ਮੀਂਹ ਦੇ ਰੰਗ: ਕਿਤੇ ਨਿਆਮਤ, ਕਿਤੇ ਕਿਆਮਤ

ਮੀਂਹ ਦੇ ਰੰਗ: ਕਿਤੇ ਨਿਆਮਤ, ਕਿਤੇ ਕਿਆਮਤ

ਮੀਂਹ ਦੇ ਪਾਣੀ ਨਾਲ ਭਰਿਆ ਬਠਿੰਡਾ ਸ਼ਹਿਰ ਦਾ ਟੀਚਰਜ਼ ਹੋਮ ਰੋਡ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 12 ਜੁਲਾਈ

ਮਾਲਵਾ ਪੱਟੀ ’ਚ ਦੂਰ-ਦਰਾਜ ਤੱਕ ਹੋਈ ਬਰਸਾਤ ਨੇ ਕੁਦਰਤ ਦੀ ਕੈਨਵਸ ’ਤੇ ਰੰਗ ਭਰ ਦਿੱਤੇ। ਹੁੰਮਸੀ ਗਰਮੀ ਨਾਲ ਕੁਮਲਾਏ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਸ਼ਹਿਰ ’ਚੋਂ ਪਾਣੀ ਦਾ ਨਿਕਾਸ ਵਿਘਨਮਈ ਹੋਣ ਕਾਰਨ ਨੀਵੇਂ ਖੇਤਰਾਂ ਦੇ ਬਾਸ਼ਿੰਦਿਆਂ ਨੂੰ ਦੁਸ਼ਵਾਰੀਆਂ ਝੱਲਣੀਆਂ ਪਈਆਂ। ਰਾਤ ਨੂੰ ਆਏ ਮੀਂਹ ਦੇ ਨਾਲ ਵਗੀਆਂ ਤੇਜ਼ ਹਵਾਵਾਂ ਨਾਲ ਕਈ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਹੋ ਗਈ। ਝੜੀ ਦਾ ਮੌਸਮ ਹੋਣ ਕਾਰਨ ਸਪਲਾਈ ਚਾਲੂ ਕਰਨ ਲਈ ਬਿਜਲੀ ਮੁਲਾਜ਼ਮ ਨੂੰ ਕਾਫ਼ੀ ਤਰਦੱਦ ਕਰਨੇ ਪਏ। ਅੰਨਦਾਤਾ ਇਸ ਤਸੱਲੀਬਖ਼ਸ਼ ਵਰਖਾ ਤੋਂ ਬਾਗੋ-ਬਾਗ ਹੈ। ਸਬਜ਼ੀਆਂ, ਹਰੇ ਚਾਰੇ, ਨਰਮੇ ਅਤੇ ਝੋਨੇ ਲਈ ਇਹ ਬਾਰਿਸ਼ ਅੰਮ੍ਰਿਤ ਹੈ। ਕੁਦਰਤੀ ਜਲ ਦੀ ਖੇਤਾਂ ’ਚ ਆਮਦ ਤੋਂ ਬਾਅਦ ਕਾਸ਼ਤਕਾਰ ਹੁਣ ਫ਼ਸਲਾਂ ਨੂੰ ਖਾਦ ਦੇਣ ਦੀ ਤਿਆਰੀ ਵਿੱਚ ਹਨ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਫ਼ਸਲਾਂ ਲਈ ਵਰਦਾਨ ਹੈ। ਫ਼ਸਲਾਂ ਹੁਣ ਦਿਨਾਂ ’ਚ ਹੀ ਫਲਣਗੀਆਂ ਅਤੇ ਝਾੜ ਵੀ ਭਰਪੂਰ ਰਹੇਗਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨ ਆਪਣੇ ਪੂਰੇ ਜਲੌਅ ’ਚ ਰਹੇਗੀ ਅਤੇ ਭਰਵੇਂ ਮੀਂਹ ਪੈਣਗੇ। ਉਂਜ ਮੌੜ ਮੰਡੀ ਇਲਾਕੇ ’ਚ 8 ਜੂਨ ਨੂੰ ਹੋਈ 83 ਐਮਐਮ ਵਰਖਾ ਤੋਂ ਬਾਅਦ ਅੱਜ ਦੇ ਮੀਂਹ ਨੇ ਨਰਮੇ ਦੀ ਫ਼ਸਲ ਤੇ ਸਬਜ਼ੀਆਂ ਸਮੇਤ ਇਨ੍ਹਾਂ ਦੇ ਕਾਸ਼ਤਕਾਰਾਂ ਨੂੰ ਵੀ ਫ਼ਿਕਰਾਂ ’ਚ ਡੁਬੋ ਦਿੱਤਾ ਹੈ। ਇਨ੍ਹਾਂ ਫ਼ਸਲਾਂ ਨੂੰ ਅਜੇ ਬਾਰਿਸ਼ ਦੀ ਜ਼ਰੂਰਤ ਨਹੀਂ ਸੀ ਪਰ ਅੱਜ ਦੀ ਵਰਖਾ ਨਿਆਮਤ ਦੀ ਬਜਾਏ ਕਿਆਮਤ ਬਣ ਕੇ ਬਹੁੜੀ।

ਮਾਨਸਾ (ਜੋਗਿੰਦਰ ਸਿੰਘ ਮਾਨ): ਤੜਕਸਾਰ ਵਰ੍ਹੇ  ਮੀਂਹ ਨੇ ਖੇਤਾਂ ਨੂੰ ਅੰਬਰੀ ਪਾਣੀ ਨਾਲ ਭਰ ਦਿੱਤਾ। ਮੀਂਹ ਮਗਰੋਂ ਖੇਤੀ ਮੋਟਰਾਂ ਬੰਦ ਹੋਣ ਨਾਲ ਬਿਜਲੀ ਵਾਧੂ ਹੋ ਗਈ ਹੈ, ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਖੇਤੀ ਖੇਤਰ ਲਈ ਸਰਕਾਰੀ ਦਾਅਵੇ ਦੇ ਉਲਟ 8 ਘੰਟੇ ਦੀ ਬਜਾਏ 6 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਇਸ ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਅੱਜ ਤੋਂ ਹੀ ਵਾਧੇ ਵਾਲੇ ਪਾਸੇ ਤੋਰ ਦੇਣਾ ਹੈ। ਉਨ੍ਹਾਂ ਮੀਂਹ ਨੂੰ ਫਸਲਾਂ ਲਈ ਸਰਵੋਤਮ ਟੌਨਿਕ ਕਰਾਰ ਦਿੱਤਾ ਹੈ। ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿੱਚ ਮੀਂਹਾਂ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ।

ਭੁੱਚੋ ਮੰਡੀ (ਪਵਨ ਗੋਇਲ): ਅੱਧੀ ਰਾਤ ਤੋਂ ਰੁਕ ਰੁਕ ਕੇ ਪਏ ਭਾਰੀ ਮੀਂਹ ਨੇ ਇਲਾਕੇ ਨੂੰ ਜਲ ਮਗਨ ਕਰ ਦਿੱਤਾ। ਇਸ ਮੀਂਹ ਕਾਰਨ ਪਿੰਡਾਂ ਵਿਚਲੇ ਜ਼ਿਆਦਾਤਰ ਛੱਪੜ ਪਾਣੀ ਨਾਲ ਭਰ ਗਏ ਹਨ। ਮੀਂਹ ਜ਼ਿਆਦਾ ਹੋਣ ਕਾਰਨ ਨੀਵੀਆਂ ਜ਼ਮੀਨਾਂ ਵਿੱਚ ਬੀਜੀ ਨਰਮੇ ਅਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਪਿੰਡ ਤੁੰਗਵਾਲੀ ਦੇ ਕਿਸਾਨ ਰਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਕੁੱਝ ਕਿਸਾਨ ਬਰਮੇ ਲਗਾ ਕੇ ਖੇਤਾਂ ਵਿੱਚੋਂ ਪਾਣੀ ਕੱਢ ਰਹੇ ਹਨ। ਜੇਕਰ ਹੋਰ ਮੀਂਹ ਪੈ ਗਿਆ ਤਾਂ ਨਰਮੇ ਦੀ ਫਸਲ ਦਾ ਨੁਕਸਾਨ ਹੋ ਜਾਵੇਗਾ। ਹਨੇਰੀ ਅਤੇ ਮੀਂਹ ਕਾਰਨ ਸਥਾਨਕ ਪਾਰਕ ਵਿੱਚ ਦਰੱਖਤ ਦਾ ਟਾਹਣਾ ਟੁੱਟ ਗਿਆ। ਇਸ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਪਿੰਡ ਲਹਿਰਾ ਖਾਨਾ ਦੇ ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿਚਲਾ ਛੋਟਾ ਜਿਹਾ ਛੱਪੜ ਭਰਨ ਕਾਰਨ ਪਾਣੀ ਕਈ ਘਰਾਂ ਵਿੱਚ ਵੜ ਗਿਆ।

ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਜਿੱਥੇ ਬੀਤੀ ਰਾਤ ਪਏ ਮੀਂਹ ਨਾਲ ਰਾਹਤ ਮਿਲੀ ਹੈ ਉੱਥੇ ਨਗਰ ਕੌਂਸਲ ਰਾਮਪੁਰਾ ਦੇ ਵਿਕਾਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਬੈਂਕ ਬਜ਼ਾਰ,  ਲਹਿਰਾ ਬਜ਼ਾਰ, ਮੇਨ ਚੌਕ ਗਿੱਲ ਬਜ਼ਾਰ ਅਤੇ ਕੁਝ ਹੋਰ ਨੀਵੇਂ ਥਾਵਾਂ ’ਚ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਫੈਕਟਰੀ ਰੋਡ ਦੀ ਦੁਰਦਸ਼ਾ ਇਸ ਕਦਰ ਵਿਗੜ ਚੁੱਕੀ ਹੈ ਕਿ ਥਾਂ ਥਾਂ ਤੋਂ ਟੁੱਟੀ ਹੋਣ ਕਰਕੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਸ਼ਹਿਰ ਵਿਚਕਾਰ ਵਾਇਆ ਫੂਲ ਕਚਹਿਰੀ ਹੁੰਦੀ ਹੋਈ ਸਲਾਬਤਪੁਰਾ ਰੋਡ ਨੂੰ ਮਿਲਾਉਂਦੀ ਸੜਕ ਜੋ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ ਪਿੰਡ ਕਾਂਗੜ ਨੂੰ ਜਾਂਦੀ ਹੈ, ਦੀ ਬਣੀ ਤਰਸਯੋਗ ਹਾਲਤ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰਦੀ ਹੈ, ਬਾਕੀ ਰਹਿੰਦੀ ਕਸਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੂਰੀ ਕਰ ਦਿੱਤੀ।

ਸ਼ਹਿਣਾ (ਪ੍ਰਮੋਦ ਸਿੰਗਲਾ): ਕਸਬੇ ਸ਼ਹਿਣਾ ’ਚ ਲੰਘੀ ਰਾਤ ਅਤੇ ਅੱਜ ਸਵੇਰੇ ਭਰਵੀਂ ਬਾਰਸ਼ ਹੋਈ। ਬਾਰਸ਼ ਕਾਰਨ ਬੱਸ ਸਟੈਂਡ ਸ਼ਹਿਣਾ ਸਥਿਤ ਉਪ ਸਿਹਤ ਕੇਂਦਰ ’ਚ ਪੂਰੀ ਤਰ੍ਹਾਂ ਪਾਣੀ ਭਰ ਗਿਆ। ਕੈਪਟਨ ਕਰਮ ਸਿੰਘ ਸਟੇਡੀਅਮ, ਮਾਤਾ ਬੀਬੜੀਆ ਮਾਈਆਂ ਮੰਦਰ ਅਤੇ ਦਾਣਾ ਮੰਡੀ ਨੂੰ ਜਾਂਦੇ ਰਸਤੇ ਵੀ ਪਾਣੀ ਨਾਲ ਬੰਦ ਹੋ ਗਏ ਹਨ। ਦੂਸਰੇ ਪਾਸੇ ਖੇਤੀ ਸੈਕਟਰ ਲਈ ਬਾਰਸ਼ ਨੂੰ ਲਾਹੇਵੰਦ ਦੱਸਿਆ ਜਾ ਰਿਹਾ ਹੈ।

ਧਨੌਲਾ (ਅਜੀਤਪਾਲ ਸਿੰਘ): ਮੀਂਹ ਨੇ ਧਨੌਲਾ ਦਾ ਮੁੱਖ ਬਾਜ਼ਾਰ ਤੇ ਰਵਾਰੀਆ ਮੁਹੱਲਾ ਜਲ ਥਲ ਕਰ ਦਿੱਤਾ। ਬੱਸ ਸਟੈਂਡ ਤੋਂ ਲੈ ਕੇ ਬਗੇਹਰ ਪੱਤੀ ਵਾਲੇ ਮੋੜ ਤੱਕ ਤਾਂ ਐਨਾ ਪਾਣੀ ਖੜ੍ਹ ਗਿਆ ਕਿ ਗੱਡੀਆਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ। ਐਡਵੋਕੇਟ ਜਸਵੀਰ ਸਿੰਘ ਦੀ ਕਾਰ ਤਾਂ ਪਾਣੀ ਦੇ ਵਿੱਚ ਹੀ ਫਸ ਗਈ। ਦੂਜੇ ਪਾਸੇ ਨਗਰ ਕੌਂਸਲ ਦਾ ਅਮਲਾ ਮੋਟਰ ਚਲਾ ਕੇ ਪਾਣੀ ਕੱਢਣ ਲਈ ਯਤਨ ਕਰ ਰਿਹਾ ਸੀ। ਬਾਜ਼ਾਰ ਵਿਚ ਲੱਗੇ ਬਿਜਲੀ  ਮੀਟਰਾਂ ਵਾਲੇ ਬਕਸੇ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ  ਲਿਆ, ਜਿਸ ਕਾਰਨ ਬੱਤੀ  ਗੁੱਲ ਰਹਿਣਾ ਤੈਅ ਹੈ।  ਨਗਰ ਕੌਂਸਲ ਦੇ ਸਾਬਕਾ ਪ੍ਰਧਾਨ  ਬਹਾਦਰ ਸਿੰਘ ਨੇ ਖ਼ੁਦ ਮਿੱਟੀ ਦੇ ਗੱਟੇ ਭਰ ਕੇ ਪਾਣੀ ਦੀ ਨਿਕਾਸੀ ਲਈ ਕੋਸ਼ਿਸ਼ ਕੀਤੀ।

ਨਥਾਣਾ (ਭਗਵਾਨ ਦਾਸ ਗਰਗ): ਇਸ ਖੇਤਰ ਵਿੱਚ ਅੱਜ ਦਿਨ ਭਰ ਹੋਈ ਭਰਵੀਂ ਬਾਰਸ਼ ਸਾਉਣੀ ਦੀਆਂ ਫ਼ਸਲਾਂ ਲਈ ਲਾਹੇਵੰਦ ਰਹੀ। ਤੜਕਸਾਰ ਸ਼ੁਰੂ ਹੋਈ ਬਾਰਸ਼ ਸਾਰਾ ਦਿਨ ਰੁਕ ਰੁਕ ਕੇ ਚੱਲਦੀ ਰਹੀ ਜਿਸ ਨਾਲ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਵਧਣ ਲਈ ਕਾਫ਼ੀ ਚੰਗਾ ਹੁੰਗਾਰਾ ਮਿਲਿਆ। ਕਿਸਾਨਾਂ ਅਨੁਸਾਰ ਖੇਤਾਂ ਵਿੱਚੋਂ ਸਬਜ਼ੀਆਂ ਦੀ ਫ਼ਸਲ ਤਕਰੀਬਨ ਖ਼ਤਮ ਹੋ ਚੁੱਕੀ ਹੈ। ਬਾਰਸ਼ ਨਾਲ ਹਰੇ ਚਾਰੇ ਦੀ ਫ਼ਸਲ ਨੂੰ ਵੀ ਲਾਭ ਮਿਲਿਆ। ਜ਼ਿਕਰਯੋਗ ਗੱਲ ਹੈ ਕਿ ਨਥਾਣਾ ‘ਚ ਛੱਪੜਾਂ ਦੀ ਪੁਟਾਈ ਕਾਰਨ ਗ਼ਲੀਆਂ, ਆਮ ਰਸਤਿਆਂ ਅਤੇ ਨੀਂਵੇ ਥਾਵਾਂ ‘ਤੇ ਪਾਣੀ ਜਮ੍ਹਾਂ ਹੋਣ ਤੋਂ ਬਚਾਅ ਰਿਹਾ।

ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਅੱਜ ਤੜਕੇ ਦੋ ਵਜੇ ਦੇ ਲਗਪਗ ਪਏ ਹਾੜ੍ਹ ਦੇ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲਥਲ ਕਰਕੇ ਰੱਖ ਦਿੱਤਾ। ਇਸ ਦੇ ਨਾਲ ਹੀ ਮੀਂਹ ਨੇ ਸਥਾਨਕ ਪ੍ਰਸ਼ਾਸਨ ਦੇ ਕੀਤੇ ਪ੍ਰਬੰਧਾਂ ਸਬੰਧੀ ਦਾਅਵਿਆਂ ਅਤੇ ਅਖੌਤੀ ਵਿਕਾਸ ਤੋਂ ਵੀ ਪਰਦਾ ਚੁੱਕ ਦਿੱਤਾ। ਮੀਂਹ ਨਾਲ ਸ਼ਹਿਰ ਦੇ ਲਗਭਗ ਸਾਰਿਆਂ ਹਿੱਸਿਆਂ ਵਿੱਚ ਪਾਣੀ ਭਰ ਗਿਆ। ਨਿਕਾਸੀ ਨਾ ਹੋਣ ਕਾਰਨ ਇਹ ਘਰਾਂ ਵਿੱਚ ਦਾਖ਼ਲ ਹੋ ਗਿਆ। ਸਮਾਜ ਸੇਵੀ ਸਾਧੂ ਰਾਮ ਦਿਓੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕ ਮੰਚ ਵੱਲੋਂ 1998 ਤੋਂ ਇਹ ਯੋਜਨਾਵਾਂ ਲਗਾਤਾਰ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦੀਆਂ ਜਾ ਰਹੀਆਂ ਹਨ, ਪਰ ਇਸ ’ਤੇ ਅਮਲ ਨਹੀਂ ਹੋ ਰਿਹਾ।

ਮੀਂਹ ਨਾਲ ਡਿੱਗੀ ਹੋਈ ਘਰ ਦੀ ਛੱਤ ਦਾ ਦ੍ਰਿਸ਼

ਮੀਂਹ ਨਾਲ ਮਕਾਨ ਦੀ ਛੱਤ ਡਿੱਗੀ

ਬੁਢਲਾਡਾ (ਅਮਿਤ ਕੁਮਾਰ): ਇੱਥੇ ਅੱਜ ਸਵੇਰ ਤੋਂ ਹੋਈ ਬਰਸਾਤ ਨਾਲ ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਦੇ ਦਰਜ਼ੀ ਮੁਹੱਲਾ ਨਿਵਾਸੀ ਸੁਰਿੰਦਰਪਾਲ ਪੁੱਤਰ ਮੇਹਰ ਚੰਦ ਦੇ ਘਰ ਦੀ ਛੱਤ ਡਿੱਗ ਗਈ। ਪੀੜਤ ਨੇ ਦੱਸਿਆ ਕਿ ਇਸ ਮਕਾਨ ’ਚ ੳਹ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਰਹੇ ਹਨ ਅਤੇ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋਈ ਬਾਰਸ਼ ਨਾਲ ਉਸ ਦੇ ਘਰ ਦੇ 15-12 ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਨਾਲ ਅੰਦਰ ਪਿਆ ਹਜ਼ਾਰਾਂ ਰੁਪਏ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਪਲੇਟਫਾਰਮ ’ਤੇ ਮੂੰਗਫਲੀ ਆਦਿ ਵੇਚਣ ਦੀ ਰੇਹੜੀ ਲਗਾਉਂਦਾ ਹੈ ਅਤੇ ਪਿਛਲੇ 4-5 ਮਹੀਨਿਆ ਤੋਂ ਰੇਲਾਂ ਬੰਦ ਹੋਣ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਵੀ ਮੁੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਅਪੀਲ ਕੀਤੀ ਹੈ। 

ਝੱਖੜ ਨੇ ਉਡਾਈਆਂ ਸ਼ੈੱਲਰ ਮਿੱਲਾਂ ਦੀਆਂ ਛੱਤਾਂ

ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਜਲਾਲਾਬਾਦ ਹਲਕੇ ’ਚ ਬੀਤੀ ਰਾਤ ਆਏ ਤੇਜ਼ ਤੂਫਾਨ ਕਾਰਨ ਰਾਈਸ ਇੰਡਸਟਰੀਜ਼ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਜਿਸ ਨਾਲ ਕਈ ਸ਼ੈੱਲਰ ਮਿੱਲਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਤੇ ਕਈਆਂ ਦੀਆਂ ਚਾਦਰਾਂ ਉੱਡਣ ਕਾਰਨ ਮਸ਼ੀਨਰੀ ਤੇ ਸਟੋਰ ਕੀਤੇ ਚਾਵਲ ਦਾ ਭਾਰੀ ਨੁਕਸਾਨ ਹੋਇਆ। ਕਈ ਸ਼ੈੱਲਰਾਂ ਦੀਆਂ ਦੀਵਾਰਾਂ ਵੀ ਡਿੱਗੀਆਂ ਅਤੇ ਕਾਹਨੇ ਵਾਲਾ ਰੋਡ ’ਤੇ ਹੋਰ ਕਈ ਥਾਵਾਂ  ਦਰਖਤ ਤੇ ਖੰਭੇ ਵੀ ਡਿੱਗ ਗਏ ਜਿਸ ਕਾਰਨ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀਸ਼ਹਿਰ ਦੇ ਕਾਹਨੇ ਵਾਲਾ ਰੋਡ ’ਤੇ ਆਰਐੱਸ ਰਾਈਸ ਮਿੱਲ ਦੀ ਸੋਲਟੋਕਸ ਇਮਾਰਤ ਦੀ ਛੱਤ ਉੱਡ ਗਈ। ਹਿਸਾਨ ਵਾਲਾ ਰੋਡ ’ਤੇ ਬਾਬਾ ਸੇਵਾ ਸਿੰਘ ਇੰਡਸਟਰੀ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਇੰਜ ਹੀ ਰਾਈਸ ਮਿਲ ਦੀਆਂ ਦੀਵਾਰਾਂ ਡਿੱਗਣ ਨਾਲ ਲੱਖਾਂ ਰੁਪਏ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਕਾਹਨੇ ਵਾਲੇ ਰੋਡ ’ਤੇ ਕੁਮਾਰ ਇੰਡਸਟਰੀ ਦੇ ਸ਼ੈੱਡ ਦੀਆਂ ਚਾਦਰਾਂ ਉੱਡ ਗਈਆਂ ਤੇ ਨਾਲ ਰਾਈਸ ਮਿਲ ਦੀਆਂ ਦੀਵਾਰਾਂ ਡਿੱਗੀਆਂ ਹਨ। ਟਿਵਾਣਾ ਰੋਡ ਤੇ ਸੱਤਿਅਮ ਇੰਡਸਟਰੀ ਦੀ ਦੀਵਾਰ ਡਿੱਗੀ ਤੇ ਲੇਬਰ ਦੇ ਰਹਿਣ ਵਾਲੇ ਕਮਰੇ ਦੀਆਂ ਛੱਤਾਂ ਉੱਡ ਗਈਆਂ। 

ਛੱਤ ਡਿੱਗਣ ਕਾਰਨ ਭੇਡਾਂ ਮਰੀਆਂ

ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਕਸਬੇ  ਨੇੜਲੇ ਪਿੰਡ ਸਿਧਾਣਾ ਵਿੱਚ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਨਾਲ ਗਰੀਬ ਪਰਿਵਾਰ ਦੇ  ਘਰ ਦੀ ਛੱਤ ਡਿੱਗ ਪਈ। ਮੈਂਬਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੁਖਮੰਦਰ  ਸਿੰਘ ਪੁੱਤਰ ਸੰਤਾ ਸਿੰਘ ਵਾਸੀ ਸਿਧਾਣਾ ਦੇ ਘਰ ਦੀ ਛੱਤ ਬੀਤੀ ਰਾਤ ਤੇਜ਼  ਹਨੇਰੀ ਅਤੇ ਮੀਂਹ ਕਾਰਨ ਡਿੱਗ ਪਈ। ਇਸ ਨਾਲ ਉਨ੍ਹਾਂ ਦੀਆਂ ਤਕਰੀਬਨ ਡੇਢ  ਦਰਜਨ ਦੇ ਕਰੀਬ ਭੇਡਾਂ ਥੱਲੇ ਆ ਕੇ ਮਰ ਗਈਆਂ ਅਤੇ ਗਰੀਬ ਪਰਿਵਾਰ ਦਾ ਲੱਗਭੱਗ 3 ਲੱਖ ਰੁਪਏ  ਦਾ ਨੁਕਸਾਨ ਹੋ ਗਿਆ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਗਰੀਬ ਲੋੜਵੰਦ  ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਮੁੜ ਆਪਣੇ ਸਿਰ ਦੀ ਛੱਤ  ਖੜੀ ਕਰ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All