ਚਰਨਜੀਤ ਸੋਹਲ
ਆਪਣੀ ਬੌਧਿਕ-ਤੀਖਣਤਾ ਨੂੰ ਸੁਹਜਮਈ ਤੇ ਸਰਲ ਸ਼ਬਦਾਂ ’ਚ ਪਰੋਣਾ ਵਿਰਲੀਆਂ ਕਲਮਾਂ ਦੀ ਵਡਿਆਈ ਹੀ ਹੁੰਦੀ ਹੈ। ਸੁਖਪਾਲ ਉਨ੍ਹਾਂ ’ਚੋਂ ਹੈ।
ਪਟਿਆਲਾ-ਲੁਧਿਆਣਾ ਦਾ ਜੰਮ-ਪਲ, ਖੇਤੀ-ਵਰਿਸਟੀ ਤੋਂ ਪੜ੍ਹ ਕੇ ਉਹ ਕੈਨੇਡਾ ਜਾ ਕੇ ਢੋਰਾਂ ਦੀ ਵੈਦਗੀ ਦੇ ਕਈ ਮਰਹੱਲਿਆਂ ’ਚ ਆਪਣਾ ਯੋਗਦਾਨ ਪਾ ਚੁੱਕਾ ਹੈ।
ਜਿਵੇਂ ਉਹ ਆਪ ਲਿਖਦਾ ਹੈ: ‘ਇਹ ਕਵਿਤਾ, ਲਿਖੀ ਹੈ ਓਵੇਂ, ਜੀਕਰ ਸਾਡੀ ਮਾਂ ਬਣਾਵੇ ਰੋਟੀ ਸਬਜ਼ੀ।’ ਕਾਵਿ ਸੰਜਮ ਨੂੰ ਸਿਦਕ ਨਾਲ ਨਿਭਾਉਂਦਿਆਂ ਉਹ ਕਵਿਤਾ ਦੀ ਸਹਿਜਤਾ ਤੇ ਸਰਲਤਾ ’ਤੇ ਕਿਸੇ ਓਪਰੇ ਸੁਹਜ-ਸ਼ਾਸਤਰ ਦਾ ਪਰਛਾਵਾਂ ਨਹੀਂ ਪੈਣ ਦਿੰਦਾ। ਸਿੱਖ ਇਤਿਹਾਸ ਦੀ ਵਿਆਪਕ ਛੋਹ ਉਸਦੀ ਰਚਨਾ ਦੀ ਨਿਵੇਕਲੀ ਸਿਫ਼ਤ ਹੈ। ਪੰਜਾਬ ਸਮੱਸਿਆ ਉਸਨੇ ਆਪ ਵੀ ਝੱਲੀ ਹੈ ਤੇ ਉਨ੍ਹਾਂ ਸਮਿਆਂ ’ਚ ਰੁਲੀਆਂ ਰੂਹਾਂ ਦੀ ਵੇਦਨਾ ਵੀ ਆਪਣੀ ਰਚਨਾ ’ਚ ਸਮੋਈ ਹੈ।
ਸੁਖਪਾਲ ਦੇ ਸ਼ਬਦਾਂ ਦਾ ਤਾਣਾ-ਬਾਣਾ ਤੇ ਪੇਸ਼ਕਸ਼ ਦੀ ਨਿਵੇਕਲੀ ਤਰਜ਼, ਉਸਦੀ ਬਿੰਬ-ਲੀਲਾ ਨੂੰ ਪ੍ਰਚੱਲਿਤ ਪ੍ਰਗਤੀਵਾਦੀ ਧਾਰਾਂ ਤੋਂ ਵੱਖਰੀ ਝਲਕ ਦਿੰਦੀ ਹੈ। ‘ਚੁੱਪ ਚੁਪੀਤੇ ਚੇਤਰ ਚੜ੍ਹਿਆ’ ਤੇ ਬਾਕੀ ਪੁਸਤਕਾਂ ਨਾਲ ਉਹ ਪਾਠਕਾਂ ’ਚ ਹੀ ਮਕਬੂਲ ਨਹੀਂ ਹੋਇਆ, ਸਗੋਂ ਸਹਿਜੇ ਸਹਿਜੇ ਸ਼ਾਇਰਾਂ ਦਾ ਸ਼ਾਇਰ ਬਣਨ ਵਾਲੀ ਰਾਹ ’ਤੇ ਰਾਹਜ਼ਨ ਹੈ। ਆਪਣੀ ਹਰ ਰਚਨਾ ਨਾਲ ਉਹ ਆਪਣੀਆਂ ਸੰਭਾਵਨਾਵਾਂ ਨੂੰ ਹੋਰ ਉਚੇਰਾ ਕਰ ਦਿੰਦਾ ਹੈ। ਉਹ ਪੰਜਾਬੀ ਦੇ ਉਨ੍ਹਾਂ ਚੋਣਵੇਂ ਸ਼ਾਇਰਾਂ ’ਚੋਂ ਹੈ, ਜਿਨ੍ਹਾਂ ਦੀ ਕਵਿਤਾ ਪੜ੍ਹਨ ਵਾਲੀ ਵੀ ਹੈ ਤੇ ਪੜ੍ਹੀ ਵੀ ਜਾਂਦੀ ਹੈ।
ਉਸਦਾ ਮੰਤਵ ਨਾਅਰਿਆਂ ਤੋਂ ਪਰ੍ਹਾਂ ਰਹਿ ਕੇ ਸੂਖਮ ਤੇ ਦੂਰਗਾਮੀ ਸੁਨੇਹੇ ਸਿਰਜਣ ਦੇ ਨਾਲ ਨਾਲ ਸ਼ਬਦਾਂ ਦੁਆਲੇ ‘ਚੁੱਪ ਦੀ ਸਪੇਸ’ ਤਰਾਸ਼ਣਾ ਵੀ ਹੈ ਤਾਂ ਕਿ ਵਿਚਾਰਧਾਰਕ ਵਹਾਅ ਹੇਠ ਕਵਿਤਾ ਨੂੰ ਜ਼ਰਬ ਨਾ ਆਵੇ।
ਨਦੀ ’ਚ ਤਰਦੇ ਜਗਦੇ ਦੀਵੇ ਵਾਂਗ ਉਸਦੀ ਕਵਿਤਾ ’ਚ ਸਾਰੇ ਕਾਇਨਾਤੀ ਜੁਜ਼ ਝਲਕਦੇ ਹਨ।
ਸੁਖਪਾਲ ਦੀਆਂ ਚੋਣਵੀਆਂ ਰਚਨਾਵਾਂ
ਸ਼ਿਆਮ ਬੈਨੇਗਲ
ਸ਼ਿਆਮ ਬੈਨੇਗਲ ਕਹਿੰਦਾ ਸੀ
‘ਹਰ ਬੰਦਾ ਆਪਣੀ ਲੜਾਈ
ਆਪ ਹੀ ਲੜਦਾ ਹੈ’
ਆਪ ਹੀ ਲੜਣ ਨੂੰ ਕਿਹਾ ਸੀ ਉਹਨੇ
ਇਕੱਲੇ ਲੜਣ ਨੂੰ ਨਹੀਂ
ਤੁਹਾਡੇ ਨਾਲ ਨਾਲ ਤੁਰਦਾ
ਆਪਣੀ ਲੜਾਈ – ਮੈਂ ਆਪ ਹੀ ਲੜ ਰਿਹਾਂ
ਮੇਰੇ ਨਾਲ ਤੁਰਦੇ ਤੁਸੀਂ ਵੀ
ਲੜ ਰਹੇ ਹੋ ਆਪਣੀ ਲੜਾਈ – ਆਪ ਹੀ
ਮੈਂ ਇਕੱਲਾ ਹਾਂ ਜਾਂ ਨਹੀਂ
ਏਹਦਾ ਨਿਰਣਾ ਮੈਂ ਨਹੀਂ ਤੁਸੀਂ ਕਰੋਗੇ
ਤੁਸੀਂ ਕਦੋਂ ਨਿਰਣਾ ਕਰੋਗੇ ?
ਮੈਨੂੰ ਏਹਦਾ ਪਤਾ ਨਹੀਂ
ਤੁਸੀਂ ਨਿਰਣਾ ਕਰੋਗੇ ਵੀ ਕਿ ਨਹੀਂ ?
ਏਹ ਵੀ ਮੇਰੇ ਹੱਥ ਵਿਚ ਨਹੀਂ
ਤੁਹਾਡੇ ਨਿਰਣੇ ਦੀ ਉਡੀਕ ਵਿਚ
ਮੈਂ ਹਾਂ ਹੀ ਨਹੀਂ
ਮੈਂ ਤਾਂ ਐਸ ਵੇਲੇ ਰੁੱਝਿਆ ਹੋਇਆਂ
– ਲੜਣ ਵਿਚ
ਜਦ ਲੜਾਈ ਮੁੱਕੀ ਤਾਂ ਮੈਨੂੰ ਦਸ ਦੇਣਾ –
ਤੁਸੀਂ ਕੀ ਨਿਰਣਾ ਕੀਤਾ ਸੀ
ਓਦੋਂ ਨਿਰਣਾ ਹੋਵੇਗਾ
ਜਸ਼ਨ – ਆਪਾਂ ਇਕੱਠੇ ਮਨਾ ਰਹੇ ਹਾਂ ਜਾਂ … ?
ਵੈਸੇ
ਤੁਸੀਂ ਨਾ ਵੀ ਹੋਏ ਜਸ਼ਨ ਵੇਲੇ
ਤਾਂ ਕੋਈ ਗੱਲ ਨਹੀਂ
ਸ਼ਿਆਮ ਬੈਨੇਗਲ ਤਾਂ ਓਥੇ
ਹੋਵੇਗਾ ਹੀ …
***
ਕੱਕੇ ਵਾਲਾਂ ਵਾਲੀ ਕੁੜੀ
ਸਾਮ੍ਹਣੀ ਸੀਟ ਤੇ ਬੈਠੀ ਹੈ
ਕੱਕੇ ਵਾਲਾਂ ਵਾਲੀ ਲੜਕੀ
ਮੈਨੂੰ ਉਸਦਾ ਮੂੰਹ ਨਹੀਂ ਦਿਸਦਾ …
ਖੱਬਿਓਂ ਸੱਜਿਓਂ ਇਕ ਇਕ ਲਿਟ ਲਿਆ ਕੇ
ਉਸਨੇ ਅੱਧ ਵਿਚਾਲੇ ਕੱਠੀ ਕੀਤੀ
ਹੇਠਾਂ ਖਿੱਚੀ
ਸੋਹਣੀ ਲੱਗਣ ਲਈ !
ਉਹ ਕਿਉਂ ਸੋਹਣੀ ਲੱਗਣਾ ਚਾਹੁੰਦੀ ?
ਉਨ੍ਹਾਂ ਸੈਂਕੜੇ ਬੰਦਿਆਂ ਨੂੰ
ਜਿਨ੍ਹਾਂ ਉਸਨੂੰ ਇਕ ਸ਼ਹਿਰ ਤੋਂ ਦੂਜੀ ਥਾਵੇਂ
ਜਾਂਦੇ ਜਾਂਦੇ ਰਾਹ ਵਿਚ ਮਿਲਣਾ … ?
ਸ਼ਾਇਦ ਓਹਨੂੰ ਹਰ ਇਕ ਬੰਦਾ
ਇਕ ਇਕ ਧਰਤੀ ਲੱਗਦਾ
ਹੁਸਨ ਓਸਦਾ
ਹਰ ਧਰਤੀ ਵਿਚ ਖਿੜਣਾ ਚਾਹੁੰਦਾ …
ਜੇ ਮੈਂ ਉਸਨੂੰ ਆਖਾਂ – ਤੇਰੀ ਲਿਟ ਸੋਹਣੀ ਹੈ
ਸ਼ਾਇਦ ਉਸਨੂੰ ਚੰਗਾ ਲੱਗੇ
ਉਸਨੂੰ ਜਾਪੇ –
ਹੁਸਨ ਓਸਦਾ ਮੇਰੀ ਧਰਤੀ ਤੇ ਉੱਗ ਆਇਆ
ਜੇ ਮੈਂ ਆਖਾਂ – ਤੂੰ ਸੋਹਣੀ ਹੈ
ਸ਼ਾਇਦ ਉਸਨੂੰ ਹੋਰ ਵੀ ਚੰਗਾ ਲੱਗੇ
ਹੁਸਨ ਓਸਦਾ ਖਿੜ ਖਿੜ ਆਇਆ
ਜੇ ਮੈਂ ਆਖਾਂ – ਮੇਰਾ ਤੇਰੀ
ਲਿੱਟ ਨੂੰ ਛੋਹਣ ਤੇ ਦਿਲ ਕਰਦਾ
ਉਸਨੇ ਝੱਟ ਠਠੰਬਰ ਜਾਣਾ
ਲਾਜਵੰਤ ਨੇ ਸੁੰਗੜ ਜਾਣਾ
ਜੇ ਮੈਂ ਆਖਾਂ – ਤੇਰੀ ਲਿੱਟ ਚੁੰਮਣ ਨੂੰ
ਮੇਰਾ ਜੀਅ ਕਰਦਾ ਹੈ
ਉਸਦੇ ਅੰਦਰੋਂ ਰੌਲਾ ਉਠਣਾ
ਉਸਨੂੰ ਲੱਗਣਾ – ਮੇਰੀ ਅੱਖ ਨੇ
ਉਸਦੀ ਲਿੱਟ ਜੂਠੀ ਕਰ ਦਿੱਤੀ
ਜੇ ਮੈਂ ਉਸ ਵੱਲ ਕਦਮ ਵੀ ਪੁੱਟਿਆ
ਉਸਦੇ ਰੌਲੇ ਕੂਕ ਚੀਕ ਬਣ ਜਾਣਾ
ਜੀਕਰ ਬੂਟਾ –
ਬਹੁਤਾ ਪਾਣੀ ਲੱਗਣ ਤੇ ਹੀ ਸੁੱਕ ਜਾਵੇ
ਪਰ ਜੇਕਰ ਕੁਝ ਇੰਜ ਵਾਪਰੇ …
ਮੈਂ ਪਿੱਛੋਂ ਦੀ ਜਾ ਕੇ ਉਸਦੀ ਲਿਟ ਨੂੰ ਚੁੰਮਾਂ
ਤੇ ਉਹ ਪਰਤ ਕੇ ਆਖੇ –
‘ਓਹ – ਏਹ ਤੂੰ ਹੈ !
ਏਨਾ ਚਿਰ ਕਿੱਥੇ ਲਾ ਆਇਆ ?’
ਤਾਂ ਫਿਰ ਓਸ ਓਦਾਸੀ ਲਿਟ ਨੇ
ਪਲੋ ਪਲੀ ਹੀ ਹਰੇ ਹੋ ਜਾਣਾ
ਉਸਦੇ ਉਤੇ ਫੁੱਲ ਉੱਗ ਆਉਣੇ
ਜਿਨ੍ਹਾਂ ਦੀ ਖੁਸ਼ਬੋ ਵਿਚ ਸਾਡੀਆਂ
ਚਹੁੰ ਅੱਖਾਂ ਨੇ ਬੰਦ ਹੋ ਜਾਣਾ
ਆਲ ਦੁਆਲੇ ਸੱਭੋ ਕੁਝ ਨੇ
ਪਲੋ ਪਲੀ ਸੁੱਚਾ ਹੋ ਜਾਣਾ ..
ਪਰ ਇੰਜ ਕਿੱਦਾਂ ਵਾਪਰ ਸਕਦੈ ?
ਕਿੰਨਾ ਲੰਮਾ ਹੈ ਓਹ ਰਸਤਾ –
ਏਥੋਂ ਤੀਕਰ ਅਪੜਣ ਲਈ !
ਰਸਤੇ ਵਿਚ ਮਿਲੇ ਦੋ ਬੰਦੇ
ਕਿੰਜ ਮਿਲ ਸਕਦੇ ?
ਇਕੋ ਰਾਹ ਤੇ ਚਲਦੇ ਬੰਦੇ
ਇਕੋ ਵੇਲੇ
ਕਿੰਨੇ ਵੱਖਰੇ ਵੱਖਰੇ ਰਾਹਾਂ ਉਤੇ ਤੁਰਦੇ …
***
ਕਿਰਾਏ ਦਾ ਘਰ
ਮੈਂ ਕਿਰਾਏ ਦੇ ਘਰ ਵਿੱਚ ਰਹਿੰਦਾ ਹਾਂ
ਘਰ ਕਹਿੰਦਾ ਹੈ …
‘ਮੈਂ ਤਾਂ ਕੇਵਲ ਘਰ ਹਾਂ
ਮੈਨੂੰ ‘ਕਿਰਾਏ ਦਾ’ ਹੋਣ ਦਾ
ਰੁਤਬਾ – ਤਾਂ ਤੂੰ ਦਿੱਤਾ ਏ
ਤੈਨੂੰ ਸੰਭਾਲਦਾ ਹਾਂ ਮੈਂ ਤੇਰੀ ਮਾਂ ਵਾਂਗ
ਤੇਰੀ ਉਡੀਕ ਕਰਦਾ ਹਾਂ ਸਾਥਣ ਵਾਂਗ
ਹਰ ਰੁੱਤੇ ਤੇਰਾ ਸਾਥ ਦੇਂਦਾ ਹਾਂ ਭੈਣ-ਭਰਾ ਤਰ੍ਹਾਂ
ਤੇਰੀ ਅਮਾਨਤ ਸਾਂਭ ਸਾਂਭ ਰੱਖਦਾ ਹਾਂ ਮਿੱਤਰ ਤਰ੍ਹਾਂ
ਤੂੰ ਸੰਗੀਤ ਛੇੜੇਂ –
ਮੈਂ ਗੂੰਜ ਪੈਂਦਾ ਹਾਂ
ਤੈਨੂੰ ਚੁੱਪ ਚਾਹੀਦੀ ਹੋਵੇ –
ਮੈਂ ਹਰ ਸ਼ੋਰ ਨੂੰ ਵਰਜ ਦੇਂਦਾ ਹਾਂ
ਮੈਂ ਤੇਰੇ ਸੁੰਦਰ ਭੇਦਾਂ ਦਾ ਵਿਸ਼ਵਾਸਪਾਤਰ ਹਾਂ
ਜਿਨ੍ਹਾਂ ਨੂੰ ਦਿਨ ਦੇ ਚਾਨਣ ਵਿੱਚ
ਤੂੰ ਨਹੀਂ ਮਾਣ ਸਕਦਾ
ਮੇਰੇ ਭਿੱਤ ਸਿਰਫ਼ ਤੇਰੇ ਲਈ ਖੁੱਲ੍ਹਦੇ ਨੇ
ਜਾਂ ਤੇਰੇ ਪਿਆਰਿਆਂ ਲਈ
ਤੂੰ ਆਵੇਂ –
ਨਾ ਆਵੇਂ –
ਚਲਾ ਜਾਵੇਂ –
ਤੈਨੂੰ ਉਡੀਕਦਾ ਮੈਂ ਕਿਧਰੇ ਨਹੀਂ ਜਾਂਦਾ …
ਕੀ ਹਾਲੇ ਵੀ ਮੈਂ ਤੇਰਾ ‘ਆਪਣਾ’ ਨਹੀਂ ?’
ਮੈਨੂੰ ਦੱਸ – ਕੀ ਫ਼ਰਕ ਹੈ ?
ਮੇਰੇ ਵਿੱਚ ਤੇ ਭਵਿੱਖ ਦੇ ਉਸ ਘਰ ਵਿਚ
ਜਿਸਨੂੰ ਤੂੰ ਕਦੀ – ‘ਆਪਣਾ’ ਆਖੇਂਗਾ …’
***
ਰੱਬ
ਮੈ ਇਕੱਲਾ ਸਾਂ
ਡਰਿਆ ਹੋਇਆ ਸਾਂ ਬਹੁਤ
ਉਹ ਕਹਿਣ ਲੱਗੇ –
‘ਇੱਕ ਰੱਬ ਸਿਰਜ ਲੈ
ਜਿਹੜਾ ਸਦਾ ਤੇਰੇ ਅੰਗ-ਸੰਗ ਰਹੇ !’
ਮੈਂ ਉਵੇਂ ਹੀ ਕੀਤਾ …
ਕੁਝ ਦਿਨਾਂ ਬਾਅਦ ਫੇਰ ਆਏ ਉਹ
ਡਰ ਮੇਰਾ ਹਾਲੇ ਵੀ ਨਹੀਂ ਸੀ ਗਿਆ
ਕਹਿਣ ਲੱਗੇ –
‘ਰੱਬ ਨੂੰ ਤਕੜਾ ਕਰ ਦੇ
ਸਭ ਤੋਂ ਤਾਕਤਵਰ
ਕੁਲ ਦੁਨੀਆਂ ਤੋਂ ਉੱਪਰ
ਆਪਣੇ ਤੋਂ ਵੀ ਉੱਪਰ’
ਮੈਂ ਕੀਤਾ –
ਤੇ ਡਰ ਜਾਂਦਾ ਰਿਹਾ
ਹੁਣ ਉਹ ਆਖਦੇ ਨੇ –
‘ਰੱਬ ਤੋਂ ਡਰ !
ਉਹ ਤੇਰੇ ਤੋਂ –
ਸਭ ਦੁਨੀਆਂ ਤੋਂ –
ਤਾਕਤਵਰ ਏ
ਅਸੀਂ ਨੇੜੇ ਹਾਂ ਉਸਦੇ
ਸਾਡੇ ਤੋਂ ਵੀ ਡਰ !’
ਪਹਿਲਾਂ
ਮੈਂ ਸਿਰਫ਼ ਇਕੱਲ ਤੋਂ ਡਰਦਾ ਸਾਂ
ਹੁਣ
ਰੱਬ ਤੋਂ ਵੀ ਡਰਦਾ ਹਾਂ
ਤੇ ਉਨ੍ਹਾਂ ਤੋਂ ਵੀ …
***
ਸਵਾਗਤ ਹੈ !
ਜਦ ਤੱਕ ਹੱਲ ਨਹੀਂ ਲੱਭੇ ਜਾਂਦੇ
ਰਾਹ ਨਹੀਂ ਚੁਣੇ ਜਾਂਦੇ
ਦਿਸਹੱਦਾ ਨਜ਼ਰ ਦਾ
ਸਪੱਸ਼ਟ ਨਹੀਂ ਹੋ ਉੱਠਦਾ
ਤਦ ਤੱਕ – ਦੁਚਿੱਤੀਆਂ ਉਲਝਣਾਂ
ਤੇ ਉਦਾਸੀਆਂ ਦਾ ਸਵਾਗਤ ਹੈ
ਇਹ ਸ਼ੁਭ-ਸ਼ਗਨ ਨੇ …
ਜਿਵੇਂ ਜੰਮਣ-ਪੀੜ ਨਿਸ਼ਾਨੀ ਹੈ
– ਨਵੀਂ ਜਾਨ ਦੇ ਆਗਮਨ ਦੀ
ਕੱਟੀ ਉਂਗਲ ਦੀ ਪੀੜ ਸਬੂਤ ਹੈ
– ਸਰੀਰ ਹਾਲੇ ਜਿਊਂਦਾ ਹੈ
ਬਿਜਲੀ ਦਾ ਕੜਕਣਾ ਦਸਦਾ ਹੈ
– ਅੱਜ ਬੱਦਲਾਂ ਦੇ ਪੈਰ ਭਾਰੇ ਨੇ
ਕਿਸੇ ਦਾ ਰੁੱਸ ਜਾਣਾ ਸਰਗੋਸ਼ੀ ਕਰਦਾ ਹੈ
– ਹਾਲੇ ਉਸ ਅੰਦਰ ਮੇਰੇ ਲਈ ਥਾਂ ਹੈ
ਭਟਕਣ – ਅਜੇ ਚੱਲ ਰਹੀ ਯਾਤਰਾ ਹੈ
ਦੁਚਿੱਤੀ – ਹਨੇਰੇ ਵਿੱਚ ਜਾਗਦਾ ਚਿੰਤਨ ਹੈ
ਉਦਾਸੀ – ਹਾਲੇ ਤੱਕ ਜਿਊਂਦੀ ਸੰਵੇਦਨਾ ਹੈ
ਇਕੱਲ – ਆਪਣੀ ਹੋਂਦ ਵਿੱਚ ਕਾਇਮ ਵਿਸ਼ਵਾਸ ਹੈ
ਉਲਝਣਾਂ – ਸੱਚ ਤੇ ਹਕੀਕਤ ਦਾ ਚੱਲਦਾ ਸੰਘਰਸ਼ ਨੇ
ਦੁੱਖ ਦਾ ਅਰਥ ਹੈ –
ਸੁਪਨੇ ਹਾਲੇ ਮਰੇ ਨਹੀਂ
ਪਿਆਸ ਦਾ ਅਰਥ ਹੈ –
ਹਾਲੇ ਮੈਂ ਛੱਪੜਾਂ ਸਾਹਵੇਂ ਬੇਵਸ ਨਹੀਂ ਹੋਇਆ
ਜਦ ਤੱਕ ਸੁੱਤੀਆਂ ਅੱਖਾਂ ਦਾ ਸੁਪਨਾ
ਜਾਗਦੀਆਂ ਨਜ਼ਰਾਂ ਵਿੱਚ ਜੀਅ ਨਹੀਂ ਉਠਦਾ …
ਉਨੀਂਦੀਆਂ ਰਾਤਾਂ ਦਾ ਸਵਾਗਤ ਹੈ !
***
ਫੈਸਲਾ
ਤਲਵਾਰ ਦੀ ਨੋਕ ਤਿੱਖੀ ਹੈ
ਧਾਰ ਚੀਰਵੀਂ ਹੈ
ਮੁੱਠ ਉੱਤੇ ਸੋਨਾ ਹੈ
ਤਲਵਾਰ ਕਿਸੇ ਪਿੰਡੇ ਵਿੱਚ ਲਹਿੰਦੀ ਹੈ
ਮੁਕੱਦਮਾ ਚੱਲਦਾ ਹੈ
ਫੈਸਲਾ ਹੁੰਦਾ ਹੈ
ਤਲਵਾਰ ਦੀ
ਧਾਰ ਖੁੰਢੀ ਕਰ ਦਿੱਤੀ ਜਾਵੇ
ਨੋਕ ਮੋੜ ਦਿੱਤੀ ਜਾਵੇ
ਮੁੱਠਾ ਤੋੜ ਦਿੱਤਾ ਜਾਵੇ
ਸੋਨਾ ਲੁੱਟ ਲਿਆ ਜਾਵੇ
ਜੋ ਬਚ ਜਾਵੇ ਉਸਨੂੰ
ਮਿਆਨ ਵਿੱਚ ਬੰਦ ਕਰ ਦਿੱਤਾ ਜਾਵੇ
ਜਿਸ ਹੱਥ ਨੇ ਤਲਵਾਰ ਵਾਹੀ ਹੈ
ਉਸਨੂੰ ਬਰੀ ਕਰ ਦਿੱਤਾ ਜਾਵੇ
***
ਅੱਜ ਇਓਂ ਜੀਣਾ ਹੈ
ਅੱਜ ਪੱਬ ਧਰਨੇ ਨੇ ਇੰਜ –
ਜਿਓਂ ਧਰਤੀ ਹੋਏ ਮਿਰਦੰਗ
ਇਕ ਇਕ ਸ਼ਬਦ ਉਚਾਰਣਾ ਏਦਾਂ –
ਜੀਕਰ ਹੋਏ ਉਹ ਬਾਣੀ ਦਾ
ਸਾਹ ਲੈਣਾ ਹੈ ਏਵੇਂ –
ਜੰਮਣ ਵੇਲੇ ਪਹਿਲੀ ਵਾਰੀ ਲਿਆ ਜਿਵੇਂ
ਪਿੰਡੇ ਨੂੰ ਇੰਜ ਛੋਹਣਾ –
ਜਿਵੇਂ ਮਾਂ ਬੱਚੇ ਨੂੰ ਪਹਿਲੀ ਵਾਰੀ ਛੋਹਵੇ
ਬੂਹਾ ਢੋਣਾ ਏਵੇਂ –
ਜੀਕਰ ਇਸ ਦੇ ਅੰਦਰ ਹਾਲੇ
ਰੁੱਖ ਸਾਹ ਲੈਂਦਾ ਹੋਵੇ
ਜੁੱਤੀ ਲਾਹੁਣੀ ਏਸ ਤਰ੍ਹਾਂ
ਜੀਕਰ ਬੱਚਾ ਰੇਤ ਦੇ ਘਰ ’ਚੋਂ
ਪੈਰ ਮਲਕੜੇ ਕੱਢੇ
ਉਸ ਨੂੰ ਪਿਆਰ ਇਵੇਂ ਕਰਨਾ ਏ
ਜਿਵੇਂ ਲਾਮ ਤੋਂ ਪਰਤ ਸਿਪਾਹੀ ਤੇ
ਉਸਦੀ ਔਰਤ ਮਿਲਦੇ
ਸੌਣ ਸਮੇਂ ਅੱਜ ਅੱਖਾਂ ਏਦਾਂ ਮੀਟਣ
ਜੀਕਰ ਸੂਰਜ ਅਸਤਣ ਵੇਲੇ
ਕੰਵਲ ਫੁੱਲ ਦੀਆਂ ਪੱਤੀਆਂ ਜੁੜਣ
ਅੱਜ ਹਰ ਆਉਂਦੇ ਸਾਹ ਨੂੰ ਕਹਿਣਾ –
ਜੀ ਆਇਆਂ ਨੂੰ !
ਤੇ ਹਰ ਜਾਂਦੇ ਸਾਹ ਨੂੰ ਕਹਿਣਾ –
ਜੀਂਦਾ ਵਸਦਾ ਰਹੀਂ …
ਦੁਬਾਰਾ ਆਵੀਂ …
ਸੁਖਪਾਲ ਦੀਆਂ ਚੋਣਵੀਆਂ ਰਚਨਾਵਾਂ
ਸ਼ਿਆਮ ਬੈਨੇਗਲ
ਸ਼ਿਆਮ ਬੈਨੇਗਲ ਕਹਿੰਦਾ ਸੀ
‘ਹਰ ਬੰਦਾ ਆਪਣੀ ਲੜਾਈ
ਆਪ ਹੀ ਲੜਦਾ ਹੈ’
ਆਪ ਹੀ ਲੜਣ ਨੂੰ ਕਿਹਾ ਸੀ ਉਹਨੇ
ਇਕੱਲੇ ਲੜਣ ਨੂੰ ਨਹੀਂ
ਤੁਹਾਡੇ ਨਾਲ ਨਾਲ ਤੁਰਦਾ
ਆਪਣੀ ਲੜਾਈ – ਮੈਂ ਆਪ ਹੀ ਲੜ ਰਿਹਾਂ
ਮੇਰੇ ਨਾਲ ਤੁਰਦੇ ਤੁਸੀਂ ਵੀ
ਲੜ ਰਹੇ ਹੋ ਆਪਣੀ ਲੜਾਈ – ਆਪ ਹੀ
ਮੈਂ ਇਕੱਲਾ ਹਾਂ ਜਾਂ ਨਹੀਂ
ਏਹਦਾ ਨਿਰਣਾ ਮੈਂ ਨਹੀਂ ਤੁਸੀਂ ਕਰੋਗੇ
ਤੁਸੀਂ ਕਦੋਂ ਨਿਰਣਾ ਕਰੋਗੇ ?
ਮੈਨੂੰ ਏਹਦਾ ਪਤਾ ਨਹੀਂ
ਤੁਸੀਂ ਨਿਰਣਾ ਕਰੋਗੇ ਵੀ ਕਿ ਨਹੀਂ ?
ਏਹ ਵੀ ਮੇਰੇ ਹੱਥ ਵਿਚ ਨਹੀਂ
ਤੁਹਾਡੇ ਨਿਰਣੇ ਦੀ ਉਡੀਕ ਵਿਚ
ਮੈਂ ਹਾਂ ਹੀ ਨਹੀਂ
ਮੈਂ ਤਾਂ ਐਸ ਵੇਲੇ ਰੁੱਝਿਆ ਹੋਇਆਂ
– ਲੜਣ ਵਿਚ
ਜਦ ਲੜਾਈ ਮੁੱਕੀ ਤਾਂ ਮੈਨੂੰ ਦਸ ਦੇਣਾ –
ਤੁਸੀਂ ਕੀ ਨਿਰਣਾ ਕੀਤਾ ਸੀ
ਓਦੋਂ ਨਿਰਣਾ ਹੋਵੇਗਾ
ਜਸ਼ਨ – ਆਪਾਂ ਇਕੱਠੇ ਮਨਾ ਰਹੇ ਹਾਂ ਜਾਂ … ?
ਵੈਸੇ
ਤੁਸੀਂ ਨਾ ਵੀ ਹੋਏ ਜਸ਼ਨ ਵੇਲੇ
ਤਾਂ ਕੋਈ ਗੱਲ ਨਹੀਂ
ਸ਼ਿਆਮ ਬੈਨੇਗਲ ਤਾਂ ਓਥੇ
ਹੋਵੇਗਾ ਹੀ …
***