ਸ਼ਗਨ ਕਟਾਰੀਆ
ਬਠਿੰਡਾ, 3 ਦਸੰਬਰ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਪਹੁੰਚੇ ਅਤੇ ਉਨ੍ਹਾਂ ਤਿੰਨ ਵਿਧਾਨ ਸਭਾ ਹਲਕਿਆਂ ਦੇ ਮੁਕਾਮੀ ਆਗੂਆਂ ਨੂੰ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਤਾਕੀਦ ਕੀਤੀ।
ਇਸ ਦੌਰਾਨ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਮੁਖ਼ਾਤਬਿ ਹੁੰਦਿਆਂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭਾਜਪਾ ਨੂੰ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦਾ ਮੌਕਾ ਮਿਲਿਆ ਹੈ ਅਤੇ ਉਹ ਹਰ ਵਿਧਾਨ ਸਭਾ ਹਲਕੇ ’ਚ ਜਾ ਕੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। ਕਿਸੇ ਪਾਰਟੀ ਨਾਲ ਗੱਠਜੋੜ ਬਾਰੇ ਸਪਸ਼ਟ ਜਵਾਬ ਦੇਣ ਦੀ ਬਜਾਏ ਉਨ੍ਹਾਂ ਹਾਈਕਮਾਂਡ ਵੱਲੋਂ ਸਾਰੇ ਹਲਕਿਆਂ ’ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਡਿਊਟੀ ਲਾਏ ਜਾਣ ਦੀ ਗੱਲ ਆਖੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਕਿਸਾਨ ਦੇ ਹਿੱਤ ਵਿਚ ਲਿਆਂਦੇ ਸਨ ਅਤੇ ਦੇਸ਼ ਦੇ ਹਿੱਤ ਵਿਚ ਰੱਦ ਕੀਤੇ ਹਨ। ਇਸ ਦੌਰਾਨ ਭਾਵੇਂ ਮੀਡੀਆ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ ਪਰ ਸਰੋਤਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਸੂਬਾ ਪ੍ਰਧਾਨ ਨੇ ਜਿੱਥੇ ਢਿੱਲੀ ਕਾਰਜਸ਼ੈਲੀ ਵਾਲੇ ਮੁਕਾਮੀ ਆਗੂਆਂ ਦੀ ਖਿਚਾਈ ਕੀਤੀ, ਉਥੇ ਸਰਗਰਮ ਵਰਕਰਾਂ ਨੂੰ ਸ਼ਾਬਾਸ਼ ਵੀ ਦਿੱਤੀ।
ਕਿਸਾਨਾਂ ਵੱਲੋਂ ਸੰਕੇਤਕ ਵਿਰੋਧ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨਾਂ ਨੇ ਸੁਖਦੇਵ ਸਿੰਘ ਜਵੰਧਾ, ਭੋਲਾ ਸਿੰਘ ਰਾਏ ਕੇ ਕਲਾਂ, ਹਰਮਨ ਸਿੰਘ ਕਰਮਗੜ੍ਹ ਛਤਰਾਂ ਦੀ ਅਗਵਾਈ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਵੱਲੋਂ ਇਥੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਪੁਲੀਸ ਦਸਤਿਆਂ ਨੇ ਵਿਖਾਵਾਕਾਰੀਆਂ ਨੂੰ ਮੀਟਿੰਗ ਵਾਲੀ ਥਾਂ ਤੋਂ ਦੂਰ ਰੋਕ ਲਿਆ ਤਾਂ ਕਿਸਾਨ ਧਰਨੇ ’ਤੇ ਬੈਠ ਗਏ।