ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 22 ਅਕਤੂਬਰ
ਬੀਐੱਡ ਅਧਿਆਪਕ ਫ਼ਰੰਟ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਨੂੰ ਕੇਂਦਰੀ ਪੈਟਰਨ ’ਤੇ ਤਨਖਾਹਾਂ ਜਾਰੀ ਕਰਨ ਦੇ ਫ਼ੈਸਲੇ ਨੂੰ ਮੁਲਾਜ਼ਮ-ਮਾਰੂ ਦੱਸਦਿਆਂ ਨਿਖੇਧੀ ਕੀਤੀ ਹੈ। ਫਰੰਟ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ, ਸੂਬਾ ਪ੍ਰੈੱਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ, , ਆਦਿ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰੀ ਪੈਟਰਨ ਨਾਲ ਜੋੜ ਕੇ ਤਨਖਾਹਾਂ ’ਤੇ ਵੱਡਾ ਕੱਟ ਲਾਉਣ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਵੇਗਾ। ਉਨ੍ਹਾਂ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਕਿਸਾਨੀ ਸੰਘਰਸ਼ ਤੋਂ ਸਬਕ ਲੈਂਦਿਆਂ ਸਮੂਹ ਅਧਿਆਪਕ ਵਰਗ ਨੂੰ ਇੱਕਠੇ ਹੋ ਕਿ ਸੰਘਰਸ਼ ਕਰਨਾ ਚਾਹੀਦਾ ਹੈ।
ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਵੱਲੋਂ ਰੋਸ ਮਾਰਚ 25 ਨੂੰ
ਬਰਨਾਲਾ (ਖੇਤਰੀ ਪ੍ਰਤੀਨਿਧ): ਬੇਰੁਜ਼ਗਾਰ 873 ਡੀਪੀਈ ਅਧਿਆਪਕ ਯੂਨੀਅਨ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਨਾਨਕਸਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਹੋਈ, ਜਿਸ ਵਿੱਚ ਬਰਨਾਲਾ ਜ਼ਿਲ੍ਹਾ ਦੇ ਅਹੁਦੇਦਾਰਾਂ ਨੇ 873 ਪੋਸਟਾਂ ਵਧਾ ਕੇ 1873 ਕਰਨ ਦੀ ਪੰਜਾਬ ਸਰਕਾਰ ਦੀ ਟਾਲ ਮਟੋਲ ਕਰਨ ਦੀ ਨੀਤੀ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਤੇ ਆਪਣਾ ਗੁੱਸਾ ਜਾਹਿਰ ਕਰਦਿਆਂ। ਪ੍ਰਧਾਨ ਹਰਪ੍ਰੀਤ ਸਿੰਘ ਗੋਲਡੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ 25 ਅਕਤੂਬਰ ਨੂੰ ਸੂਬਾ ਪੱਧਰੀ ਪਟਿਆਲਾ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਜ਼ਿਲ੍ਹਾ ਬਰਨਾਲਾ ਦੇ ਕਾਰਕੁਨ ਵਧ ਚੜ੍ਹ ਕੇ ਸ਼ਾਮਲ ਹੋਣਗੇ।