‘ਆਪ’ ਨੇ ਸੁਣਾਈਆਂ ਬਾਦਲਾਂ ਨੂੰ ‘ਸਿੱਠਣੀਆਂ’

* ਕੇਂਦਰੀ ਖੇਤੀ ਆਰਡੀਨੈਂਸ ਲਈ ਅਕਾਲੀਆਂ ਨੂੰ ਪਾਈ ਫਟਕਾਰ; * ਆਮ ਆਦਮੀ ਪਾਰਟੀ ਨੇ ਫੂਕੇ ਮੋਦੀ ਤੇ ਸੁਖਬੀਰ ਬਾਦਲ ਦੇ ਪੁਤਲੇ

‘ਆਪ’ ਨੇ ਸੁਣਾਈਆਂ ਬਾਦਲਾਂ ਨੂੰ ‘ਸਿੱਠਣੀਆਂ’

ਬਠਿੰਡਾ ’ਚ ਪੁਤਲੇ ਸਾੜਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ। -ਫੋਟੋ: ਵਿਜੈ ਕੁਮਾਰ

ਸ਼ਗਨ ਕਟਾਰੀਆ
ਬਠਿੰਡਾ, 29 ਜੂਨ

ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੁਤਲੇ ਫੂਕ ਕੇ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਉਪਰੋਥਲੀ ਲੋਕ-ਮਾਰੂ ਆਰਡੀਨੈਂਸ ਲਿਆ ਰਹੀ ਹੈ ਅਤੇ ਬਾਦਲ ਪਰਿਵਾਰ ਕੇਂਦਰ ਦੀ ਇੱਕ ਵਜ਼ੀਰੀ ਖ਼ਾਤਰ ਮੋਦੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੋਇਆ ‘ਸੱਤ ਬਚਨ’ ਆਖੀ ਜਾ ਰਿਹਾ ਹੈ। ਟਕੋਰਾਂ ਮਾਰੀਆਂ ਗਈਆਂ ਕਿ ‘ਹੁਣ ਜਦੋਂ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ ਆਰਡੀਨੈਂਸ ਵਿਰੁੱਧ ਕੇਂਦਰ ਨੂੰ ਮਿਲਣ ਜਾ ਰਹੀਆਂ ਹਨ ਤਾਂ ਅਕਾਲੀ ਦਲ ਨੇ ਵਫ਼ਦ ਨਾਲ ਜਾਣ ਤੋਂ ਕੋਰੀ ਨਾਂਹ ਕਰ ਕੇ ਹਰਸਿਮਰਤ ਬਾਦਲ ਦੀ ਕੁਰਸੀ ਲਈ ‘ਵੱਡੀ ਕੁਰਬਾਨੀ’ ਦੇ ਦਿੱਤੀ ਹੈ।

‘ਆਪ’ ਦੇ ਸੂਬਾਈ ਆਗੂ ਅਨਿਲ ਠਾਕੁਰ, ਅਮਰਜੀਤ ਰਾਜਨ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਪਾਰਟੀ ਦੇ ਬੁਲਾਰੇ ਨੀਲ ਗਰਗ, ਸ਼ਹਿਰੀ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਸਮੇਤ ਮੁਕਾਮੀ ਲੀਡਰਸ਼ਿਪ ਇਸ ਵਿਖਾਵੇ ਦਾ ਹਿੱਸਾ ਬਣੀ। ਆਗੂਆਂ ਨੇ ਆਖਿਆ ਕਿ ਕੇਂਦਰ ਦਾ ਖੇਤੀ ਆਰਡੀਨੈਂਸ ਕਿਸਾਨੀ ਨੂੰ ਤਬਾਹ ਕਰ ਦੇਵੇਗਾ ਜਿਣਸਾਂ ਦੇ ਘੱਟੋ ਘੱਟ ਸਮਰਥਨ ਭਾਅ ਰੋਕ ਦਿੱਤੇ ਜਾਣਗੇ ਅਤੇ ਮੰਡੀਕਰਨ ਢਾਂਚਾ ਤਹਿਸ-ਨਹਿਸ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੀਆਂ ਵਾਹੀਯੋਗ ਜ਼ਮੀਨਾਂ ’ਤੇ ਕਾਰਪੋਰੇਟਾਂ ਦਾ ਕਬਜ਼ਾ ਹੋਵੇਗਾ ਅਤੇ ਮਾਲਕਾਨਾ ਹੱਕ ਗੁਆਚਣ ਪਿੱਛੋਂ ਕਿਸਾਨ ਖੇਤਾਂ ’ਚ ਮਜ਼ਦੂਰ ਵਜੋਂ ਦਿਹਾੜੀ ’ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਜਦੋਂ ਇਹ ਆਰਡੀਨੈਂਸ ਪਾਸ ਕੀਤਾ, ਉਸ ਮੀਟਿੰਗ ’ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।

ਦੋਦਾ (ਜਸਵੀਰ ਸਿੰਘ ਭੁੱਲਰ): ਆਦਮੀ ਪਾਰਟੀ ਬਲਾਕ ਦੋਦਾ ਦੇ ਆਗੂਆਂ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ਵਿੱਚ ਅੱਜ ਬੱਸ ਅੱਡਾ ਦੋਦਾ ਵਿੱਚ ਡੇਰਾ ਬਾਬਾ ਧਿਆਨ ਦਾਸ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਰਾੜ, ਜ਼ਿਲ੍ਹਾ ਕਿਸਾਨ ਪ੍ਰਧਾਨ ਜਗਮੋਹਨ ਸਿੰਘ ਸੁਖਨਾ, ਮਨਦੀਪ ਸਿੰਘ ਧੂਲਕੋਟ, ਜਗਦੇਵ ਸਿੰਘ ਰੁਖਾਲਾ, ਗੁਰਮੀਤ ਸਿੰਘ ਆਦਿ ਸਾਂਝੇ ਤੌਰ ’ਤੇ ਕਿਹਾ ਕਿ ਮੋਦੀ ਸਰਕਾਰ ਸੂਬਿਆਂ ਦੇ ਹੱਕਾਂ ਦਾ ਘਾਣ ਕਰ ਰਹੀ ਅਤੇ ਨਵੇਂ ਆਰਡੀਨੈਂਸ ਕਿਸਾਨ ਅਤੇ ਪੰਜਾਬ ਵਿਰੋਧੀ ਹਨ।

ਫ਼ਰੀਦਕੋਟ (ਜਸਵੰਤ ਜੱਸ): ਆਮ ਆਦਮੀ ਪਾਰਟੀ ਦੀ ਫ਼ਰੀਦਕੋਟ ਇਕਾਈ ਨੇ ਦੇਸ਼ ਵਿੱਚ ਮਹਿੰਗੇ ਪੈਟਰੋਲ-ਡੀਜ਼ਲ ਅਤੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਸੁਖਬੀਰ ਸਿੰਘ ਵੱਲੋਂ ਹਮਾਇਤ ਦੇਣ ਖਿਲਾਫ਼ ਇੱਥੇ ਰੋਸ ਮਾਰਚ ਕਰਨ ਤੋਂ ਬਾਅਦ ਸੁਖਬੀਰ ਬਾਦਲ ਦਾ ਪੁਤਲਾ ਸਾੜਿਆ। ਆਗੂਆਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਅਤੇ ਅਹਿਮ ਮੰਗਾਂ ਨੂੰ ਦਾਅ ‘ਤੇ ਲਾ ਦਿੱਤਾ ਹੈ। ਗੁਰਦਿੱਤ ਸਿੰਘ ਸੇਖੋਂ ਅਤੇ ਜਸਪਾਲ ਸਿੰਘ ਸਾਦਿਕ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ।

ਸਰਦੂਲਗੜ੍ਹ (ਬਲਜੀਤ ਸਿੰਘ): ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਅਤੇ ਸੁਖਬੀਰ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬੱਸ ਅੱਡਾ ਚੌਕ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਬਾਦਲ ਦੇ ਪੁਤਲੇ ਫੂਕੇ ਗਏ। ‘ਆਪ’ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ, ਨੇਮ ਚੰਦ ਚੌਧਰੀ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਦੀ ਕੱਠਪੁਤਲੀ ਬਣਕੇ ਰਹਿ ਗਈ ਹੈ।

ਮੌੜ ਮੰਡੀ (ਜਗਤਾਰ ਅਣਜਾਣ): ਇੱਥੇ ਮੰਡੀ ਅੰਦਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ ਦੀ ਅਗਵਾਈ ‘ਚ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੇ ਹੱਕ ‘ਚ ਖੜ੍ਹਦਿਆਂ ਲੌਕਡਾਊਨ ਦੌਰਾਨ ਮੋਦੀ ਸਰਕਾਰ ਵੱਲੋਂ ਥੋਪੇ ਜਾ ਰਹੇ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਹਲਕਾ ਮੌੜ ਦੇ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਪਤਨੀ, ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੇ ਹੱਕ ਚ ਖੜ੍ਹਨ ਦੀ ਬਜਾਏ ਲੋਕ ਮਾਰੂ ਨੀਤੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਆਮ ਆਦਮੀ ਪਾਰਟੀ ਨੇ ਕਿਸਾਨੀ ਵਿਰੋਧੀ ਤਿੰਨ ਆਰਡੀਨੈਂਸ ਮਾਮਲੇ ’ਚ ਵਿਰੋਧੀ ਭੂਮਿਕਾ ਨਿਭਾਉਣ ਦੇ ਰੋਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਬਾਦਲ ਪਰਿਵਾਰ ਉਪਰ ਇਕ ਕੇਂਦਰੀ ਮੰਤਰੀ ਦੀ ਕੁਰਸੀ ਪਿੱਛੇ ਪੰਜਾਬ ਦੇ ਹਿਤਾਂ ਨੂੰ ਦਾਅ ‘ਤੇ ਲਗਾਉਣ ਦਾ ਦੋਸ਼ ਵੀ ਲਗਾਇਆ। ਪਾਰਟੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਪਾਰਟੀ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਜੇ ਸ਼ਰਮਾ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਕਿਸਾਨੀ ਵਿਰੋਧੀ ਤਿੰਨ ਆਰਡੀਨੈਂਸ ਦੇ ਮਾਮਲੇ ’ਤੇ ਅਕਾਲੀ ਦਲ ਦੋਹਰੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲੋਂ ਵੀ ਇਸ ਮੁੱਦੇ ’ਤੇ ਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ।

ਮਲੋਟ (ਲਖਵਿੰਦਰ ਸਿੰਘ): ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ‘ਚ ਖੜਦਿਆਂ ਆਮ ਆਦਮੀ ਪਾਰਟੀ ਮਲੋਟ ਵੱਲੋਂ ਲੌਕਡਾਊਨ ਦੌਰਾਨ ਮੋਦੀ ਸਰਕਾਰ ਵੱਲੋਂ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਤਹਿਸੀਲ ਰੋਡ ਚੌਕ ਮਲੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।

ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ): ਸਥਾਨਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਚੌਕ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕਚੂਰਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਨ ਦੀ ਬਜਾਏ ਅਕਾਲੀ ਦਲ ਬਾਦਲ ਨੇ ਸਮਰਥਨ ਕੀਤਾ ਹੈ, ਜਿਸ ਨੂੰ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।

ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਆਮ ਆਦਮੀ ਪਾਰਟੀ ਦੇ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਹੇਠ ਹਲਕਾ ਬਠਿੰਡਾ ਦਿਹਾਤੀ ਦੇ ਵਾਲੰਟੀਅਰਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ।

ਨਵੇਂ ਆਰਡੀਨੈਂਸ ਕਿਸਾਨ ਮਾਰੂ ਕਰਾਰ

ਬਰਨਾਲਾ (ਪਰਸ਼ੋਤਮ ਬੱਲੀ): ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ‘ਆਪ’ ਵਰਕਰਾਂ ਵੱਲੋਂ ਸਥਾਨਕ ਕਚਹਿਰੀ ਚੌਕ ਵਿੱਚ ਖੇਤੀ ਵਿਰੋਧੀ ਕੇਂਦਰੀ ਆਰਡੀਨੈਂਸਾਂ ਦੇ ਹੱਕ ‘ਚ ਖੜ੍ਹਨ ਦੇ ਵਿਰੋਧ ਵਜੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ। ਵਿਧਾਇਕ ਮੀਤ ਹੇਅਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜੋ ਕਿਸਾਨ ਤੇ ਖੇਤੀ ਢਾਂਚੇ ਸੰਬੰਧੀ ਤਿੰਨ ਆਰਡੀਨੈਂਸ ਲਿਆਂਦੇ ਹਨ ਉਹ ਪੂਰੀ ਤਰ੍ਹਾਂ ਕਿਸਾਨ ਮਾਰੂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All