Bathinda Municipal Corporation ਵੱਲੋਂ 100 ਕਰੋੜ ਦੇ ਵਿਕਾਸ ਕਾਰਜਾਂ ’ਤੇ ਮੋਹਰ
Bathinda 100 Crore: ਮਹਿਤਾ ਦੀ ਅਗਵਾੲੀ ਹੇਠ ਜਨਰਲ ਹਾਊਸ ਮੀਟਿੰਗ ਹੋਈ; ‘ਸਿਸਟਰ ਸਿਟੀ’ ਸਮਝੌਤੇ ਦੀ ਤਜਵੀਜ਼ ਨੂੰ ਮਨਜ਼ੂਰੀ
Bathinda 100 Crore: ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਅੱਜ ਦੂਜੀ ਜਨਰਲ ਹਾਊਸ ਮੀਟਿੰਗ ਹੋਈ। ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਦੀ ਮੌਜੂਦਗੀ ਵਿੱਚ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਏਜੰਡਿਆਂ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਮੇਅਰ ਨੇ ਦੱਸਿਆ ਕਿ ਬਠਿੰਡਾ ਅਤੇ ਕੈਨੇਡਾ ਦੇ ਸਰੀ ਸ਼ਹਿਰ ਦਰਮਿਆਨ ਭਾਈਚਾਰਕ ਸਾਂਝ, ਸੱਭਿਆਚਾਰਕ ਅਦਾਨ-ਪ੍ਰਦਾਨ, ਵਪਾਰ, ਸਿੱਖਿਆ ਅਤੇ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ‘ਸਿਸਟਰ ਸਿਟੀ’ ਸਮਝੌਤਾ ਕਰਨ ਦੀ ਤਜਵੀਜ਼ ਨੂੰ ਵੀ ਹਾਊਸ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਸ਼ਹਿਰੀ ਯੋਜਨਾਬੰਦੀ, ਕੂੜਾ ਪ੍ਰਬੰਧਨ, ਜਲ ਸਪਲਾਈ, ਸੀਵਰੇਜ ਅਤੇ ਸਮਾਰਟ ਸਿਟੀ ਤਕਨੀਕਾਂ ਸਬੰਧੀ ਤਜਰਬੇ ਸਾਂਝੇ ਕਰਨ ’ਤੇ ਧਿਆਨ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਗੁਰੂ ਨਾਨਕ ਨਗਰ, ਹਰਦੇਵ ਨਗਰ ਅਤੇ ਖੱਦਰ ਭੰਡਾਰ ਵਾਲੀ ਗਲੀ ਵਿੱਚ ਪਾਣੀ ਦੇ ਆਰ ਓ ਪਲਾਂਟ ਲਾਉਣ, ਐੱਸ ਟੀ ਪੀ ਦੀ ਪੁਰਾਣੀ ਮਸ਼ੀਨਰੀ ਬਦਲਣ ਅਤੇ ਮੇਹਣਾ ਬਸਤੀ ਤੇ ਉਧਮ ਸਿੰਘ ਨਗਰ ਵਿੱਚ ਨਵੇਂ ਡਿਸਪੋਜ਼ਲ ਲਗਾਉਣ ਦੇ ਏਜੰਡੇ ਪਾਸ ਕੀਤੇ ਗਏ।
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਪੋਰਟਸ ਅਰੀਨਾ ਵਿਕਸਿਤ ਕਰਨ, ਪਾਰਕਾਂ ਵਿੱਚ ਬੱਚਿਆਂ ਲਈ ਖੇਡਣ ਵਾਲੇ ਸਾਜ਼ੋ-ਸਾਮਾਨ ਅਤੇ ਓਪਨ ਏਅਰ ਜਿਮ ਲਾਉਣ ਤੋਂ ਇਲਾਵਾ ਕਲਾਕ ਟਾਵਰ ਅਤੇ ਸਿਵੀਆਂ ਰੋਡ ’ਤੇ ਨਵੇਂ ਪਾਰਕ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਹਾਜੀ ਰਤਨ ਚੌਕ ਨੇੜੇ ਸਵਾਗਤੀ ਗੇਟ, ਟੀਚਰ ਕਲੋਨੀ ਵਿੱਚ ਐਂਟਰੀ ਗੇਟ ਅਤੇ ਜਨਤਾ ਨਗਰ ਵਿੱਚ ਸੁਵਿਧਾ ਕੇਂਦਰ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ।
ਵੀਰ ਕਲੋਨੀ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਅਤੇ ਸ਼ਹਿਰ ਵਿੱਚ ਕਰੀਬ 10 ਰੇਨ ਵਾਟਰ ਰੀਚਾਰਜ ਪੁਆਇੰਟ ਸਥਾਪਤ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਮਿਲੀ। ਧੋਬੀਆਣਾ ਬਸਤੀ ਅਤੇ ਰਾਣੀ ਬਾਗ ਵਿੱਚ ਪਹਿਲੀ ਵਾਰ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦੇ ਪ੍ਰਾਜੈਕਟ ਵੀ ਪਾਸ ਕੀਤੇ ਗਏ।
ਇਸ ਤੋਂ ਇਲਾਵਾ ਵੱਖ-ਵੱਖ ਸੜਕਾਂ ਦੇ ਸੁੰਦਰੀਕਰਨ, ਨਵੀਆਂ ਸੜਕਾਂ ਦੇ ਨਿਰਮਾਣ, ਪ੍ਰੀਮਿਕਸ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਅਤੇ ਵਾਟਰ ਸਪਲਾਈ ਸਮੇਤ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮਨਜ਼ੂਰ ਕੀਤੇ ਪ੍ਰਾਜੈਕਟਾਂ ਨੂੰ ਨਿਰਧਾਰਤ ਪ੍ਰਕਿਰਿਆ ਤਹਿਤ ਅੱਗੇ ਵਧਾ ਕੇ ਸਮੇਂ ਸਿਰ ਮੁਕੰਮਲ ਕਰਨ ਦੇ ਯਤਨ ਕੀਤੇ ਜਾਣਗੇ। ਮੀਟਿੰਗ ਦੌਰਾਨ ਕੌਂਸਲਰਾਂ ਵੱਲੋਂ ਵੀ ਆਪਣੇ-ਆਪਣੇ ਵਾਰਡਾਂ ਨਾਲ ਸਬੰਧਤ ਵਿਕਾਸ ਕਾਰਜਾਂ ਬਾਰੇ ਸੁਝਾਅ ਪੇਸ਼ ਕੀਤੇ ਗਏ। ਮੇਅਰ ਨੇ ਕਿਹਾ ਕਿ ਵਾਰਡਾਂ ਦੀਆਂ ਸਥਾਨਕ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਦਕਿ ਪਾਣੀ, ਸੀਵਰੇਜ, ਸੜਕਾਂ, ਪਾਰਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ’ਚ ਸੁਧਾਰ ਲਈ ਨਗਰ ਨਿਗਮ ਵੱਲੋਂ ਕੰਮ ਜਾਰੀ ਰੱਖਿਆ ਜਾਵੇਗਾ।

