ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੁਲਾਈ
ਪੰਜਾਬ ਵਿੱਚ ਕਈ ਥਾਵਾਂ ’ਤੇ ਰਾਤ ਨੂੰ ਆਏ ਝੱਖੜ ਤੇ ਬਾਅਦ ਵਿੱਚ ਪਏ ਭਾਰੀ ਮੀਂਹ ਨੇ ਖੇਤਾਂ ਨੂੰ ਪਾਣੀ ਨਾਲ ਭਰ ਦਿੱਤਾ। ਖੇਤਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਬਿਜਲੀ ਦੀਆਂ ਮੋਟਰਾਂ ਬੰਦ ਕਰ ਰੱਖੀਆਂ ਹਨ ਅਤੇ ਪਛੇਤੇ ਝੋਨੇ ਅਤੇ ਅਗੇਤੀ ਬਾਸਮਤੀ ਦੀ ਲਵਾਈ ਲਈ ਰੁੱਝ ਗਏ ਹਨ। ਦੂਰ-ਦੂਰ ਤੱਕ ਝੋਨੇ ਦੀ ਹਰੇਵਾਈ ਵਿਖਾਈ ਦੇਣ ਲੱਗੀ ਹੈ। ਮੀਂਹ ਦੀਆਂ ਲਹਿਰਾਂ-ਬਹਿਰਾਂ ਤੋਂ ਅੰਨਦਾਤਾ ਬਾਗੋਬਾਗ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੇ ਸਾਉਣੀ ਦੀਆਂ ਸਾਰੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਅੱਜ ਤੋਂ ਹੀ ਵਾਧੇ ਵਾਲੇ ਪਾਸੇ ਤੋਰ ਦੇਣਾ ਹੈ। ਉਨ੍ਹਾਂ ਮੀਂਹ ਨੂੰ ਫਸਲਾਂ ਲਈ ਸਰਵੋਤਮ ਟਾਨਿਕ ਕਰਾਰ ਦਿੱਤਾ ਹੈ। ਮੌਸਮ ਮਾਹਿਰਾਂ ਮੁਤਾਬਕ ਪੰਜਾਬ ਵਿੱਚ ਮੀਂਹਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਉਨ੍ਹਾਂ ਅਨੁਸਾਰ ਰਾਜ ਤਿੰਨ-ਚਾਰ ਦਿਨ ਚੰਗਾ ਭਰਵਾਂ ਮੀਂਹ ਪੈਣ ਦੀ ਉਮੀਦ ਹੈ।
ਬਠਿੰਡਾ(ਸ਼ਗਨ ਕਟਾਰੀਆ): ਲੰਘੀ ਰਾਤ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੀਂਹ ਅਤੇ ਝੱਖੜ ਆਏ। ਦਰਮਿਆਨੇ ਮੀਂਹ ਸਦਕਾ ਹੁੰਮਸ ਤੇ ਗਰਮੀ ਨਾਲ ਲੂਸੀ ਕਾਇਨਾਤ ਮੁੜ ਤਰੋ-ਤਾਜ਼ਾ ਹੋ ਕੇ ਲਿਸ਼ਕਣ ਲੱਗੀ। ਝੱਖੜ ਨੇ ਵੱਡੀ ਗਿਣਤੀ ’ਚ ਦਰਖ਼ਤਾਂ ਨੂੰ ਨਿਸ਼ਾਨਾ ਬਣਾਇਆ। ਖੇਤੀ ਲਈ ਅੰਮ੍ਰਿਤ ਬਣ ਕੇ ਵਰ੍ਹੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਖੇੜਾ ਲੈ ਆਂਦਾ।