ਜੇਤੂ ਅਕਾਲੀ ਉਮੀਦਵਾਰਾਂ ਨੂੰ ਸਰਟੀਫਿਕੇਟ ਦੇਣ ’ਚ ਦੇਰੀ ਕਰਨ ’ਤੇ ਭੜਕਿਆ ਅਕਾਲੀ ਦਲ
ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਠਿੰਡਾ ਰੋਡ ’ਤੇ ਦਿੱਤਾ ਧਰਨਾ
‘ਆਪ’ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਪੰਚਾਇਤ ਸਮਿਤੀ ਜ਼ੋਨ ਜੰਬਰ ਬਸਤੀ ਤੋਂ ਵਿਧਾਇਕਾ ਦੀ ਚਾਚੀ ਨੂੰ ਹਰਾਉਣ ਵਾਲੇ ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ਅਤੇ ਕੁੱਝ ਹੋਰ ਜੇਤੂ ਅਕਾਲੀ ਉਮੀਦਵਾਰਾਂ ਨੂੰ ਜੇਤੂ ਪੱਤਰ ਜਾਰੀ ਕਰਨ ਵਿੱਚ ਦੇਰੀ ਕਰਨ ਤੋਂ ਭੜਕੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗਿਣਤੀ ਕੇਂਦਰ ਦੇ ਬਾਹਰ ਬਠਿੰਡਾ ਰੋਡ ’ਤੇ ਧਰਨਾ ਲਾ ਦਿੱਤਾ, ਜੋ ਬਾਅਦ ਵਿੱਚ ਜੇਤੂ ਅਕਾਲੀ ਉਮੀਦਵਾਰਾਂ ਨੂੰ ਜੇਤੂ ਪੱਤਰ ਜਾਰੀ ਕਰਨ ’ਤੇ ਸਮਾਪਤ ਕੀਤਾ ਗਿਆ।
ਚੋਣ ਅਧਿਕਾਰੀ ਵੱਲੋਂ ਜਦੋਂ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਜੇਤੂ ਪੱਤਰ ਜਾਰੀ ਕਰਨ ਵਿੱਚ ਦੇਰੀ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਨੇ ਪੱਤਰ ਜਾਰੀ ਕਰਨ ਦੀ ਵਾਰ ਵਾਰ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਆਪ ਦੇ ਜੇਤੂਆਂ ਨੂੰ ਤੁਰੰਤ ਜੇਤੂ ਪੱਤਰ ਦਿੱਤੇ ਜਾ ਰਹੇ ਹਨ ਪਰ ਜੇਤੂ ਅਕਾਲੀਆਂ ਲਈ ਕਿਉਂ ਦੇਰੀ ਕੀਤੀ ਜਾ ਰਹੀ ਹੈ।ਜਦੋਂ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਨਾ ਸੁਣੀ ਤਾਂ ਭੜਕੇ ਅਕਾਲੀਆਂ ਨੇ ਗਿਣਤੀ ਕੇਂਦਰ ਦਸਮੇਸ਼ ਸਕੂਲ ਦੇ ਬਾਹਰ ਬਠਿੰਡਾ ਰੋਡ ’ਤੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਧਰਨਾਕਾਰੀਆਂ ਨੇ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਪਰ ਚੋਣ ਅਧਿਕਾਰੀ ਵੱੱਲੋਂ ਜੇਤੂ ਅਕਾਲੀ ਉਮੀਦਵਾਰਾਂ ਨੂੰ ਜੇਤੂ ਸਰਟੀਫਿਕੇਟ ਜਾਰੀ ਕਰਨ ਬਾਅਦ ਸ਼ਾਂਤ ਹੋਏ ਧਰਨਾਕਰੀਆਂ ਨੇ ਧਰਨਾ ਸਮਾਪਤ ਕੀਤਾ।

