ਪਰਸ਼ੋਤਮ ਬੱਲੀ
ਬਰਨਾਲਾ, 24 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਬਰਨਾਲਾ, ਮਜ਼ਦੂਰਾਂ, ਮੁਲਾਜ਼ਮਾਂ ਤੇ ਛੋਟੇ ਕਾਰੋਬਾਰੀਆਂ ਦੇ ਭਰਵੇਂ ਇਕੱਠ ਨੇ ਅੱਜ ਸਵੇਰੇ ਸਥਾਨਕ ਹੰਡਿਆਇਆ ਚੌਕ ਵਿਖੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦਾ ਭਰਵਾਂ ਤੇ ਭਾਵ-ਭਿੰਨਾ ਸਵਾਗਤ ਕੀਤਾ। ਮਾਨਸਾ ਤੋਂ ਚੱਲੀ ਕਲਸ਼ ਯਾਤਰਾ ਦਾ ਰਸਤੇ ’ਚ ਪੈਂਦੇ ਸਾਰੇ ਹੀ ਪਿੰਡਾਂ ਦੇ ਨਿਵਾਸੀਆਂ ਵੱਲੋਂ ਆਪ-ਮੁਹਾਰੇ ਸਵਾਗਤ ਕੀਤਾ ਗਿਆ। ਅਸਥੀ ਕਲਸ਼ ਦੇ ਹੰਢਿਆਇਆ ਚੌਕ ਪਹੁੰਚਣ ’ਤੇ ਮਾਹੌਲ ਬਹੁਤ ਭਾਵੁਕ ਹੋ ਗਿਆ। ਉਥੇ ਹਾਜ਼ਰ ਹਰ ਮਰਦ ਔਰਤ ਸ਼ਹੀਦਾਂ ਦੇ ਅਸਥੀ ਕਲਸ਼ ਮੂਹਰੇ ਖੜ੍ਹ ਕੇ ਇੰਜ ਫੋਟੋਆਂ ਖਿਚਵਾ ਰਿਹਾ ਸੀ ਜਿਵੇਂ ਇਹ ਉਸ ਦੇ ਆਪਣੇ ਹੀ ਕਿਸੇ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਹੋਣ। ਅਗਲੇ ਸਫਰ ’ਤੇ ਰਵਾਨਾ ਕਰਨ ਸਮੇਂ ਅਸਥੀਆਂ ਵਾਲੀ ਗੱਡੀ ਉਪਰੋਂ ਦੀ ਫੁੱਲਾਂ ਦੀ ਬਾਰਿਸ਼ ਕੀਤੀ ਗਈ ਅਤੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਸ਼ਹੀਦਾਂ ਦੀਆਂ ਅਸਥੀਆਂ ਨੂੰ ਵਿਦਾਇਗੀ ਦਿੱਤੀ ਗਈ।
ਇਕੱਠ ਨੂੰ ਸੰਯੁਕਤ ਕਿਸਾਨ ਮੋਰਚਾ ਆਗੂ ਮਨਜੀਤ ਧਨੇਰ ਤੋਂ ਇਲਾਵਾ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਹਰਦੇਵ ਅਰਸ਼ੀ, ਮਨਜੀਤ ਰਾਜ, ਨਛੱਤਰ ਸਹੌਰ, ਕਰਮਜੀਤ ਬੀਹਲਾ, ਗੁਰਮੀਤ ਸੁਖਪੁਰਾ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਵੇਗਾ। ਇਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਪਾ ਕੇ ਕਿਸਾਨ ਅੰਦੋਲਨ ਦੀ ਮਸ਼ਾਲ ਦੀ ਲਾਟ ਨੂੰ ਹੋਰ ਮਘਾਇਆ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਸੱਤ ਸੌ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਸਥੀ ਕਲਸ਼ ਯਾਤਰਾ ਨੂੰ ਪੂਰੇ ਸਤਿਕਾਰ ਸਹਿਤ ਅਗਲੇ ਪੜਾਅ ਰਾਮਪੁਰਾ ਲਈ ਰਵਾਨਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਬਰਨਾਲਾ ਦੇ ਕਈ ਆਗੂ ਅੱਗੇ ਹੁਸੈਨੀਵਾਲਾ ਤੱਕ ਯਾਤਰਾ ਦੇ ਨਾਲ ਜਾਣਗੇ ਜਿਥੇ ਸ਼ਾਮ ਚਾਰ ਵਜੇ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਬੁਰਜ ਗਿੱਲ, ਦਰਸ਼ਨ ਸਿੰਘ ਉੱਗੋਕੇ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਗੁਰਜੰਟ ਸਿੰਘ, ਹਰਚਰਨ ਚਹਿਲ, ਭੋਲਾ ਸਿੰਘ ਛੰਨਾ, ਜਗਰਾਜ ਹਰਦਾਸਪੁਰਾ, ਗੁਰਨਾਮ ਠੀਕਰੀਵਾਲਾ ਆਦਿ ਆਗੂ ਵੀ ਹਾਜ਼ਰ ਸਨ। ਪਰਮਿੰਦਰ ਹੰਡਿਆਇਆ ਦੀ ਅਗਵਾਈ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਆਗੂ ਟੀਮ ਵੱਲੋਂ ਕਾਫਲੇ ਲਈ ਚਾਹ ਦਾ ਪ੍ਰਬੰਧ ਕੀਤਾ ਗਿਆ।