ਮਨੋਜ ਸ਼ਰਮਾ
ਬਠਿੰਡਾ, 8 ਅਗਸਤ
ਇਥੋਂ ਦੇ ਮੈਰੀਟੋਰੀਅਸ ਸਕੂਲ ਵਿੱਚ ਇਕਾਂਤਵਾਸ ਕੀਤੇ ਗਏ ਕੁਝ ਵਿਅਕਤੀ ਬੀਤੀ ਸ਼ਾਮ ਕੋਵਿਡ ਸੈਂਟਰ ਦੀ ਛੱਤ ’ਤੇ ਚੜ੍ਹ ਗਏ। ਇਸ ਸਬੰਧੀ ਅੱਜ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ’ਤੇ ਸਮੇਂ ਸਿਰ ਖਾਣਾ ਨਾ ਭੇਜਣ ਦੇ ਦੋਸ਼ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦੌਰਾਨ ਇੱਕ ਵਿਅਕਤੀ ਨੇ ਕੋਵਿਡ ਸੈਂਟਰ ਦੀ ਛੱਤ ਤੋਂ ਛਾਲ ਮਾਰਨ ਦੀ ਚਿਤਾਵਨੀ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਕੋਵਿਡ ਸੈਂਟਰ ਵਿੱਚ ਕਰੀਬ 450 ਪਰਵਾਸੀ ਮਜ਼ਦੂਰ ਇਕਾਂਤਵਾਸ ਹਨ। ਮੌਕੇ ’ਤੇ ਪੁੱਜੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਮਾਮਲੇ ਨੂੰ ਸ਼ਾਂਤ ਕੀਤਾ। ਮੈਰੀਟੋਰੀਅਸ ਸਕੂਲ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਸੂਤਰ ਨੇ ਦੱਸਿਆ ਕਿ ਮਰੀਜ਼ਾਂ ਦਾ ਗੁੱਸਾ ਜਾਇਜ਼ ਹੈ ਕਿਉਂਕਿ ਉਨ੍ਹਾਂ ਨੂੰ ਸਵੇਰ ਦੇ ਖਾਣੇ ਤੋਂ ਬਾਅਦ ਦੁਪਹਿਰ ਦਾ ਖਾਣਾ ਸ਼ਾਮ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਰਾਤ ਦਾ ਖਾਣਾ 11 ਵਜੇ ਨਸੀਬ ਹੁੰਦਾ ਹੈ।
ਇਸ ਸਬੰਧੀ ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਖਾਣਾ ਦੇਰੀ ਨਾਲ ਪੁੱਜਦਾ ਹੈ। ਇਸ ਬਾਰੇ ਜ਼ਿਆਦਾ ਜ਼ਿਲ੍ਹਾ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਕਿਉਂਕਿ ਖਾਣਾ ਭੇਜਣ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ।
ਮੌਕੇ ’ਤੇ ਨਵੇਂ ਮਰੀਜ਼ ਆਉਣ ਕਾਰਨ ਖਾਣਾ ਭੇਜਣ ’ਚ ਹੋਈ ਦੇਰੀ: ਐੱਸਡੀਐੱਮ
ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਮਰੀਜ਼ਾਂ ਦਾ ਖਾਣਾ ਹਰ ਰੋਜ਼ ਵੇਲੇ ’ਤੇ ਭੇਜਿਆ ਜਾਂਦਾ ਹੈ। ਕੱਲ੍ਹ ਖਾਣਾ ਭੇਜਣ ਵੇਲੇ 60 ਦੇ ਕਰੀਬ ਹੋਰ ਮਰੀਜ਼ ਕੋਵਿਡ ਸੈਂਟਰ ਵਿਚ ਦਾਖਲ ਹੋ ਗਏ, ਜਿਸ ਕਾਰਨ ਖਾਣਾ ਬਣਾਉਣ ਵਿਚ ਸਮਾਂ ਲੱਗ ਗਿਆ। ਇਸ ਮੌਕੇ ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਵੀ ਕੀਤੀ, ਜੋ ਲਗਾਤਾਰ ਮਰੀਜ਼ਾਂ ਲਈ ਖਾਣੇ ਦਾ ਪ੍ਰੰਬਧ ਸਵੇਰ ਕਰ ਰਹੇ ਹਨ।