ਬਠਿੰਡਾ ਸਿਵਲ ਹਸਪਤਾਲ ਦਾ ਬਲੱਡ ਬੈਂਕ ਵੰਡ ਰਿਹਾ ਹੈ ਐੱਚਆਈਵੀ: ਥੈਲੇਸੀਮੀਆ ਪੀੜਤ ਚੌਥੇ ਮਰੀਜ਼ ਨੂੰ ਐੱਚਆਈਵੀ, ਮਾਪਿਆਂ ’ਚ ਸਹਿਮ

ਸ਼ਗਨ ਕਟਾਰੀਆ
ਬਠਿੰਡਾ, 25 ਨਵੰਬਰ

ਇਥੋਂ ਦੇ ਸਿਵਲ ਹਸਪਤਾਲ ਵਿਚਲੇ ਬਲੱਡ ਬੈਂਕ ’ਚੋਂ ਕਰੀਬ ਡੇਢ ਮਹੀਨੇ ਦੌਰਾਨ ਲਗਾਤਾਰ ਥੈਲੇਸੀਮੀਆ ਤੋਂ ਪੀੜਤ ਚੌਥੇ ਮਰੀਜ਼ ਨੂੰ ਮੰਗਲਵਾਰ ਐੱਚਆਈਵੀ ਪਾਜ਼ੇਟਿਵ ਖੂਨ ਚੜਾਉਣ ਦਾ ਮੁੱਦਾ ਭਖ਼ ਗਿਆ ਹੈ। ਅੱਜ ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿਚ ਬਲੱਡ ਬੈਂਕ ਅੱਗੇ ਨਾਅਰੇਬਾਜ਼ੀ ਕਰ ਕੇ ਦੋਸ਼ੀ ਸਿਹਤ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।

ਐਡਵੋਕੇਟ ਜੀਦਾ ਨੇ ਇਸ ਮੌਕੇ ਕਿਹਾ ਕਿ ਬਲੱਡ ਬੈਂਕ ’ਚ ਖੂਨ ਵਿਚਲੇ ਐੱਚਆਈਵੀ ਟੈਸਟ ਕਰਨ ਵਾਲੀ ਮਸ਼ੀਨ ਸਾਲ ਭਰ ਤੋਂ ਖਰਾਬ ਹੈ ਅਤੇ ਸਿਰਫ ਰੈਪਿਡ ਟੈਸਟ ਕਰ ਕੇ ਬੁੱਤਾ ਸਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਚਾਰ ਮਰੀਜ਼ਾਂ ਨੂੰ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ ਪ੍ਰਤੱਖ ਰੂਪ ’ਚ ਸਾਹਮਣੇ ਆਏ ਹਨ ਪਰ ਜੇ ਪਿਛਲੇ ਮਾਮਲਿਆਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਗਿਣਤੀ ਸੈਂਕੜਿਆਂ ਤੱਕ ਹੋ ਸਕਦੀ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਵੀ ਸਿਰਫ ਆਪਣੇ ਦਫ਼ਤਰ ਤੱਕ ਸੀਮਤ ਰਹਿੰਦੇ ਹਨ ਹਾਲਾਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਇਸ ਅਹਿਮ ਮੁੱਦੇ ਬਾਰੇ ਉਨ੍ਹਾਂ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ।

ਥੈਲੇਸੀਮੀਆ ਵੈਲਫ਼ੇਅਰ ਸੁਸਾਇਟੀ ਦੇ ਆਗੂ ਜਤਿੰਦਰ ਸਿੰਘ ਨੇ ਆਖਿਆ ਕਿ ਬਲੱਡ ਬੈਂਕ ’ਚ ਕੰਮ ਕਰਦੇ ਦੋ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਾਖ਼ਸਤ ਕਰਕੇ ਪ੍ਰਸ਼ਾਸਨ ਨੇ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਦੋਸ਼ੀਆਂ ਕਰਮਚਾਰੀਆਂ ਵਿਰੁੱਧ ਵੀ ਸਖ਼ਤ ਐਕਸ਼ਨ ਲੈਂਦਿਆਂ ਸਾਰਿਆਂ ’ਤੇ ਹੱਤਿਆ ਦੇ ਦੋਸ਼ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ। ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੇ ਖੁਲਾਸਾ ਕੀਤਾ ਕਿ ਮਾਮਲੇ ਦੀ ਪੜਤਾਲ ਸੂਬਾਈ ਪੱਧਰ ਦੇ ਅਧਿਕਾਰੀ ਕਰ ਰਹੇ ਹਨ ਅਤੇ ਅਜੇ ਤੱਕ ਨਾ ਤਾਂ ਕਿਸੇ ਕਰਮਚਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਨਾ ਹੀ ਕਿਸੇ ਖ਼ਿਲਾਫ਼ ਕੋਈ ਵਿਭਾਗੀ ਕਾਰਵਾਈ ਹੀ ਕੀਤੀ ਗਈ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਜ ਸਵੇਰੇ ਆਏ ਕੁਝ ਵਿਅਕਤੀ ਹਸਪਤਾਲ ਵਿਚ ‘ਸਾਡੇ ਬੰਦਿਆਂ’ ਨੂੰ ਬੁਰਾ-ਭਲਾ ਬੋਲ ਕੇ ਗਏ ਹਨ, ਜਿਸ ਨੂੰ ਲੈ ਕੇ ਕਰਮਚਾਰੀਆਂ ’ਚ ਰੋਸ ਪੈਦਾ ਹੋ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All