ਸ਼ਗਨ ਕਟਾਰੀਆ
ਬਠਿੰਡਾ, 27 ਜਨਵਰੀ
ਭਾਜਪਾ ਦੇ ਸਥਾਨਕ ਆਗੂਆਂ ਨੇ ਬੀਤੇ ਦਿਨ ਲਾਲ ਕਿਲ੍ਹੇ ਦੀਆਂ ਘਟਨਾਵਾਂ ਵਿਰੁੱਧ ‘ਸਮਾਜ ਸੇਵਾ’ ਦੇ ਬੈਨਰ ਹੇਠ ਅੱਜ ਇਥੇ ਤਿਰੰਗਾ ਮਾਰਚ ਕੀਤਾ। ਉਨ੍ਹਾਂ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ। ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ ਨੇ ਲਾਲ ਕਿਲ੍ਹਾ ਘਟਨਾ ਬਾਰੇ ਕਿਹਾ ਕਿ ਉਥੇ ਕੌਮੀ ਝੰਡੇ ਦਾ ਅਪਮਾਨ ਦੇਸ਼ ਵਾਸੀਆਂ ਲਈ ਅਸਹਿ ਹੈ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲੈ ਕੇ ਆਪਣੇ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਈ-ਮੇਲ ਕਰਨ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਦਿੱਲੀ ਘਟਨਾ ਨਾਲ ਜੋੜ ਕੇ ਦੀਪ ਸਿੱਧੂ, ਲੱਖਾ ਸਿਧਾਣਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਧਨੇਰ ਦਾ ਨਾਂ ਲਿਆ। ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਦੋ ਦਰਜਨ ਦੇ ਕਰੀਬ ਸੀ।