ਸ਼ਗਨ ਕਟਾਰੀਆ
ਬਠਿੰਡਾ, 7 ਸਤੰਬਰ
‘ਭਾਰਤ ਜੋੜੋ’ ਯਾਤਰਾ ਦੀ ਵਰ੍ਹਗੰਢ ਮੌਕੇ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਸ਼ਾਮ ਸਮੇਂ ਸ਼ਹਿਰ ਵਿੱਚ ਪੈਦਲ ਯਾਤਰਾ ਕੱਢੀ। ਬਠਿੰਡਾ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਯਾਤਰਾ ’ਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਨੂੰ ਪਿੱਠ ਵਿਖਾ ਚੁੱਕੀ ਹੈ ਅਤੇ ਭ੍ਰਿਸ਼ਟਾਚਾਰ ਮੁਲਕ ਵਿੱਚ ਸਿਖ਼ਰਾਂ ’ਤੇ ਪਹੁੰਚ ਚੁੱਕਾ ਹੈ। ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਅਤੇ (ਦਿਹਾਤੀ) ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਕੱਢੀ ਗਈ ਪੈਦਲ ਯਾਤਰਾ ਮੌਕੇ ਸ੍ਰੀ ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ’ ਯਾਤਰਾ ਦੀ ਸਫ਼ਲਤਾ ਭਾਜਪਾ ਸਰਕਾਰ ਪਚਾ ਨਹੀਂ ਸਕੀ ਅਤੇ ਹੁਣ ਵੀ ਉਹ ਸਾਜਿਸ਼ੀ ਢੰਗ ਨਾਲ ਵਿਰੋਧੀ ਵਿਚਾਰਾਂ ਨੂੰ ਦਬਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਗਈ ‘ਭਾਰਤ ਜੋੜੋ’ ਯਾਤਰਾ ਦਾ ਅਸਰ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਦੇ ਹੱਕ ਵਿੱਚ ਵੇਖਣ ਨੂੰ ਮਿਲੇਗਾ। ਉਨ੍ਹਾਂ ‘ਇੱਕ ਦੇਸ਼-ਇੱਕ ਚੋਣ’ ਕਰਾਉਣ ਦੇ ਮੁੱਦੇ ’ਤੇ ਵੀ ਮੋਦੀ ਸਰਕਾਰ ਨੂੰ ਘੇਰਿਆ।
ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਨਿਧੜਕ ਅਤੇ ਇਮਾਨਦਾਰ ਲੀਡਰ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਦੇਸ਼ ਵਿਚ ਭਾਜਪਾ ਨੂੰ ਚੱਲਦਾ ਕਰਕੇ ਲੋਕ ਪੱਖੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਯਾਤਰਾ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਰੁਪਿੰਦਰ ਬਿੰਦਰਾ, ਪਵਨ ਮਾਨੀ, ਅਰੁਣ ਵਧਾਵਨ, ਅੰਮ੍ਰਿਤਾ ਗਿੱਲ, ਕਿਰਨਦੀਪ ਕੌਰ ਵਿਰਕ, ਦਿਆਲ ਔਲਖ, ਕਮਲਜੀਤ ਭੰਗੂ, ਬਲਰਾਜ ਪੱਕਾ, ਹਰਵਿੰਦਰ ਲੱਡੂ, ਸੁਖਦੇਵ ਸਿੰਘ ਐਮਸੀ, ਸੰਜੀਵ ਸੈਣੀ, ਬਲਦੇਵ ਅਕਲੀਆ, ਸੱਜਣ ਸ਼ਰਮਾ, ਸੁਰਿੰਦਰਜੀਤ ਸਾਹਨੀ, ਹਰੀ ਓਮ ਠਾਕੁਰ, ਅਸੀਸ ਕਪੂਰ, ਸੁਨੀਲ ਕੁਮਾਰ, ਰਣਜੀਤ ਸਿੰਘ ਸੰਧੂ, ਕਿਸ਼ਨ ਸਿੰਘ ਭਾਗੀ ਬਾਂਦਰ, ਲਖਵਿੰਦਰ ਸਿੰਘ ਲੱਕੀ, ਬੰਟੀ ਸਰਪੰਚ, ਦਰਸ਼ਨ ਸਿੰਘ ਸੰਧੂ ਹਾਜ਼ਰ ਸਨ।

ਮਾਨਸਾ (ਜੋਗਿੰਦਰ ਸਿੰਘ ਮਾਨ): ਸਾਬਕਾ ਕਾਂਗਰਸੀ ਮੰਤਰੀ ਅਰੁਣਾ ਚੌਧਰੀ ਨੇ ਇੱਥੇ ’ਭਾਰਤ ਜੋੜੋ ਯਾਤਰਾ’ ਦੀ ਪਹਿਲੀ ਵਰ੍ਹੇਗੰਢ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਉਦਯੋਗਪਤੀਆਂ ਵੱਲੋਂ ਦੇਸ਼ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਅਤੇ ਦੇਸ਼ ਵਿੱਚੋਂ ਭਾਜਪਾ ਦੀ ਸਰਕਾਰ ਨੂੰ ਚੱਲਦਾ ਕਰਨਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਗਰੀਬੀ ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਤੋਂ ਬਚਾਇਆ ਜਾ ਸਕੇ। ਇਹ ਯਾਤਰਾ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਕੱਢੀ ਗਈ। ਸਾਬਕਾ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਯਾਤਰਾ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਧਿਰਾਂ ਵੱਲੋਂ ਹੁਣ ਇਕਮਿਕ ਹੋਕੇ ਭਾਜਪਾ ਨੂੰ ਦੇਸ਼ ਦੀ ਗੱਦੀ ਤੋਂ ਲਾਂਭੇ ਕਰਨ ਦੀ ਜੋ ਤਿਆਰੀ ਵਿੱਢੀ ਗਈ ਹੈ, ਉਸ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਜਾਵੇਗੀ। ਇਸ ਮੌਕੇ ਬਿਕਰਮਜੀਤ ਸਿੰਘ ਮੋਫਰ, ਗੁਰਪ੍ਰੀਤ ਕੌਰ ਗਾਗੋਵਾਲ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ, ਸਤੀਸ਼ ਮਹਿਤਾ, ਸੰਦੀਪ ਮਹਿਤਾ, ਰੇਖਾ ਰਾਣੀ ਗੋਗਾ, ਸੱਤਪਾਲ ਮੂਲੇਵਾਲਾ, ਅੰਮ੍ਰਿਤਪਾਲ ਸਿੰਘ ਕੂਕਾ, ਮਨਦੀਪ ਸਿੰਘ ਗੋਰਾ, ਐਡਵੋਕੇਟ ਬਲਕਰਨ ਸਿੰਘ ਬੱਲੀਸਰਬਜੀਤ ਸਿੰਘ ਮੀਆਂ, ਸੰਯੋਗਪ੍ਰੀਤ ਸਿੰਘ ਡੈਵੀ ਤੇ ਮੁੱਖਪ੍ਰੀਤ ਸਿੰਘ ਚੌਹਾਨ ਵੀ ਮੌਜੂਦ ਸਨ।