
ਮਨੋਜ ਸ਼ਰਮਾ
ਬਠਿੰਡਾ 18 ਮਾਰਚ
ਮਾਲਵੇ ਖੇਤਰ ਵਿੱਚ ਦੋ ਦਿਨਾਂ ਤੋਂ ਬਾਰਿਸ਼ ਤੇ ਝੱਖੜ ਕਾਰਨ ਕਣਕ ਦੀ 50 ਹਜ਼ਾਰ ਏਕੜ (20 ਹਜ਼ਾਰ ਹੈਕਟੇਅਰ) ਫ਼ਸਲ ਬੁਰੀ ਤਰਾਂ ਤਬਾਹ ਹੋਣ ਦੇ ਸਰਕਾਰੀ ਅੰਕੜੇ ਪ੍ਰਾਪਤ ਹੋਏ ਹਨ। ਝੱਖੜ ਅਤੇ ਮੀਂਹ ਕਾਰਨ ਜਿੱਥੇ ਬਠਿੰਡਾ ਜ਼ਿਲ੍ਹੇ ਅੰਦਰ ਬਿਜਲੀ ਪ੍ਰਭਾਵਿਤ ਰਹੀ ਉੱਥੇ ਨਹਿਰੀ ਸੂਏ ਤੇ ਕੱਸੀਆਂ ਵਿਚ ਦਰਖ਼ਤ ਡਿੱਗਣ ਟੁੱਟਣ ਦਾ ਖ਼ਤਰਾ ਬਣਿਆ ਰਿਹਾ। ਪਿੰਡ ਝੁੰਬਾਂ ਦੇ ਕਿਸਾਨ ਜਗਸੀਰ ਸਿੰਘ ਨੇ ‘ਆਪ’ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਝੱਖੜ ਕਾਰਨ ਕਣਕ ਅਤੇ ਸਰ੍ਹੋਂ ਦੀ ਫ਼ਸਲ ਪੂਰੀ ਤਰਾਂ ਬਰਬਾਦ ਹੋ ਗਈ ਹੈ ਪਰ ਹਾਲੇ ਤੱਕ ਸਰਕਾਰ ਨੇ ਹਾਅ ਤੱਕ ਦਾ ਨਾਅਰਾ ਵੀ ਨਹੀਂ ਮਾਰਿਆ। ਬਠਿੰਡਾ ਖੇਤਰ ਵਿਚ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਕੁੱਲ 2 ਲੱਖ 60 ਹਜ਼ਾਰ ਹੈਕਟੇਅਰ ਕਣਕ ਤੇ 3000 ਹਜ਼ਾਰ ਏਕੜ ਸਰ੍ਹੋਂ ਦੀ ਬੀਜਾਂਦ ਕੀਤੀ ਗਈ ਸੀ। ‘ਪੰਜਾਬੀ ਟ੍ਰਿਬਿਊਨ’ ਨੂੰ ਮਿਲੇ ਅੰਕੜਿਆਂ ਮੁਤਾਬਕ ਜਾਣਕਾਰੀ ਮੁਤਾਬਕ ਬਠਿੰਡਾ, ਸੰਗਤ, ਨਥਾਣਾ, ਭਗਤਾ, ਗੋਨਿਆਣਾ ਖੇਤਰ ਵਿਚ ਬਾਰਸ਼ ਅਤੇ ਝੱਖੜ ਕਾਰਨ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ। ਜ਼ਿਲ੍ਹੇ ਦੇ 7 ਬਲਾਕਾਂ ਵਿਚੋਂ ਮੋੜ, ਤਲਵੰਡੀ, ਫੂਲ, ਅਤੇ ਰਾਮਪੁਰਾ ਬਲਾਕ ਅੰਦਰ ਕਣਕ ਦੀ ਫ਼ਸਲ ਘੱਟ ਖ਼ਰਾਬ ਹੋਣ ਦੀ ਗੱਲ ਕਹੀ ਗਈ ਹੈ। ਖੇਤੀਬਾੜੀ ਵਿਭਾਗ ਨੇ ਦਾਅਵਾ ਕੀਤਾ ਹੈ ਬਠਿੰਡਾ ਖੇਤਰ ਵਿਚ 50 ਹਜ਼ਾਰ ਏਕੜ ਜਾਣੀ ਕਿ 20 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਜੋ 8 ਪ੍ਰਤੀਸ਼ਤ ਬਣਦਾ ਹੈ। ਉੱਧਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਖੇਤੀ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਪਹੁੰਚ ਤੱਕ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀਬਾੜੀ ਵਿਭਾਗ ਸਹੀ ਅੰਕੜੇ ਲੁਕੋ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੇਮੌਸਮੀ ਬਾਰਿਸ਼ ਨੂੰ ਕੁਦਰਤੀ ਆਫ਼ਤ ਐਲਾਨ ਦੇ ਹੋਏ ਤੁਰੰਤ ਗਿਰਦਵਾਰੀਂ ਕਰਵਾ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ: ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਬਠਿੰਡਾ ’ਚ ਕਣਕ ਦੀ ਫ਼ਸਲ ਦਾ 8 ਪ੍ਰਤੀਸ਼ਤ ਨੁਕਸਾਨ ਹੋਇਆ ਹੈ ਜੋ ਕੋਈ ਜ਼ਿਆਦਾ ਨਹੀਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਪਿਛੇਤੀ ਕਣਕ ਨੂੰ ਮੌਸਮ ਸਾਫ਼ ਹੋਣ ਤੇ ਪਤਲਾ- ਪਤਲਾ ਪਾਣੀ ਲਾਉਣ ਤਾਂ ਜੋ ਕਣਕ ਦਾ ਹੋਰ ਨੁਕਸਾਨ ਹੋਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ