ਲੌਕਡਾਊਨ ਖ਼ਿਲਾਫ਼ ਉੱਠਣ ਲੱਗੀਆਂ ‘ਬਗ਼ਾਵਤੀ ਸੁਰਾਂ’

ਦੁਕਾਨਾਂ ਬੰਦ ਕਰਾਉਣ ਵਿਰੁੱਧ ਦੁਕਾਨਦਾਰਾਂ ਨੇ ਲਾਇਆ ਜਾਮ; ਕਈ ਥਾਈਂ ਪੁਲੀਸ ਨਾਲ ਹੋਇਆ ਤਕਰਾਰ

ਲੌਕਡਾਊਨ ਖ਼ਿਲਾਫ਼ ਉੱਠਣ ਲੱਗੀਆਂ ‘ਬਗ਼ਾਵਤੀ ਸੁਰਾਂ’

ਬਰਨਾਲਾ ਦੇ ਮੁੱਖ ਸਦਰ ਬਾਜ਼ਾਰ ’ਚ ਧਰਨਾ ਦਿੰਦੇ ਹੋਏ ਵਪਾਰੀ ਤੇ ਕਿਸਾਨ। - ਫੋਟੋ: ਰੋਹਿਤ

ਸ਼ਗਨ ਕਟਾਰੀਆ
ਬਠਿੰਡਾ, 4 ਮਈ

ਕਰੋਨਾ ਮਹਾਮਾਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਾਏ ਮਿੰਨੀ ਲੌਕਡਾਊਨ ਵਿਰੁੱਧ ਲੋਕਾਂ ’ਚ ‘ਬਗ਼ਾਵਤੀ ਸੁਰਾਂ’ ਉੱਠਣ ਲੱਗੀਆਂ ਹਨ। ਅਜਿਹੀ ਸਥਿਤੀ ਇਥੇ ਸ਼ਹੀਦ ਨੰਦ ਸਿੰਘ ਚੌਕ ਕੋਲ ਖੁੱਲ੍ਹੀਆਂ ਟਾਇਰਾਂ ਵਾਲੀਆਂ ਦੁਕਾਨਾਂ ਪੁਲੀਸ ਵੱਲੋਂ ਬੰਦ ਕਰਵਾਉਣ ਪਿੱਛੋਂ ਸਾਹਮਣੇ ਆਈ। ਦੁਕਾਨਦਾਰ ਦਾਅਵਾ ਕਰ ਰਹੇ ਸਨ ਕਿ ਸਰਕਾਰੀ ਹਦਾਇਤਾਂ ’ਚ ਟਾਇਰਾਂ ਦੀਆਂ ਦੁਕਾਨਾਂ ਨੂੰ ‘ਜ਼ਰੂਰੀ ਵਸਤਾਂ’ ਵਿੱਚ ਸ਼ੁਮਾਰ ਕਰਕੇ ਖੋਲ੍ਹਣ ਦੀ ਪ੍ਰਵਾਨਗੀ ਹੈ। ਉਨ੍ਹਾਂ ਪੁਲੀਸ ’ਤੇ ‘ਧੱਕੇ’ ਨਾਲ ਦੁਕਾਨਾਂ ਬੰਦ ਕਰਾਉਣ ਦੇ ਇਲਜ਼ਾਮ ਲਾਉਂਦਿਆਂ ਅਜਿਹੀ ਹਾਲਤ ’ਚ ਪ੍ਰਸ਼ਾਸਕੀ ਹੁਕਮਾਂ ਦੇ ‘ਅਰਥਹੀਣ’ ਹੋਣ ਦੀ ਗੱਲ ਕੀਤੀ। ਪੁਲੀਸ ਵੱਲੋਂ ਦੁਕਾਨਾਂ ਬੰਦ ਕਰਾਉਣ ਦੇ ਵਿਰੋਧ ’ਚ ਦੁਕਾਨਦਾਰਾਂ ਨੇ ਬਠਿੰਡਾ-ਗੋਨਿਆਣਾ ਰੋਡ ’ਤੇ ਜਾਮ ਲਾਇਆ ਤੇ ਰੋਸ ਪ੍ਰਗਟਾਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਿਯਮਾਂ ’ਚ ਸੋਧ ਕਰਕੇ ਇਨ੍ਹਾਂ ਨੂੰ ਲੋਕ ਹਿਤੂ ਬਣਾ ਕੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ।

ਬਰਨਾਲਾ (ਰਵਿੰਦਰ ਰਵੀ): ਤਾਲਾਬੰਦੀ ਦੇ ਵਿਰੋਧ ਵਿੱਚ ਅੱਜ ਦੂਜੇ ਦਿਨ ਮੁੜ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਸੜਕਾਂ ’ਤੇ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਬਰਨਾਲਾ ਦੇ ਦੁਕਾਨਦਾਰਾਂ ਨੇ ਬਾਜ਼ਾਰ ਅਤੇ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਸੀ। ਇਸ ਤਹਿਤ ਅੱਜ ਦੂਜੇ ਦਿਨ ਵਪਾਰੀ ਅਤੇ ਦੁਕਾਨਦਾਰ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ ਵਿੱਚ ਇਕੱਠੇ ਹੋਏ। ਜਿੱਥੇ ਇਕਜੁੱਟਤਾ ਨਾਲ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਇਸ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲੀਸ ਵਿਚਾਲੇ ਤਕਰਾਰ ਵੀ ਹੋਈ। ਪੁਲੀਸ ਨੇ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੰਨਣ ਲਈ ਕਿਹਾ ਪਰ ਦੁਕਾਨਦਾਰ ਦੁਕਾਨਾਂ ਖੋਲ੍ਹਣ ਦੀ ਮੰਗ ’ਤੇ ਅੜੇ ਰਹੇ। ਵਪਾਰ ਮੰਡਲ ਦੀ ਅਗਵਾਈ ਵਿੱਚ ਸਵੇਰ ਸਮੇਂ ਕੁੱਝ ਦੁਕਾਨਾਂ ਨੂੰ ਖੁਲ੍ਹਵਾਇਆ ਵੀ ਗਿਆ, ਪਰ ਪੁਲੀਸ ਵੱਲੋਂ ਖੁੱਲ੍ਹੀਆਂ ਦੁਕਾਨਾਂ ਦੀ ਫੋਟੋਗ੍ਰਾਫੀ ਕਰਨ ਤੋਂ ਡਰਦਿਆਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਪੁਲੀਸ ਨੇ ਸਖ਼ਤੀ ਕਰਦਿਆਂ ਛੱਤਾ ਖੂਹ ’ਤੇ ਧਰਨਾ ਦੇ ਰਹੇ ਵਪਾਰੀਆਂ ਨੂੰ ਉਥੋਂ ਜਬਰੀ ਉਠਾ ਦਿੱਤਾ।

ਭੁੱਚੋ ਮੰਡੀ (ਪਵਨ ਗੋਇਲ); ਪੰਜਾਬ ਸਰਕਾਰ ਵੱਲੋਂ ਗੈਰਜਰੂਰੀ ਵਸਤਾਂ ਦੇ ਨਾਂਅ ’ਤੇ ਸ਼ਹਿਰ ਵਿੱਚ ਬੰਦ ਕਰਵਾਈਆਂ ਗਈਆਂ ਦੁਕਾਨਾਂ ਦੇ ਵਿਰੋਧ ਵਿੱਚ ਰੇਲਵੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਤਾਲਾਬੰਦ ਤੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਕਰਨ ਦੇ ਫੈਸਲੇ ਨੂੰ ਤਰਕਹੀਣ ਗਰਦਾਨਿਆ। ਇਸੇ ਤਰ੍ਹਾਂ ਜੀਵਨ ਮਾਰਕੀਟ ਵਿੱਚ ਵੀ ਦੁਕਾਨਦਾਰਾਂ ਨੇ ਇਕੱਠ ਕੀਤਾ। ਇਸ ਦੌਰਾਨ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਕੁਝ ਦੁਕਾਨਦਾਰ ਆਪਸ ਵਿੱਚ ਉਲਝਦੇ ਵੀ ਦੇਖੇ ਗਏ।

ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸ਼ਹਿਰ ਦੇ ਪਿੱਪਲ ਵਾਲਾ ਚੌਂਕ ’ਚ ਲੌਕਡਾਊਨ ਦੇ ਨਿਯਮਾਂ ਨੂੰ ਲੈ ਕੇ ਦੁਕਾਨਦਾਰ ਤੇ ਪੁਲੀਸ ਆਹਮੋ ਸਾਹਮਣੇ ਆ ਗਏ। ਇਸ ਦੌਰਾਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 2 ਵਜੇ ਤੱਕ ਖੋਲ੍ਹਣ ਦੀ ਘੋਸ਼ਣਾ ਕਰ ਦਿੱਤੀ, ਜਿਸ ਤੋਂ ਬਾਅਦ ਡੀਐਸਪੀ ਜਲਾਲਾਬਾਦ ਤੇ ਥਾਣਾ ਮੁਖੀ ਭਾਰੀ ਫੋਰਸ ਨਾਲ ਦੁਕਾਨਾਂ ਬੰਦ ਕਰਵਾਉਣ ਲਈ ਬਾਜ਼ਾਰ ’ਚ ਪੁੱਜੇ। ਇੰਨੇ ਨੂੰ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਪਰ ਪੁਲੀਸ ਨੇ ਸਖ਼ਤੀ ਕਰਦਿਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ।

ਸਰਦੂਲਗੜ੍ਹ (ਬਲਜੀਤ ਸਿੰਘ): ਕਰੋਨਾ ਦੀ ਆੜ ’ਚ ਸਰਦੂਲਗੜ੍ਹ ਪੁਲੀਸ ਵੱਲੋਂ ਸਬਜ਼ੀ ਦੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ’ਤੇ ਸਮੂਹ ਰੇਹੜੀ ਫੜ੍ਹੀ ਵਾਲਿਆਂ ਅਤੇ ਦੁਕਾਨਦਾਰਾਂ ਨੇ ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ’ਚ ਬੱਸ ਅੱਡਾ ਸਰਦੂਲਗੜ੍ਹ ਨਜ਼ਦੀਕ ਧਰਨਾ ਕੇ ਕੇ ਕੌਮੀ ਸ਼ਾਹਰਾਹ ’ਤੇ ਜਾਮ ਲਾਇਆ।

ਤਪਾ ਮੰਡੀ (ਸੀ ਮਾਰਕੰਡਾ): ਅੱਜ ਦੁਕਾਨਦਾਰਾਂ, ਰੇਹੜੀ ਵਾਲਿਆਂ ਅਤੇ ਸਬਜ਼ੀ ਵਿਕਰੇਤਾਵਾਂ ਨੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ।

ਦੋ ਦਰਜਨ ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜ

ਜੈਤੋ (ਸ਼ਗਨ ਕਟਾਰੀਆ): ਦੁਕਾਨਾਂ ਖੋਲ੍ਹਣ ਦੇ ਹੱਕ ’ਚ ਮੀਟਿੰਗ ਕਰਨ ਵਾਲੇ ਕਰੀਬ ਦੋ ਦਰਜਨ ਵਿਅਕਤੀਆਂ ’ਤੇ ਜੈਤੋ ਪੁਲੀਸ ਨੇ ਧਾਰਾ 188, 269 ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਪਾਲ ਉਰਫ਼ ਕਾਲਾ ਸ਼ਰਮਾ ਅਤੇ ਸਰਬਜੀਤ ਸਿੰਘ ਨੂੰ ਸ਼ਨਾਖ਼ਤੀ ਆਧਾਰ ’ਤੇ ਅਤੇ 15-20 ਅਣਪਛਾਤੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਐਫਆਈਆਰ ਮੁਤਾਬਿਕ ਇਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ ’ਤੇ ਕਾਲੂ ਰਾਮ ਦੀ ਬਗ਼ੀਚੀ ਵਿਚ ਇਕੱਠ ਕੀਤਾ ਸੀ ਅਤੇ ਇਹ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਉਕਸਾ ਰਹੇ ਸਨ। 

ਸਫ਼ੈਦ ਚੋਲੇ ਵਾਲੇ ਸ਼ਖ਼ਸ ਨੂੰ ਕਾਬੂ ਕਰਕੇ ਲਿਜਾਂਦੀ ਹੋਈ ਪੁਲੀਸ। -ਫੋਟੋ: ਪਵਨ ਸ਼ਰਮਾ

ਜਾਂਦੀਏ ਬਲਾਏ ਨੀਂ ਦੁਪਹਿਰਾ ਕੱਟ ਜਾ...

ਬਠਿੰਡਾ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਉੱਥੇ ਪੁੱਜੇ ਦੋ ਅੰਮਿ੍ਤਧਾਰੀ ਵਿਅਕਤੀਆਂ ’ਚੋਂ ਇੱਕ ਵੱਲੋਂ ਪੁਲੀਸ ਦਾ ਵਿਰੋਧ ਕਰਨ ’ਤੇ ਮਾਹੌਲ ਭਖ਼ ਗਿਆ। ਲੋਕਾਂ ਦੇ ਵਿਰੋਧ ਦੌਰਾਨ ਕਾਫੀ ਜੱਦੋਜਹਿਦ ਬਾਅਦ ਪੁਲੀਸ ਨੇ ਉਸ ਸ਼ਖ਼ਸ ਨੂੰ ਆਪਣੀ ਗੱਡੀ ’ਚ ਬਿਠਾ ਲਿਆ ਅਤੇ ਇਕ ਹੋਰ ‘ਤਮਾਸ਼ਬੀਨ ਰਾਹਗੀਰ’ ਨੂੰ ਕੈਬਿਨ ਪਿੱਛੇ ਗੱਡੀ ਦੀ ਖੁੱਲ੍ਹੀ ਜਗ੍ਹਾ ’ਚ ਚੜ੍ਹਾ ਲਿਆ ਜੋ ਮਗਰੋਂ ਪੁਲੀਸ ਕਰਮਚਾਰੀ ਤੋਂ ਅੱਖ ਬਚਾ ਕੇ ਗੱਡੀ ’ਚੋਂ ਛਾਲ ਮਾਰ ਕੇ ਫਰਾਰ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਪੁਲੀਸ ਜਿਸ ਅੰਮ੍ਰਿਤਧਾਰੀ ਨੌਜਵਾਨ ਨੂੰ ਨਾਲ ਲੈ ਕੇ ਗਈ ਹੈ ਉਹ ਪਿੰਡ ਮਹਿਮਾ ਸਰਕਾਰੀ ਦਾ ਵਸਨੀਕ ਹੈ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All