ਸ਼ਗਨ ਕਟਾਰੀਆ
ਬਠਿੰਡਾ, 2 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਰਮਿਆਨ ਅੱਜ ਇਥੇ ਸਿਰੇ ਚੜ੍ਹੇ ਸਮਝੌਤੇ ਤਹਿਤ ਬੀਤੇ ਦਿਨ ਇਥੇ ਥਰਮਲ ਪਲਾਂਟ ਅੱਗੇ ਫ਼ੌਤ ਹੋਏ ਕਿਸਾਨ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਉਣ ਲਈ ਕਿਸਾਨ ਯੂਨੀਅਨ ਅਤੇ ਮ੍ਰਿਤਕ ਦੇ ਵਾਰਸ ਸਹਿਮਤ ਹੋ ਗਏ।
ਗੌਰਤਲਬ ਹੈ ਕਿ ਥਰਮਲ ਬੰਦ ਕੀਤੇ ਜਾਣ ਦਾ ਵਿਰੋਧ ਕਰਦਿਆਂ ਬੁੱਧਵਾਰ ਨੂੰ ਜੋਗਿੰਦਰ ਸਿੰਘ ਦੀ ਥਰਮਲ ਦੇ ਗੇਟ ’ਤੇ ਮੌਤ ਹੋ ਗਈ ਸੀ। ਵਾਰਸਾਂ ਅਤੇ ਜਥੇਬੰਦੀ ਨੇ ਪੋਸਟਮਾਰਟਮ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਦੇ ਮੁਆਵਜ਼ੇ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਅਤੇ ਪਰਿਵਾਰ ਦੇ ਸਮੁੱਚੇ ਕਰਜ਼ੇ ਦੀ ਮੁਆਫ਼ੀ ਸਮੇਤ ਥਰਮਲ ਚਾਲੂ ਰੱਖਣ ਦੀ ਮੰਗ ਰੱਖੀ ਸੀ।
ਪ੍ਰਸ਼ਾਸਨ ਵੱਲੋ ਪੋਸਟਮਾਰਟਮ ਲਈ ਮਨਾਉਣ ਲਈ ਕੱਲ੍ਹ ਤੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ, ਜੋ ਅੱਜ ਸਮਝੌਤੇ ਨਾਲ ਖ਼ਤਮ ਹੋ ਗਿਆ। ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਮੁਤਾਬਕ ਪਰਿਵਾਰ ਨੂੰ ਮੁਆਵਜ਼ੇ ਵਜੋਂ 5 ਲੱਖ ਰੁਪਏ ਦਾ ਚੈੱਕ ਅੱਜ ਦਿੱਤਾ ਗਿਆ, ਬਾਕੀ ਦਾ 5 ਲੱਖ ਹਫ਼ਤੇ ਬਾਅਦ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਸਿਰ 19.90 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਵੀ ਹਫ਼ਤੇ ’ਚ ਸਿਰੇ ਲਾਉਣ ਦੀ ਗੱਲ ਹੋਈ ਹੈ। ਸ੍ਰੀ ਮਾਨ ਨੇ ਦੱਸਿਆ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਵਾਅਦਾ ਕੀਤਾ ਕਿ ਪਰਿਵਾਰਕ ਮੈਂਬਰ ਦੀ ਨੌਕਰੀ ਲਈ ਉਹ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਸਿਫ਼ਾਰਸ਼ ਕਰਨਗੇ।