ਭਾਜਪਾ ਦੇ 10 ਸੀਨੀਅਰ ਆਗੂ ਅਕਾਲੀ ਦਲ ’ਚ ਸ਼ਾਮਲ

ਭਾਜਪਾ ਦੇ 10 ਸੀਨੀਅਰ ਆਗੂ ਅਕਾਲੀ ਦਲ ’ਚ ਸ਼ਾਮਲ

ਭਾਜਪਾ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ। ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ

ਬਠਿੰਡਾ, 15 ਜਨਵਰੀ

ਭਾਜਪਾ ਦੇ 10 ਸੀਨੀਅਰ ਆਗੂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮਾਲਵੇ ਦੇ ਹੋਰ ਭਾਜਪਾ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਕਿਸਾਨ ਮੋਰਚਾ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮਾਨਸਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ, ਬਲਕਾਰ ਸਿੰਘ ਸਹੋਤਾ, ਐੱਸਸੀ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਤਾਰੀ, ਸੁਰਜੀਤ ਕੌਰ, ਰਾਜਿੰਦਰ ਕੁਮਾਰ ਰਾਜੀ, ਬਲਜੀਤ ਸਿੰਘ ਚਹਿਲ, ਬਹਾਦਰ ਖਾਨ, ਰਵਿੰਦਰ ਕੁਮਾਰ ਸ਼ਰਮਾ ਅਤੇ ਬਘੇਲ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਿਆ ਹੈ। ਬਲਵਿੰਦਰ ਸਿੰਘ ਤੇ ਸੁਖਦੇਵ ਸਿੰਘ ਫਰਮਾਹੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਭਾਜਪਾ ਦੀ ਸੂਬਾ ਇਕਾਈ ਨੂੰ ਇਸ ਸਬੰਧੀ ਚੌਕਸ ਕਰ ਦਿੱਤਾ ਸੀ।

ਭਾਜਪਾ ਦੇ ਮੁੱਖ ਮੰਤਰੀ ਬਣ ਕੇ ਕੰਮ ਕਰ ਰਹੇ ਨੇ ਕੈਪਟਨ: ਸੁਖਬੀਰ

ਬਠਿੰਡਾ (ਮਨੋਜ ਸ਼ਰਮਾ): ਭਾਜਪਾ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਜਗ੍ਹਾ ਭਾਜਪਾ ਦੇ ਮੁੱਖ ਮੰਤਰੀ ਬਣ ਕੇ ਕੰਮ ਕਰ ਰਹੇ ਹਨ। ਕਿਸਾਨੀ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ’ਚੋਂ ਭੁਪਿੰਦਰ ਸਿੰਘ ਮਾਨ ਵੱਲੋਂ ਆਪਣਾ ਨਾਂ ਵਾਪਸ ਲੈਣ ਸਬੰਧੀ ਉਨ੍ਹਾਂ ਕਿਹਾ ਕਿ ਕੈਪਟਨ ਖੁੱਦ ਮੰਨ ਰਹੇ ਹਨ ਕਿ ਉਨ੍ਹਾਂ ਨੇ ਮਾਨ ਨੂੰ ਫੋਨ ਕਰਕੇ ਕਮੇਟੀ ’ਚੋਂ ਨਾਂ ਵਾਪਸ ਲੈਣ ਲਈ ਕਿਹਾ ਹੈ। ਇਸ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਕੈਪਟਨ ਦੇ ਕਹਿਣ ’ਤੇ ਹੀ ਮਾਨ ਨੂੰ ਕਮੇਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਉਨ੍ਹਾਂ ਬਠਿੰਡਾ ਵਿੱਚ ਰੱਖੇ ਜਾ ਰਹੇ ਨੀਂਹ ਪੱਥਰ ਬਾਰੇ ਖ਼ਜ਼ਾਨਾ ਮੰਤਰੀ ਨੂੰ ਸਵਾਲ ਕੀਤਾ ਕਿ 4 ਸਾਲ ਖ਼ਜ਼ਾਨਾ ਖ਼ਾਲੀ ਹੋਣ ਦਾ ਰੌਲਾ ਪਾਉਣ ਵਾਲੇ ਮੰਤਰੀ ਦੱਸਣ ਕਿ ਹੁਣ ਇਹ ਖ਼ਜ਼ਾਨਾ ਕਿਵੇਂ ਭਰ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All