ਮਨੋਜ ਸ਼ਰਮਾ
ਬਠਿੰਡਾ, 28 ਨਵੰਬਰ
ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਵਿਚਲੇ ਬਲੱਡ ਬੈਂਕ ਦਾ ਮਾਮਲਾ ਪੂਰੀ ਤਰਾਂ ਗਰਮਾ ਗਿਆ ਹੈ ਅਤੇ ਬੀਤੀ ਦਿਨੀਂ ਥੈਲੇਸੀਮੀਆਂ ਵੈੱਲਫੇਅਰ ਸੁਸਾਇਟੀ ਵੱਲੋਂ ਥੈਲੇਸੀਮੀਆਂ ਬੱਚਿਆਂ ਨੂੰ ਕਥਿਤ ਤੌਰ ’ਤੇ ਐੱਚਆਈਵੀ ਖ਼ੂਨ ਚੜ੍ਹਾਉਣ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮੌਕੇ ਸੁਸਾਇਟੀ ਦੇ ਆਗੂਆਂ ਤੇ ਐੱਸਐੱਮਓ ਬਠਿੰਡਾ ਮਨਿੰਦਰ ਪਾਲ ਸਿੰਘ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਹਸਪਤਾਲ ਦੇ ਐੱਸਐੱਮਓ ਦੇ ਬਿਆਨ ’ਤੇ ਪ੍ਰਧਾਨ ਸੁਰੇਸ਼ ਗਰਗ, ਸੁਖਚੈਨ ਭਾਰਗਵ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ’ਤੇ ਮਾਮਲਾ ਦਰਜ ਕਰ ਦਿੱਤਾ ਸੀ। ਇਸ ’ਤੇ ਅੱਜ ਜ਼ਿਲ੍ਹਾ ਦੀਆਂ 80 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਨੇ ਪੀੜਤ ਬੱਚਿਆਂ ਨੂੰ ਇਨਸਾਫ਼ ਦਿਵਾਉਣ ਅਤੇ ਸਮਾਜ ਸੇਵੀਆਂ ’ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਵਿਚ ਧਰਨਾ ਦਿੱਤਾ ਗਿਆ। ਇਸ ਮੌਕੇ ਨੌਜਵਾਨ ਵੈੱਲਫੇਅਰ ਸੁਸਾਇਟੀ, ਸਹਾਰਾ ਵੈੱਲਫੇਅਰ ਸੁਸਾਇਟੀ, ਹਨੂਮਾਨ ਸੇਵਾ ਸਮਿਤੀ, ਜੰਗ ਬਲੱਡ ਕਲੱਬ, ਸ੍ਰੀ ਗਣੇਸ਼ ਵੈੱਲਫੇਅਰ ਸੁਸਾਇਟੀ, ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ, ਆਸਰਾ ਵੈੱਲਫੇਅਰ ਸੁਸਾਇਟੀ, ਸ੍ਰੀ ਸਾਈਂ ਸੇਵਾ ਸੰਸਥਾਵਾਂ ਵੱਲੋਂ ਪੁਲੀਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਠਿੰਡਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਗੁਰਵਿੰਦਰ ਸ਼ਰਮਾ, ਥੈਲੇਸੀਮੀਆ ਸੁਸਾਇਟੀ ਦੇ ਪ੍ਰਧਾਨ ਜਤਿੰਦਰ, ਸਾਧੂ ਰਾਮ ਕੁਸ਼ਲਾ ਨੇ ਕਿਹਾ ਕਿ ਬਠਿੰਡਾ ਬਲੱਡ ਬੈਂਕ ਦੇ ਕਰਮਚਾਰੀਆਂ ’ਤੇ ਪਰਚਾ ਦਰਜ ਕਰਨ ਦੀ ਬਜਾਏ ਸਮਾਜ ਸੇਵੀ ’ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।