Bathinda : ਰੋਡ ਰੋਲਰ ਹੇਠ ਆਉਣ ਕਾਰਨ ਪਿਓ ਦੀ ਮੌਤ, ਮਾਸੂਮ ਧੀ ਗੰਭੀਰ ਜ਼ਖ਼ਮੀ
ਗਣੇਸ਼ਾ ਬਸਤੀ ਵਿੱਚ ਵਾਪਰਿਆ ਦਰਦਨਾਕ ਹਾਦਸਾ; ਸਕੂਟਰ ਸਲਿੱਪ ਹੋਣ ਮਗਰੋਂ ਰੋਡ ਰੋਲਰ ਨੇ ਦੜੇ ਪਿਓ-ਧੀ
ਸ਼ਹਿਰ ਦੀ ਗਣੇਸ਼ਾ ਬਸਤੀ ਵਿੱਚ ਅੱਜ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਿਰਮਾਣ ਅਧੀਨ ਸੜਕ ’ਤੇ ਸਕੂਟਰ ਸਲਿੱਪ ਹੋਣ ਕਾਰਨ ਪਿਓ-ਧੀ ਰੋਡ ਰੋਲਰ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੀ 9 ਸਾਲਾ ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਅਫ਼ੀਮ ਵਾਲੀ ਗਲੀ ਦੇ ਰਹਿਣ ਵਾਲੇ ਵਿਸ਼ਾਲ ਗੁਪਤਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਵਿਸ਼ਾਲ ਗੁਪਤਾ ਆਪਣੀ ਧੀ ਮੰਨਤ ਨਾਲ ਸਕੂਟਰ ’ਤੇ ਜਾ ਰਿਹਾ ਸੀ। ਗਲੀ ਵਿੱਚ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇੱਕ ਘਰ ਦੇ ਬਾਹਰ ਬਣੇ ਰੈਂਪ ਕੋਲ ਸਕੂਟਰ ਅਚਾਨਕ ਸੰਤੁਲਨ ਵਿਗੜਨ ਕਾਰਨ ਫਿਸਲ ਗਿਆ ਅਤੇ ਦੋਵੇਂ ਸੜਕ ’ਤੇ ਡਿੱਗ ਪਏ। ਇਸੇ ਦੌਰਾਨ ਉੱਥੇ ਕੰਮ ਕਰ ਰਿਹਾ ਇੱਕ ਰੋਡ ਰੋਲਰ ਬੈਕ (ਰਿਵਰਸ) ਹੋ ਰਿਹਾ ਸੀ, ਜਿਸ ਨੇ ਦੋਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਿਸ਼ਾਲ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਉਸ ਨੇ ਦਮ ਤੋੜ ਦਿੱਤਾ, ਜਦਕਿ ਬੱਚੀ ਰੋਡ ਰੋਲਰ ਦੇ ਹੇਠਾਂ ਫਸ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਮੌਕੇ ’ਤੇ ਪਹੁੰਚੇ। ਗੰਭੀਰ ਰੂਪ ਵਿੱਚ ਜ਼ਖ਼ਮੀ ਮੰਨਤ ਨੂੰ ਤੁਰੰਤ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੁਢਲੀ ਸਹਾਇਤਾ ਤੋਂ ਬਾਅਦ ਬੱਚੀ ਨੂੰ ਮੁੜ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਇਸ ਦਰਦਨਾਕ ਹਾਦਸੇ ਦੀ ਸੀਸੀਟੀਵੀ (CCTV) ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ਵਿੱਚ ਸਕੂਟਰ ਸਲਿੱਪ ਹੋਣ ਅਤੇ ਰੋਲਰ ਦੇ ਹੇਠਾਂ ਆਉਣ ਦਾ ਭਿਆਨਕ ਦ੍ਰਿਸ਼ ਕੈਦ ਹੋਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

