ਸ਼ਗਨ ਕਟਾਰੀਆ
ਬਠਿੰਡਾ, 26 ਮਈ
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਇਥੇ ਬੱਸ ਅੱਡੇ ਨੇੜੇ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਖ਼ਾਨ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਖਿਆ ਵਿਭਾਗ ਦੇ ਇਨਲਿਸਟਮੈਂਟ ਤੇ ਆਉੂਟਸੋਰਸ ਕਾਮਿਆਂ ਨੂੰ ਪੱਕੇ ਕਰਨ ਸਣੇ ਹੋਰ ਮੰਗਾਂ ਲਈ 10 ਮਈ ਨੂੰ ਡੀ.ਸੀ. ਸੰਗਰੂਰ ਨੇ 24 ਮਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਿਸਚਿਤ ਕਰਵਾਇਆ ਸੀ ਪਰ ਐਨ ਆਖ਼ਰੀ ਮੌਕੇ ਮੀਟਿੰਗ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਕਰੀਬ ਡੇਢ ਦਹਾਕੇ ਤੋਂ ਜਸਸ ਵਿਭਾਗ ’ਚ ਸੇਵਾਵਾਂ ਦੇ ਰਹੇ ਹਨ ਅਤੇ ਪੱਕੇ ਹੋਣ ਲਈ ਕਈ ਸਾਲਾਂ ਤੋਂ ਜੱਦੋ-ਜਹਿਦ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੇ ਇਨਲਿਸਟਮੈਂਟ, ਆਊਟਸੋਰਸ ਅਧੀਨ ਕੰਮ ਕਰਦੇ ਕਾਮਿਆਂ ਨੂੰ ਸਬੰਧਿਤ ਵਿਭਾਗ ’ਚ ਸਿੱਧੇ ਸ਼ਾਮਲ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਐੱਚਆਰਐੱਮਐੱਸ ਪੋਰਟਲ ’ਤੇ ਕੰਟਰੈਕਚੁਅਲ ਅਧੀਨ ਇਨਲਿਸਟਡ ਕਾਮਿਆਂ ਦੇ ਚੜ੍ਹੇ ਵੇਰਵੇ ਦੀ ਮਿਟਾਈ ਐਂਟਰੀ ਬਹਾਲ ਹੋਵੇ। ਤਨਖਾਹ 15ਵੀਂ ਲੇਬਰ ਕਾਨਫਰੰਸ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਨਿਸ਼ਚਿਤ ਕੀਤੀ ਜਾਵੇ। ਇਨਲਿਸਟਮੈਂਟ ਕਾਮਿਆਂ ਲਈ ਈਪੀਐੱਫ ਤੇ ਈਐਸਆਈ ਲਾਗੂ ਹੋਵੇ। ਵਿਭਾਗ ਅਧੀਨ ਚੱਲਦੀਆਂ ਜਲ ਸਪਲਾਈ ਸਕੀਮਾਂ ਦਾ ਨਿੱਜੀਕਰਨ ਤੇ ਪੰਚਾਇਤੀਕਰਨ ਬੰਦ ਹੋਵੇ। ਪੰਚਾਇਤਾਂ ਅਧੀਨ ਕੀਤੇ ਜਲ ਘਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ।