‘ਆਪ’ ਵੱਲੋਂ ਕਿਸਾਨਾਂ ਦੇ ਹੱਕ ’ਚ ਧਰਨੇ ਭਲਕ ਤੋਂ

‘ਆਪ’ ਵੱਲੋਂ ਕਿਸਾਨਾਂ ਦੇ ਹੱਕ ’ਚ ਧਰਨੇ ਭਲਕ ਤੋਂ

ਸ਼ਗਨ ਕਟਾਰੀਆ 
ਬਠਿੰਡਾ, 26 ਸਤੰਬਰ

ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਆਮ ਆਦਮੀ ਪਾਰਟੀ (ਆਪ) 28 ਸਤੰਬਰ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਮੁਕਾਮਾਂ ’ਤੇ ਧਰਨਿਆਂ ਦੀ ਸ਼ੁਰੂਆਤ ਕਰੇਗੀ। ਇਹ ਅਹਿਮ ਐਲਾਨ ਇਥੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੀਤਾ।  ਆਪਣੇ ਸਾਥੀ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ, ਮਾਸਟਰ ਬਲਦੇਵ ਸਿੰਘ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੀ ਮੌਜੂਦਗੀ ਵਿੱਚ ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਕਿਸਾਨਾਂ ਦਾ ਸਾਥ ਛੱਡ ਕੇ ਇਸ ਲਈ ਮੋਦੀ ਦੀ ਗੋਦੀ ਚੜ੍ਹੇ ਹੋਏ ਹਨ ਕਿਉਂਕਿ ਦੋਵਾਂ ਦੀ ਕਮਜ਼ੋਰੀ ਅੰਨ੍ਹਾ ਭ੍ਰਿਸ਼ਟਾਚਾਰ ਹੈ।  ਉਨ੍ਹਾਂ ਚੁਟਕੀ ਲਈ ਕਿ ‘ਨੂੰਹ-ਰਾਣੀ’ ਦੇ ਅਸਤੀਫ਼ੇ ਪਿੱਛੋਂ ਕਿਸਾਨ ਸੰਘਰਸ਼ ਦੇ ਬਰਾਬਰ ‘ਚੱਕਾ ਜਾਮ’ ਦੀ ਸਾਜ਼ਿਸ਼ ‘ਮੋਗੈਂਬੋ’ ਨੂੰ ਖ਼ੁਸ਼ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣਨ ਵਾਲਾ ਪਰਿਵਾਰ ‘ਡਰਾਮੇਬਾਜ਼ੀ’ ਨੂੰ ‘ਕੁਰਬਾਨੀ’ ਦੱਸ ਰਿਹਾ ਹੈ।  ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬਾਦਲ ਭਾਜਪਾ ਨਾਲੋਂ ਗੱਠਜੋੜ ਤੋੜਨ ਜਾ ਨਾ ਤੋੜਨ, ਇਹ ਗੱਲ ਹੁਣ ਕੋਈ ਮਾਅਨੇ ਨਹੀਂ ਰੱਖਦੀ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ (ਬਾਦਲਾਂ) ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਸ੍ਰੀ ਚੀਮਾ ਨੇ ਦੱਸਿਆ ਕਿ 28 ਸਤੰਬਰ ਤੋਂ ਰੋਜ਼ਾਨਾ ਦੋ ਜ਼ਿਲ੍ਹਿਆਂ ’ਚ ਧਰਨੇ ਦੇਣ ਪਿੱਛੋਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਉਹ ਮੈਕਸ ਹਸਪਤਾਲ ਵਿਚ 22 ਸਤੰਬਰ ਨੂੰ ਬੱਸ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨਾਂ ਦਾ ਪਤਾ ਲੈਣ ਵੀ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All