ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ , 5 ਜੂਨ
ਅੱਜ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਅਤੇ ਬਠਿੰਡਾ ਸਿਵਲ ਹਸਪਤਾਲ ਦੀ ਟੀਮ ਨਾਲ ਮਿਲ ਕੇ ਇਥੋਂ ਦੇ ਇੰਦਰਾਣੀ ਹਸਪਤਾਲ ਵਿੱਚ ਛਾਪਾ ਮਾਰਿਆ। ਉਨ੍ਹਾਂ ਨੂੰ ਹਸਪਤਾਲ ਵਿੱਚ ਲਿੰਗ ਜਾਂਚ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਮਿਲਣ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇਕ ਔਰਤ ਨੂੰ ਨਕਲੀ ਮਰੀਜ਼ ਬਣਾ ਕੇ ਹਸਪਤਾਲ ਭੇਜਿਆ ਤੇ ਪੁਸ਼ਟੀ ਹੋਣ ’ਤੇ ਹਸਪਤਾਲ ’ਤੇ ਛਾਪਾ ਮਾਰਿਆ।
ਅਧਿਕਾਰੀ ਹਸਪਤਾਲ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਹਸਪਤਾਲ ਨੇ ਏਜੰਟ ਰੱਖੇ ਹੋਏ ਸਨ ਜੋ ਸਿਰਸਾ ਇਲਾਕੇ ਤੋਂ ਮਰੀਜ਼ਾਂ ਨੂੰ ਇਥੇ ਲਿਆਉਂਦੇ ਸਨ। ਪੁਲੀਸ ਨੇ ਤਿੰਨ ਕਥਿਤ ਏਜੰਟਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇੰਦਰਾਣੀ ਹਸਪਤਾਲ ਦੇ ਮਾਲਕ ਡਾਕਟਰ ਅਤਿਨ ਗੁਪਤਾ ਨੇ ਹਸਪਤਾਲ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਹਸਪਤਾਲ ਦੇ ਨਾਂ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ।