ਬੀਬੀ ਰਮਨ ਗੋਇਲ ਨਗਰ ਨਿਗਮ ਬਠਿੰਡਾ ਦੀ ਮੇਅਰ ਚੁਣੀ

ਬੀਬੀ ਰਮਨ ਗੋਇਲ ਨਗਰ ਨਿਗਮ ਬਠਿੰਡਾ ਦੀ ਮੇਅਰ ਚੁਣੀ

ਨਵੇਂ ਚੁਣੇ ਅਹੁਦੇਦਾਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ’ਚ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਸ਼ਗਨ ਕਟਾਰੀਆ 

ਬਠਿੰਡਾ, 15 ਅਪਰੈਲ

ਬੀਬੀ ਰਮਨ ਗੋਇਲ ਨੂੰ ਨਗਰ ਨਿਗਮ ਬਠਿੰਡਾ ਦੀ ਨਵੀਂ ਮੇਅਰ ਚੁਣਿਆ ਗਿਆ ਹੈ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪ੍ਰਧਾਨ ਸੀਨੀਅਰ ਡਿਪਟੀ ਮੇਅਰ ਅਤੇ ਮਾਸਟਰ ਹਰਮੰੰਦਰ ਸਿੰਘ ਸਿੱਧੂ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਮੇਅਰ ਦੇ ਅਹੁਦੇ ਲਈ ਪ੍ਰਬਲ ਦਾਅਵੇਦਾਰ ਵਜੋਂ ਸੱਤਵੀਂ ਵਾਰ ਕੌਂਸਲਰ ਵਜੋਂ ਜਿੱਤੇ ਜਗਰੂਪ ਸਿੰਘ ਗਿੱਲ ਬਾਰੇ ਲੋਕਾਂ ਦੀਆਂ ਕਿਆਸਰਾਈਆਂ ਗੋਤਾ ਖਾ ਗਈਆਂ ਹਨ। ਟਕਸਾਲੀ ਕਾਂਗਰਸੀ ਸ੍ਰੀ ਗਿੱਲ ਨਿਗਮ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਨ। 

ਪ੍ਰਾਪਤ ਜਾਣਕਾਰੀ ਅਨੁਸਾਰ ਮੇਅਰ ਰਮਨ ਗੋਇਲ ਸ਼ਰਾਬ ਦੇ ਕਾਰੋਬਾਰੀ ਸੰਦੀਪ ਗੋਇਲ ਦੀ ਪਤਨੀ ਹੈ। ਗੋਇਲ ਪਰਿਵਾਰ ਨੇ ਨਗਰ ਨਿਗਮ ਚੋਣਾਂ ਤੋਂ ਕੁਝ ਅਰਸਾ ਪਹਿਲਾਂ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕੀਤੀ ਸੀ। ਸੂਤਰਾਂ ਮੁਤਾਬਿਕ ਸੰਦੀਪ ਗੋਇਲ ਦੇ ਹਮ-ਪੇਸ਼ਾ ਠੇਕੇਦਾਰ ਜਸਵਿੰਦਰ ਸਿੰਘ ਜੁਗਨੂੰ ਬਠਿੰਡਾ ਤੋਂ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਥਿਤ ਕਰੀਬੀ ਹਨ ਅਤੇ ਉਸ ਨੇ ਹੀ ਗੋਇਲ ਪਰਿਵਾਰ ਨੂੰ ਕਾਂਗਰਸ ’ਚ ਸ਼ਾਮਿਲ ਕਰਵਾਇਆ ਸੀ। ਜਗਰੂਪ ਸਿੰਘ ਗਿੱਲ ਇਸ ਤੋਂ ਪਹਿਲਾਂ ਕਈ ਸਨਮਾਨਜਨਕ ਅਦਾਰਿਆਂ ਦੇ ਅਹੁਦੇਦਾਰ ਰਹਿ ਚੁੱਕੇ ਹਨ। 

ਚੋਣ ਨਿਰੀਖ਼ਕ ਵਜੋਂ ਮੌਜੂਦ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਤਿੰਨੋਂ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ। ਮੀਟਿੰਗ ਵਿਚ ਖੁਦ ਹਾਜ਼ਰ ਰਹੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਾਰੀ ਇਕ ਬਿਆਨ ’ਚ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ, ਸ਼ਹਿਰ ਦੇ ਸੁਨਹਿਰੀ ਭਵਿੱਖ ਦਾ ਦਾਅਵਾ ਕੀਤਾ ਗਿਆ ਹੈ।   

ਜ਼ਿਕਰਯੋਗ ਹੈ ਕਿ ਬਠਿੰਡਾ ਨਿਗਮ ਚੋਣਾਂ ਦੌਰਾਨ 50 ’ਚੋਂ 43 ਸੀਟਾਂ ’ਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ ਅਤੇ 53 ਸਾਲਾਂ ਮਗਰੋਂ ਸ਼ਹਿਰ ਦੇ ਨਿਗਮ ’ਤੇ ਕਾਬਜ਼ ਹੋ ਕੇ ਇਤਿਹਾਸ ਸਿਰਜਿਆ ਸੀ। 

ਚੋਣ ਮੀਟਿੰਗ ’ਚੋਂ ਬਾਹਰ ਆਉਂਦੇ ਹੋਏ ਜਗਰੂਪ ਸਿੰਘ ਗਿੱਲ।

ਕੋਟਕਪੂਰਾ (ਭਾਰਤ ਭੂਸ਼ਨ ਆਜ਼ਾਦ): ਨਗਰ ਕੌਂਸਲ ਕੋਟਕਪੂਰਾ ਦੀ ਪ੍ਰਧਾਨਗੀ ਹੁਣ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਂਕਿ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਵਾਰਡ ਨੰਬਰ 6 ਤੋਂ ਕੌਂਸਲਰ ਜਿੱਤੇ ਭੁਪਿੰਦਰ ਸਿੰਘ ਸੱਘੂ ਦੇ ਖ਼ਿਲਾਫ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸਿਵਲ ਰਿਟ ਪਟੀਸ਼ਨ ਦਾਇਰ ਕਰਕੇ ਉਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਹੋਏ ਇਕ ਫੌਜਦਾਰੀ ਕੇਸ ਦੀ ਜਾਣਕਾਰੀ ਆਪਣੇ ਚੋਣ ਨਾਮਜ਼ਦਗੀ ਪੱਤਰ ਵਿਚ ਦਰਜ ਨਹੀਂ ਕੀਤੀ ਸੀ ਤੇ ਇਸ ਜਾਣਕਾਰੀ ਨੂੰ ਚੋਣ ਕਮਿਸ਼ਨ ਤੋਂ ਛੁਪਾ ਕੇ ਰੱਖਿਆ ਹੈ। ਕੋਟਕਪੂਰਾ ਦੇ ਵਸਨੀਕ ਹਰਜਿੰਦਰ ਸਿੰਘ ਨੇ ਹਾਈ ਕੋਰਟ ਵਿਚ ਸਿਵਲ ਰਿਟ ਪਟੀਸ਼ਨ ਦਾਇਰ ਕਰਕੇ ਇਸ ਉਮੀਦਵਾਰ ਦੀ ਚੋਣ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਵਿਵੇਕ ਪੁਰੀ ਤੇ ਜਸਟਿਸ ਰਮੇਸ਼ ਭਾਰਦਵਾਜ ਤੇ ਅਧਾਰਿਤ ਦੋ ਮੈਂਬਰੀ ਬੈਂਚ ਨੇ ਇਸ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕੇਸ ਦੀ ਸਟੇਟਸ ਰਿਪੋਰਟ ਮੰਗੀ ਹੈ। ਇਸ ਸਬੰਧੀ ਇਸ ਪੱਤਰਕਾਰ ਨੇ ਸ਼੍ਰੀ ਸੱਘੂ ਨਾਲ ਫ਼ੋਨ ਗੱਲਬਾਤ ਕੀਤੀ ਤੇ ਉਨ੍ਹਾਂ ਆਪਣੇ ਖ਼ਿਲਾਫ਼ ਦਰਜ ਕੇਸ ਦੀ ਪੁਸ਼ਟੀ ਕੀਤੀ ਤੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਰਨਣਯੋਗ ਹੈ ਕਿ ਲੋਕਲ ਬਾਡੀ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਪਹਿਲੀ ਅਪਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕੌਂਸਲ ਦੀ ਪ੍ਰਧਾਨਗੀ ਲਈ ਬੀਸੀ ਉਮੀਦਵਾਰ ਨੂੰ ਯੋਗ ਠਹਿਰਾਇਆ ਹੈ। ਸਾਬਕਾ ਤੇ ਮੌਜੂਦਾ ਕੌਂਸਲਰ ਨੇ ਲੋਕਲ ਬਾਡੀ ਵਿਭਾਗ ਦੇ ਇਸ ਨੋਟੀਫਿਕੇਸ਼ਨ ਨੂੰ ਵੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਲੋਕਲ ਬਾਡੀ ਵਿਭਾਗ ਦੇ ਨੋਟੀਫਿਕੇਸ਼ਨ ਵਿਚੋਂ ਇਹ ਸ਼ਰਤ ਹਟਾਉਣ ਦੀ ਹਦਾਇਤ ਕੀਤੀ ਹੈ ਕਿ ਪ੍ਰਧਾਨਗੀ ਲਈ ਸਿਰਫ ਬੀਸੀ ਵਾਰਡ ’ਚੋਂ ਜਿੱਤਿਆ ਉਮੀਦਵਾਰ ਹੀ ਯੋਗ ਉਮੀਦਵਾਰ ਦੀ ਸ਼ਰਤ ਨੂੰ ਹਟਾਇਆ ਜਾਵੇਗਾ।

ਜਗਰੂਪ ਸਿੰਘ ਗਿੱਲ ਨੇ ਮੀਟਿੰਗ ਵਿਚਾਲੇ ਛੱਡੀ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਨੇਪਰੇ ਚੜ੍ਹੀ ਚੋਣ ਪ੍ਰਕਿਰਿਆ ਦਾ ਖਾਸ ਪਹਿਲੂ ਇਹ ਰਿਹਾ ਕਿ ਮੇਅਰ ਦੇ ਐਲਾਨ ਮਗਰੋਂ ਜਗਰੂਪ ਸਿੰਘ ਗਿੱਲ ਮੀਟਿੰਗ ’ਚੋਂ ਉੱਠ ਕੇ ਬਾਹਰ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੱਤਰ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲਦਾ ਹੈ। ਅੱਜ ਉਹੋ ਜਿਹਾ ਪੱਤਰ ਮਨਪ੍ਰੀਤ ਸਿੰਘ ਬਾਦਲ ਦੀ ਜੇਬ ਵਿਚੋਂ ਨਿਕਲਿਆ ਹੈ। ਉਨ੍ਹਾਂ ਕਿਸੇ ਦਾ ਨਾਂਅ ਲਏ ਬਗ਼ੈਰ ਕਿਹਾ ਕਿ ‘ਕੁਝ ਵਿਅਕਤੀਆਂ ਨੇ ਉਸ ਨੂੰ ਨਿਗਮ ਚੋਣਾਂ ਦੌਰਾਨ ਹਰਾਉਣ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਸ ’ਤੇ ਵਿਸ਼ਵਾਸ਼ ਕੀਤਾ ਅਤੇ ਜਿਤਾਇਆ।’ ਉਨ੍ਹਾਂ ਅੱਗੇ ਕਿਹਾ ਕਿ ਰਮਨ ਗੋਇਲ ਅਤੇ ਉਸ ਦੇ ਪਤੀ ਸੰਦੀਪ ਗੋਇਲ ਦੀ ਮਨਪ੍ਰੀਤ ਬਾਦਲ ਨਾਲ ਨੇੜਤਾ ਹੋਣ ਕਾਰਨ ਅੱਜ ‘ਪੱਖਪਾਤ’ ਹੋਇਆ ਹੈ। 

ਬਠਿੰਡਾ ਦੇ ਵਿਕਾਸ ਪ੍ਰਾਜੈਕਟ ਦੀਵਾਲੀ ਤੱਕ ਹੋਣਗੇ ਮੁਕੰਮਲ: ਮਨਪ੍ਰੀਤ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 260 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਆਗ਼ਾਮੀ ਦੀਵਾਲੀ ਤੱਕ ਸ਼ਹਿਰ ਦੇ ਸਾਰੇ ਪ੍ਰਮੁੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਲਟੀਪਰਪਜ਼ ਪਾਰਕਿੰਗ, ਬੱਸ ਸਟੈਂਡ ਤੋਂ ਇਲਾਵਾ ਪਟਿਆਲਾ ਫ਼ਾਟਕਾਂ ’ਤੇ ਬਨਣ ਵਾਲੇ ਰੇਲਵੇ ਓਵਰਬ੍ਰਿਜ ਦੀਵਾਲੀ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀਆਂ ਨਜ਼ਰਾਂ ਵਿਚ ਸ਼ਹਿਰ ਦਾ ਹਰ ਐੱਮ.ਸੀ. ਮੇਅਰ ਹੈ ਅਤੇ ਕਿਸੇ ਵੀ ਐੱਮ.ਸੀ. ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਨਾਂ ਫ਼ਖਰ ਮਹਿਸੂਸ ਕਰਦਿਆਂ ਕਿਹਾ ਕਿ 53 ਸਾਲਾ ਬਾਅਦ ਕਾਂਗਰਸ ਪਾਰਟੀ ਨੂੰ ਬਠਿੰਡਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਚੁਣਨ ਦਾ ਮਾਣ ਹਾਸਲ ਹੋਇਆ ਹੈ। 

ਚੰਨੀ ਤੇ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਈਆਂ

ਅੱਜ ਇਥੇ ਨਗਰ ਨਿਗਮ ਦੇ ਮੇਅਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਬੰਧ ’ਚ ਬਠਿੰਡਾ ਪਹੁੰਚੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਮੁਲਾਜ਼ਮਾਂ ਨੂੰ ਕਨਸੋਅ ਮਿਲੀ ਕਿ ਮੀਟਿੰਗ ਲਈ ਮੰਤਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆ ਰਹੇ ਹਨ। ਉਨ੍ਹਾਂ ਕੰਪਲੈਕਸ ਦੇ ਮੁੱਖ ਗੇਟ ਨੂੰ ਜਾ ਘੇਰਿਆ। ਦੋ ਘੰਟੇ ਗੇਟ ਬੰਦ ਰੱਖਣ ਪਿੱਛੋਂ ਜਦੋਂ ਪ੍ਰਸ਼ਾਸਨ ਨੇ ਮੰਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਠੇਕਾ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਜ਼ਬੂਰਨ ਪ੍ਰਸ਼ਾਸਨ ਨੇ ਮੰਤਰੀਆਂ ਨੂੰ ਐੱਸ.ਐੱਸ.ਪੀ. ਦਫਤਰ ਦੇ ਮੁੱਖ ਗੇਟ ਰਾਹੀਂ ਬਾਹਰ ਕੱਢਿਆ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪਨੂੰ, ਵਰਿੰਦਰ ਸਿੰਘ ਬਠਿੰਡਾ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ, ਸੰਦੀਪ ਖਾਨ ਨੇ ਦੱਸਿਆ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਕੈਪਟਨ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਅਤ ਨਾਲ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਪੁਨਰਗਠਨ ਦੇ ਨਾਮ ’ਤੇ 60 ਹਜ਼ਾਰ ਦੇ ਕਰੀਬ ਪੋਸਟਾਂ ਖਤਮ ਕਰ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਅਣਡਿੱਠ ਕਰਨ ਨਾਲ ਠੇਕਾ ਮੁਲਾਜ਼ਮਾਂ ਦਾ ਕੈਪਟਨ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ ਕਿਉਂਕਿ ਕੈਪਟਨ ਸਰਕਾਰ ਵੱਲੋਂ ਵੀ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਦੀ ਤਰ੍ਹਾਂ ਠੇਕਾ ਮੁਲਾਜ਼ਮਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All