DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Military Station CCTV Case: ਬਠਿੰਡਾ ਮਿਲਟਰੀ ਜ਼ੋਨ ਜਾਸੂਸੀ ਮਾਮਲਾ ’ਚ ਮੁੱਖ ਸਾਜ਼ਿਸ਼ਘੜਾ ‘ਨਿੰਬੂ’ ਗੁਰਦਾਸਪੁਰ ਤੋਂ ਗ੍ਰਿਫ਼ਤਾਰ

ਪਾਕਿਸਤਾਨ ਤੇ ਕੈਨੇਡਾ ਬੈਠੇ ਦੇਸ਼ ਵਿਰੋਧੀ ਅਨਸਰਾਂ ਨੂੰ ਭੇਜ ਰਿਹਾ ਸੀ ਫ਼ੌਜੀ ਹਰਕਤਾਂ ਦੀ ਲਾਈਵ ਫੀਡ; ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮ ਕਾਬੂ

  • fb
  • twitter
  • whatsapp
  • whatsapp
featured-img featured-img
ਬਠਿੰਡਾ ਮਿਲਟਰੀ ਜ਼ੋਨ ਜਾਸੂਸੀ ਮਾਮਲਾ ’ਚ ਮੁੱਖ ਸਾਜ਼ਿਸ਼ਘੜਾ ‘ਨਿੰਬੂ’ ਗੁਰਦਾਸਪੁਰ ਤੋਂ ਗ੍ਰਿਫ਼ਤਾਰ
Advertisement

ਬਠਿੰਡਾ ਦੇ ਉੱਚ-ਸੁਰੱਖਿਆ ਵਾਲੇ ਮਿਲਟਰੀ ਜ਼ੋਨ ਨੇੜੇ ਸੁਰੱਖਿਆ ਬਲਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਸੋਲਰ ਪਾਵਰ ਸੀਸੀਟੀਵੀ ਕੈਮਰਾ ਲਗਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵੱਡੀ ਕਾਮਯਾਬੀ ਦਾ ਦਾਅਵਾ ਕੀਤਾ ਹੈ। ਘਟਨਾ ਦੇ ਕਰੀਬ ਇੱਕ ਮਹੀਨੇ ਬਾਅਦ, ਬਠਿੰਡਾ ਪੁਲੀਸ ਨੇ ਇਸ ਪੂਰੇ ਗੋਰਖਧੰਦੇ ਦੇ ਮੁੱਖ ਸਾਜ਼ਿਸ਼ਘੜੇ (ਕਿੰਗਪਿਨ) ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ।

ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਨਿੰਬੂ (22) ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਕ੍ਰੇਨ ਡਰਾਈਵਰ ਹੈ। ਪੁਲੀਸ ਮੁਤਾਬਕ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਇਹ ਤੀਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਨਿੰਬੂ ਦੇ ਦੋ ਸਾਥੀਆਂ, ਅਸ਼ੋਕ ਸਿੰਘ (40) ਜੋ ਕਿ ਇੱਕ ਰਸੋਈਆ (ਕੁੱਕ) ਹੈ ਅਤੇ ਅਕਾਸ਼ਦੀਪ ਸਿੰਘ (22) ਜੋ ਫਿਲਹਾਲ ਬੇਰੁਜ਼ਗਾਰ ਹੈ, ਨੂੰ ਪੁਲੀਸ ਪਹਿਲਾਂ ਹੀ ਸਲਾਖਾਂ ਪਿੱਛੇ ਧੱਕ ਚੁੱਕੀ ਹੈ। ਇਹ ਦੋਵੇਂ ਵੀ ਉਸੇ ਪਿੰਡ ਸਰਾਏ ਦੇ ਹੀ ਨਿਵਾਸੀ ਹਨ।

Advertisement

ਮਾਮਲੇ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਬਠਿੰਡਾ ਦੇ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਉਰਫ਼ ਨਿੰਬੂ ਇਸ ਪੂਰੀ ਸਾਜ਼ਿਸ਼ ਦਾ ਮੁੱਖ ਸੂਤਰਧਾਰ ਹੈ। ਪੁਲੀਸਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਿਮਰਨਜੀਤ ਪਹਿਲਾਂ ਡਰਾਈਵਿੰਗ ਦੇ ਸਿਲਸਿਲੇ ਵਿੱਚ ਦੁਬਈ ਗਿਆ ਸੀ, ਜਿੱਥੋਂ ਵਾਪਸ ਪਰਤਣ ਤੋਂ ਬਾਅਦ ਉਹ ਵਿਦੇਸ਼ ਬੈਠੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆਇਆ ਹੋ ਸਕਦਾ ਹੈ। ਉਸ ਵਿਰੁੱਧ ਪਹਿਲਾਂ ਵੀ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਮਾਮਲਾ ਦਰਜ ਹੈ। ਐੱਸ.ਪੀ. ਨੇ ਦੱਸਿਆ ਕਿ ਸਿਮਰਨਜੀਤ ਆਪਣੇ ਸਾਥੀਆਂ ਨਾਲ ਬੱਸ ਰਾਹੀਂ ਬਠਿੰਡਾ ਆਇਆ ਸੀ ਅਤੇ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਲੋਕੇਸ਼ਨ ਮੁਤਾਬਕ ਉਨ੍ਹਾਂ ਨੇ ਇਹ ਕੈਮਰਾ ਉੱਥੇ ਫਿੱਟ ਕੀਤਾ ਸੀ।

Advertisement

ਪੁਲੀਸਦੀ ਜਾਂਚ ਮੁਤਾਬਕ, ਮੁਲਜ਼ਮ ਅਸ਼ੋਕ ਸਿੰਘ ਨੇ ਇਸ ਕੰਮ ਲਈ ਤਕਨੀਕੀ ਡਾਟਾ, ਸਿਮ ਕਾਰਡ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਸੀ, ਜਦਕਿ ਅਕਾਸ਼ਦੀਪ ਅਤੇ ਮੁੱਖ ਮੁਲਜ਼ਮ ਸਿਮਰਨਜੀਤ ਨੇ ਮਿਲ ਕੇ ਲੋਕੇਸ਼ਨ ਵਾਲੀ ਥਾਂ ’ਤੇ ਜਾ ਕੇ ਕੈਮਰਾ ਲਗਾਇਆ ਸੀ। ਇਹ ਸੋਲਰ ਊਰਜਾ ਨਾਲ ਚੱਲਣ ਵਾਲਾ ਸੀਸੀਟੀਵੀ ਕੈਮਰਾ ਬਠਿੰਡਾ-ਸ੍ਰੀਗੰਗਾਨਗਰ ਰੋਡ ’ਤੇ ਇੱਕ ਸੀਮਿੰਟ ਫੈਕਟਰੀ ਦੇ ਕੋਲ ਬਿਜਲੀ ਦੇ ਖੰਭੇ ’ਤੇ ਟੰਗਿਆ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੈਮਰਾ ਕਰੀਬ ਤਿੰਨ ਮਹੀਨੇ ਲਗਾਤਾਰ ਚੱਲਦਾ ਰਿਹਾ ਅਤੇ ਇਸ ਵਿਚਲੇ ਸਿਮ ਕਾਰਡ ਰਾਹੀਂ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਹੈਂਡਲਰਾਂ ਨੂੰ ਲਾਈਵ ਫੁਟੇਜ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਭੇਜੀਆਂ ਜਾ ਰਹੀਆਂ ਸਨ।

ਦੱਸਣਯੋਗ ਹੈ ਕਿ ਜਿਸ ਥਾਂ ’ਤੇ ਇਹ ਜਾਸੂਸੀ ਕੈਮਰਾ ਲਗਾਇਆ ਗਿਆ ਸੀ, ਉਹ ਬਠਿੰਡਾ ਮਿਲਟਰੀ ਸਟੇਸ਼ਨ ਤੋਂ ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ ’ਤੇ ਹੈ, ਜੋ ਕਿ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਫ਼ੌਜੀ ਛਾਉਣੀਆਂ ਵਿੱਚੋਂ ਇੱਕ ਹੈ ਅਤੇ ਭਾਰਤੀ ਫ਼ੌਜ ਦੀ 'ਐਕਸ ਕੋਰ' (X Corps) ਦਾ ਮੁੱਖ ਦਫ਼ਤਰ ਵੀ ਹੈ। ਇਸ ਦੇ ਨਾਲ ਹੀ ਏਅਰ ਫੋਰਸ ਸਟੇਸ਼ਨ ਅਤੇ ਬਠਿੰਡਾ ਹਵਾਈ ਅੱਡਾ ਵੀ ਨੇੜੇ ਹੋਣ ਕਾਰਨ ਇਸ ਘਟਨਾ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ।

ਸੂਤਰਾਂ ਅਨੁਸਾਰ, ਇਸ ਖ਼ੁਫ਼ੀਆ ਕੈਮਰੇ ਦਾ ਪਤਾ ਥਰਮਲ ਥਾਣੇ ਦੀ ਪੁਲੀਸਨੂੰ ਉਦੋਂ ਲੱਗਿਆ ਜਦੋਂ ਉਹ ਖੇਤਰ ਵਿੱਚ ਹੋਏ ਇੱਕ ਸੜਕ ਹਾਦਸੇ ਦੀ ਜਾਂਚ ਕਰ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਊਂਟਰ-ਇੰਟੈਲੀਜੈਂਸ (ਖੁਫ਼ੀਆ ਵਿਭਾਗ) ਵੱਲੋਂ ਇਸ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਫਿਲਹਾਲ, ਥਰਮਲ ਪੁਲੀਸਸਟੇਸ਼ਨ ਵਿੱਚ ਮੁਲਜ਼ਮਾਂ ਖ਼ਿਲਾਫ਼ ਸਰਕਾਰੀ ਗੁਪਤ ਐਕਟ (Official Secrets Act) ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Advertisement
×