ਮਨੋਜ ਸ਼ਰਮਾ
ਬਠਿੰਡਾ, 10 ਅਗਸਤ
ਇਥੋਂ ਦੇ ਐਡਵਾਂਸ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੈਂਸਰ ਦੇ ਮਰੀਜ਼ ਇਲਾਜ ਲਈ ਆਉਂਦੇ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਦੀ ਛਾਤੀ ਦੇ ਕੈਂਸਰ ਦੀ ਮਰੀਜ਼ ਮਹਿਲਾ ਇਸ ਹਸਪਤਾਲ ਵਿੱਚ ਰੇਡੀਓਥੈਰੇਪੀ ਯੂਨਿਟ ਦੇ ਬਾਹਰ ਬੈਠੀ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਉਸ ਨੂੰ ਰੇਡੀਓਥੈਰੇਪੀ ਦੇ ਕਈ ਸੈਸ਼ਨਾਂ ਵਿੱਚੋਂ ਗੁਜ਼ਰਨਾ ਪੈਂ ਰਿਹਾ ਹੈ ਪਰ ਉਡੀਕ ਲੰਮੀ ਹੁੰਦੀ ਜਾਂਦੀ ਹੈ। ਇਸ ਐਡਵਾਂਸ ਇੰਸਟੀਚਿਊਟ ਵਿੱਚ ਕੁੱਲ ਪੰਜ ਮੈਡੀਕਲ ਵਿਗਿਆਨੀਆਂ ਵਿੱਚੋਂ ਹੁਣ ਸਿਰਫ਼ ਇੱਕ ਹੀ ਕੰਮ ਕਰ ਰਿਹਾ ਹੈ। ਇਹ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਅਧੀਨ ਕੰਮ ਕਰਦਾ ਹੈ।
‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਗੁਰਸ਼ਰਨ ਸਿੰਘ ਨਾਂ ਦੇ ਵਿਅਕਤੀ ਨੇ ਕਿਹਾ, “ਮੇਰੀ ਮਾਂ ਕੈਂਸਰ ਤੋਂ ਪੀੜਤ ਹੈ ਤੇ ਪਿਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਇਕ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੈ। ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮਾਂ ਦਾ ਲੁਧਿਆਣਾ ਦੇ ਕਿਸੇ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਸਕੀਏ।’
ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਹੋਰ ਕੈਂਸਰ ਮਰੀਜ਼ ਨੇ ਕਿਹਾ ਕਿ ਸਟਾਫ਼ ਘੱਟ ਹੋਣ ਕਾਰਨ ਉਸ ਨੂੰ ਸਤੰਬਰ ਵਿੱਚ ਕੀਮੋਥੈਰੇਪੀ ਸੈਸ਼ਨਾਂ ਲਈ ਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਸਿਰਫ ਐਲਾਨ ਹੀ ਕਰਦੇ ਹਨ ਪਰ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਬਦਲਿਆ।
ਉਸ ਦੇ ਕੋਲ ਬੈਠੀ ਉਸ ਦੀ ਪਤਨੀ ਨੇ ਕਿਹਾ ਕਿ ਉਹ ਹੁਣ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਮੰਗਣ ਲੱਗ ਪਏ ਹਨ ਅਤੇ ਆਪਣੀ ਜ਼ਮੀਨ ਵੇਚ ਕੇ ਲੁਧਿਆਣਾ ਜਾਂ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਇਸੇ ਦੌਰਾਨ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸਿਰਫ਼ ਰੇਡੀਓਥੈਰੇਪੀ ਯੂਨਿਟ ਹੀ ਨਹੀਂ ਬਲਕਿ ਮਰੀਜ਼ਾਂ ਨੂੰ ਹੋਰ ਯੂਨਿਟਾਂ ਵਿੱਚ ਸਟਾਫ਼ ਦੀ ਘਾਟ ਕਾਰਨ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਔਸਤਨ 150 ਤੋਂ 200 ਕੈਂਸਰ ਮਰੀਜ਼ ਰੋਜ਼ਾਨਾ ਆਧਾਰ ’ਤੇ ਇਲਾਜ ਲਈ ਰੇਡੀਓਥਰੈਪੀ ਯੂਨਿਟ ਦੀ ਓਪੀਡੀ ਵਿੱਚ ਆਉਂਦੇ ਹਨ ਅਤੇ ਸਿਰਫ਼ ਇੱਕ ਡਾਕਟਰ ਉਨ੍ਹਾਂ ਦੀ ਜਾਂਚ ਕਰਦਾ ਹੈ ਅਤੇ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਦੀ ਵੀ ਜ਼ਿੰਮੇਵਾਰ ਉਸ ਕੋਲ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਇੱਥੇ ਸਟਾਫ ਦੀ ਨਿਯੁਕਤੀ ਸ਼ੁਰੂ ਕਰੇ ਕਿਉਂਕਿ ਮਰੀਜ਼ਾਂ ਦੀ ਆਮਦ 2016 ਦੇ ਮੁਕਾਬਲੇ ਤਿੰਨ ਗੁਣਾ ਵੱਧ ਗਈ ਹੈ ਤੇ ਇਸੇ ਅਨੁਪਾਤ ਤਹਿਤ ਇੱਥੇ ਡਾਕਟਰ ਤਾਇਨਾਤ ਕਰਨੇ ਚਾਹੀਦੇ ਹਨ।
ਸਟਾਫ ਦੀ ਘਾਟ ਬਾਰੇ ਸਰਕਾਰ ਨੂੰ ਪੱਤਰ ਲਿਖਿਆ: ਡਾਇਰੈਕਟਰ
ਡਾਇਰੈਕਟਰ ਐਡਵਾਂਸਡ ਕੈਂਸਰ ਇੰਸਟੀਚਿਊਟ-ਕਮ-ਹਸਪਤਾਲ ਡਾ. ਦੀਪਕ ਅਰੋੜਾ ਨੇ ਕਿਹਾ ਕਿ ਰੇਡੀਓਥੈਰੇਪੀ ਸੈਸ਼ਨਾਂ ਲਈ ਉਡੀਕ ਦੀ ਮਿਆਦ ਦੋ ਤੋਂ ਤਿੰਨ ਮਹੀਨਿਆਂ ਤੱਕ ਹੁੰਦੀ ਹੈ। ਹਸਪਤਾਲ ਵਿੱਚ ਸਟਾਫ ਦੀ ਭਾਰੀ ਕਮੀ ਹੈ ਪਰ ਅਸੀਂ ਉਪਲਬਧ ਸਾਧਨਾਂ ਅਤੇ ਮੈਨਪਾਵਰ ਨਾਲ ਵਧੀਆ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਟਾਫ ਦੀ ਕਮੀ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਰਕਾਰ ਵੱਲੋਂ ਜਲਦੀ ਹੀ ਸਮੱਸਿਆ ਹੱਲ ਕੀਤੀ ਜਾਵੇਗੀ।