
ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹੋਏ ਠੇਕਾ ਮੁਲਾਜ਼ਮ।
ਸ਼ਗਨ ਕਟਾਰੀਆ
ਬਠਿੰਡਾ, 22 ਨਵੰਬਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਸਬੰਧਿਤ ਬਠਿੰਡਾ ਜ਼ੋਨ ਦੇ ਕਾਮਿਆਂ ਨੇ ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਦਿਖਾਵਾਕਾਰੀ ਰੋਜ਼ ਗਾਰਡਨ ਨੇੜਿਓਂ ਚੱਲ ਕੇ ਰੋਸ ਮਾਰਚ ਕਰਦੇ ਹੋਏ ਦਫ਼ਤਰ ਅੱਗੇ ਪਹੁੰਚੇ।
ਇਸ ਧਰਨੇ ਦੌਰਾਨ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪਨੂੰ, ਜਗਸੀਰ ਸਿੰਘ ਭੰਗੂ ਅਤੇ ਖੁਸ਼ਦੀਪ ਸਿੰਘ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਰੁਜ਼ਗਾਰ ਦੇਣ ਦੇ ਵਾਅਦਿਆਂ ਨਾਲ ਸੱਤਾ ਵਿਚ ਆਈ ਕਾਂਗਰਸ ਹਕੂਮਤ ਵੱਲੋਂ ਕੁਝ ਠੇਕਾ ਮੁਲਾਜ਼ਮਾਂ ਦੀ ਛਾਂਟੀ ਕਰ ਕੇ ਅਤੇ ਬਾਕੀਆਂ ਨੂੰ ਨਿਗੂਣੀ ਤਨਖ਼ਾਹ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵੈੱਲਫੇਅਰ ਐਕਟ 2016 ਅਧੀਨ ਲਿਆ ਕੇ ਰੈਗੂਲਰ ਕੀਤਾ ਜਾਵੇ। ਐਕਟ ਤੋਂ ਬਾਹਰ ਰੱਖੇ ਵਰਗ ਐਕਟ ਵਿੱਚ ਸ਼ਾਮਿਲ ਕੀਤੇ ਜਾਣ। ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਰੱਦ ਕਰ ਕੇ ਛਾਂਟੀ ਕੀਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰ ਕੇ ਲੇਬਰ ਵੇਜ਼ ਕੋਡ 1948 ਲਾਗੂ ਕੀਤਾ ਜਾਵੇ। ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕਰ ਕੇ ਸਰਕਾਰੀਕਰਨ ਕੀਤਾ ਜਾਵੇ। ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਰੱਦ ਕਰ ਕੇ ਕਮੇਟੀ ਭੰਗ ਕੀਤੀ ਜਾਵੇ।
ਆਗੂਆਂ ਨੇ ਭਵਿੱਖੀ ਪ੍ਰੋਗਰਾਮ ਬਾਰੇ ਦੱਸਿਆ ਕਿ ਠੇਕਾ ਮੁਲਾਜ਼ਮ ਆਉਂਦੇ ਦਿਨਾਂ ’ਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਝੰਡਾ ਮਾਰਚ ਕਰਨਗੇ। ਪੰਜਾਬ ਵਜ਼ਾਰਤ ਦੇ ਮੰਤਰੀਆਂ ਤੇ ਮੁੱਖ ਮੰਤਰੀ ਨੂੰ ਜਨਤਕ ਫੇਰੀਆਂ ਮੌਕੇ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਮੌਕੇ ਡੀ.ਸੀ. ਦਫ਼ਤਰ ਬਠਿੰਡਾ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਦਰਸ਼ਨ ਵਿਚ ਟੀਐੱਸਯੂ ਤੋਂ ਰੰਗ ਸਿੰਘ ਤੇ ਰੇਸ਼ਮ ਸਿੰਘ, ਸੀਐੱਚਬੀ ਤੋਂ ਹਰਜਿੰਦਰ ਬਰਾੜ, ਕ੍ਰਿਸ਼ਨ ਕੁਮਾਰ, ਰਾਮ ਲਾਲ, ਬਲਜਿੰਦਰ ਕੋਟਸ਼ਮੀਰ, ਜਗਜੀਤ ਬਰਾੜ, ਲਵਪ੍ਰੀਤ ਬੇਗਾ, ਬਲਵਿੰਦਰ ਕੋਟੜਾ, ਭਗਤ ਸਿੰਘ ਭੱਟੀ, ਯਾਦਵਿੰਦਰ ਮਹਿਰਾਜ ਆਦਿ ਆਗੂ ਸ਼ਾਮਿਲ ਹੋਏ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ