ ਨੂੰ ਦੇਖਦਿਆਂ ਰਾਜਨੀਤਕ ਪਾਰਟੀਆਂ ਵੀ ਭਲੀਭਾਂਤ ਜਾਣੂ ਹਨ ਕਿ ਪਾਰਟੀ ਦੇ ਝੰਡਿਆਂ ਦਾ ਅੱਜ ਦੀ ਤਰੀਕ ’ਚ ਕੋਈ ਮਾਅਨਾ ਨਹੀਂ। ਝੰਡਿਆਂ ਦੀ ਥਾਂ ਨੁੱਕੜ ਮੀਟਿੰਗ ਦਾ ਦੌਰ ਸ਼ੁਰੂ ਹੋ ਗਿਆ ਹੈ। ਬਠਿੰਡਾ ਮਾਲਵਾ ਖੇਤਰ ਤੇ ਪੰਜਾਬ ਦਾ ਰਾਜਨੀਤਕ ਪੱਖ ਤੋਂ ਵੱਡਾ ਗੜ੍ਹ ਮੰਨਿਆ ਜਾਂਦਾ ਹੈ। ਬਠਿੰਡਾ ਦੀ ਰਾਜਨੀਤੀ ਨੂੰ ਪੰਜਾਬ ’ਚ ਅਹਿਮ ਥਾਂ ਦਿੱਤੀ ਜਾਂਦੀ ਹੈ। ਇਸ ਨੂੰ ਬਾਦਲਾਂ ਦਾ ਗੜ੍ਹ ਮੰਨਿਆਂ ਜਾਂਦਾ ਹੈ। ਜਿੱਥੇ ਬਠਿੰਡਾ ਲੋਕ ਸਭਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਦੀ ਨੁਮਾਇੰਦਗੀ ਕਰਦੇ ਹਨ ਤੇ ਵਿਧਾਨ ਸਭਾ ਹਲਕਾ ਤੋਂ ਮਨਪ੍ਰੀਤ ਸਿੰਘ ਬਾਦਲ ਇਸ ਦੀ ਨੁਮਾਇੰਦਗੀ ਕਰ ਰਹੇ ਹਨ। ਨਗਰ ਨਿਗਮ ਦੀ ਚੋਣਾਂ 14 ਫਰਵਰੀ ਨੂੰ ਹੋ ਰਹੀਆਂ ਹਨ। ਬਠਿੰਡਾ ’ਚ 50 ਵਾਰਡ ਤੇ ਚੋਣ ਹੋਣੀ ਹੈ ਜਿਸ ਨੂੰ ਜਿੱਤਣ ਲਈ ਮਨਪ੍ਰੀਤ ਸਿੰਘ ਬਾਦਲ ਨੇ 2022 ’ਚ ਆਪਣਾ ਭਵਿੱਖ ਤਰਾਸ਼ਣ ਲਈ ਚੋਣ ਅਖਾੜਾ ਭਖਾ ਦਿੱਤਾ ਹੈ ਤੇ ਅਕਾਲੀ ਦਲ ਨੂੰ ਝਟਕੇ ਦੇਣ ਦਾ ਸਿਲਸਿਲਾ ਜਾਰੀ ਹੈ। ਪਰ ਅਕਾਲੀ ਵੱਲੋਂ ਵਾਰਡਬੰਦੀ ’ਚ ਹੋਈ ਫੇਰਬਦਲ ਨੂੰ ਦੇਖਦਿਆਂ ਇੰਨਾਂ ਚੋਣਾਂ ਲਈ ਹਾਈ ਕੋਰਟ ’ਚ ਰਿੱਟ ਪਾਈ ਹੈ ਜਿਸ ਬਾਰੇ ਹਾਲੇ ਫ਼ੈਸਲਾ ਹੋਣਾ ਹੈ। ਸੂਬੇ ’ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਕਾਂਗਰਸ ਨੇ ਚੋਣ ਪ੍ਰਚਾਰ ਦੀ ਪਹਿਲ ਕੀਤੀ ਹੋਈ ਜਦੋਂਕਿ ਅਕਾਲੀ, ਆਮ ਆਦਮੀ ਪਾਰਟੀ, ਤੇਲ ਦੇਖੋ ਤੇਲ ਦੀ ਧਾਰ ਤੇ ਚੱਲ ਰਹੀਆਂ ਹਨ।