ਨਾਦਿ ਅਨਾਦਿ ਵੱਜੇ ਮਿਰਦੰਗ

ਨਾਦਿ ਅਨਾਦਿ ਵੱਜੇ ਮਿਰਦੰਗ

ਡਾ. ਪਰਮਜੀਤ ਚੁੰਬਰ*
ਪੁਸਤਕ ਪੜਚੋਲ

ਟੀ.ਐਮ. ਕ੍ਰਿਸ਼ਨਾ ਨੇ ਕੇਰਲਾ ਤੇ ਆਂਧਰਾ ਪ੍ਰਦੇਸ਼ ’ਚ ਮਿਰਦੰਗ ਬਣਾਉਣ ਦੇ ਇਤਿਹਾਸ ਬਾਰੇ ਕਿਤਾਬ ‘Sebastian & Sons’ ਲਿਖੀ ਹੈ ਜੋ ਅੱਜਕੱਲ੍ਹ ਕਾਫ਼ੀ ਚਰਚਾ ਵਿਚ ਹੈ। ਦਰਅਸਲ, ਇਹ ਦਲਿਤ ਕਾਰੀਗਰਾਂ ਦੇ ਮਿਰਦੰਗ ਨਾਲ਼ ਜੁੜੇ ਹੋਣ ਦਾ ਇਤਿਹਾਸ ਹੈ। ਇਹ ਪੁਸਤਕ 2 ਫਰਵਰੀ ਨੂੰ ਚੇਨੱਈ ਦੇ ਮਸ਼ਹੂਰ ਕਲਾਸ਼ੇਤਰ ਫਾਊਂਡੇਸ਼ਨ ਵਿਚ  ਰਿਲੀਜ਼ ਹੋਣੀ ਤੈਅ ਹੋਈ ਸੀ; ਮਹਾਤਮਾ ਗਾਂਧੀ ਦੇ ਪੋਤਰੇ ਰਾਜਮੋਹਨ ਗਾਂਧੀ ਨੇ ਕਿਤਾਬ ਨੂੰ ਰਿਲੀਜ਼ ਕਰਨਾ ਸੀ। ਪਰ ਐਨ ਮੌਕੇ ’ਤੇ ਆ ਕੇ ਕਲਾਸ਼ੇਤਰ ਵਾਲਿਆਂ ਨੇ ਕਿਤਾਬ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਰਿਲੀਜ਼ ਸਥਾਨ ਬਦਲਣਾ ਪਿਆ। 

ਖ਼ੈਰ! ਪਹਿਲਾਂ ਮਿਰਦੰਗ ਦੀ ਗੱਲ ਕਰੀਏ। ਮਿਰਦੰਗ ਸਾਜ਼ ਵੀ ਢੋਲਕ ਵਰਗਾ ਹੀ ਹੈ। ਇਸਨੂੰ ਹਿੰਦੂ ਧਰਮ ਵਿਚ ਪਵਿੱਤਰ ਮੰਨਿਆ ਜਾਂਦਾ ਹੈ।  ਪੂਜਾ ਘਰਾਂ, ਭਜਨ ਮੰਡਲੀਆਂ, ਰਾਸਲੀਲਾਵਾਂ, ਮੰਦਰਾਂ ਤੇ ਭਰਤਨਾਟਿਯਮ ਆਦਿ ਵਿਚ ਇਸ ਦੀ ਵਰਤੋਂ ਹੁੰਦੀ ਹੈ। ਮੈਗਸੇਸੇ ਪੁਰਸਕਾਰ ਜੇਤੂ ਟੀ.ਐਮ. ਕ੍ਰਿਸ਼ਨਾ ਕਰਨਾਟਕ ਸੰਗੀਤ ਅਤੇ ਮਿਰਦੰਗ ਕਲਾ ਦਾ ਥੰਮ੍ਹ ਹੈ। ਕ੍ਰਿਸ਼ਨਾ ਆਪ ਤਾਮਿਲ ਬ੍ਰਾਹਮਣ ਹੈ। ਮਿਰਦੰਗ ਦੀ ਤਾਲ ’ਤੇ ਗਾਉਂਦੇ ਗਾਉਂਦੇ ਪਤਾ ਨਹੀਂ ਕਦੋਂ ਉਸ ਦੇ ਦਿਮਾਗ਼ ਵਿਚ ਇਹ ਸਵਾਲ ਆਇਆ ਕਿ ਇਸ ਖ਼ੂਬਸੂਰਤ ਧੁਨੀ ਵਾਲੇ ਸਾਜ਼ ਨੂੰ ਬਣਾਉਣ ਵਾਲੇ ਕਾਰੀਗਰ ਕੌਣ ਹੋਣਗੇ? ਬੱਸ ਫਿਰ ਕੀ ਸੀ। ਇਸੇ ਜਨੂੰਨ ਕਾਰਨ ਉਹ ਮਿਰਦੰਗ ਬਣਾਉਣ ਵਾਲੇ ਕਾਰੀਗਰਾਂ ਦੀ ਖੋਜ ਵਿਚ ਨਿਕਲ ਪਿਆ। ਉਸ ਦੀ ਖੋਜ ਉਸ ਨੂੰ ਕੇਰਲ ਅਤੇ ਆਂਧਰਾ ਪ੍ਰਦੇਸ਼ ਦੇ ਦਲਿਤ ਇਸਾਈਆਂ ਦੇ ਵਿਹੜਿਆਂ ਵਿਚ ਲੈ ਗਈ। ਉਸ ਨੂੰ ਇੰਕਸ਼ਾਫ ਹੋਇਆ ਕਿ ਮਿਰਦੰਗ ਬਣਾਉਣ ਵਾਸਤੇ ਜਿਹੜਾ ਚਮੜਾ ਲੱਗਦਾ ਹੈ ਉਹ ਗਾਂ, ਮੱਝ ਤੇ ਬੱਕਰੀ ਦੀ ਖੱਲ ਤੋਂ ਆਉਂਦਾ ਹੈ। ਪਰ ਗਾਂ ਵਰਗੇ ਪਵਿੱਤਰ ਜਾਨਵਰ ਦੀ ਚਮੜੀ? ਉਫ਼! ਉਸ ਦੇ ਅੰਦਰਲੇ ਬ੍ਰਾਹਮਣ ਨੇ ਉਸ ਨੂੰ ਟਕੋਰਿਆ। ਕ੍ਰਿਸ਼ਨਾ ਨੇ ਮਨ ਹੀ ਮਨ ਸੋਚਿਆ ਕਿ ਮਿਰਦੰਗ ਵਜਾਉਣ ਵਾਲੇ ਸਾਰੇ ਕਲਾਕਾਰ ਅਕਸਰ ਬ੍ਰਾਹਮਣ ਹੁੰਦੇ ਹਨ ਤੇ ਬਣਾਉਣ ਵਾਲੇ ਕਾਰੀਗਰ ਅਖੌਤੀ ਅਛੂੁਤ ਜਿਨ੍ਹਾਂ ਨੂੰ ਛੂਹਣਾ ਵੀ ਪਾਪ ਮੰਨਿਆ ਜਾਂਦਾ ਹੈ। ਬਹੁਤੇ ਮੰਦਰਾਂ ਵਿਚ ਇਨ੍ਹਾਂ ਦਾ ਆਉਣ-ਜਾਣ ਵੀ ਵਰਜਿਤ ਹੈ। ਉਹ ਮਿਰਦੰਗ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੀ ਚਮੜੀ ਤੇ ਹੋਰ ਸਾਰੀ ਪ੍ਰਕਿਰਿਆ ਦੇਖਣ ਵਾਸਤੇ ਬੁੱਚੜਖਾਨੇ ਚਲਾ ਗਿਆ। ਉਸ ਨੇ ਸਾਰਾ ਕੁਝ ਪ੍ਰਤੱਖ ਦੇਖ ਕੇ ਉਸ ਦਾ ਵਰਣਨ ਕਿਤਾਬ ’ਚ ਕੀਤਾ ਜੋ ਬ੍ਰਾਹਮਣ ਵਾਸਤੇ ਪਾਪ ਤੇ ਭ੍ਰਿਸ਼ਟ ਹੈ। ਕ੍ਰਿਸ਼ਨਾ ਖ਼ੂਨ ਦੇ ਛੱਪੜਾਂ ਵਿਚ ਫਿਰਦੇ, ਗਊਆਂ ਦੀ ਚਮੜੀ ਉਤਾਰ ਕੇ ਸੁਕਾਉਂਦੇ ਤੇ ਉਸ ਨੂੰ ਖ਼ਾਸ ਸ਼ਕਲ ਵਿਚ ਕੱਟਦੇ ਕਾਰੀਗਰਾਂ ਦੇ ਹੁਨਰ ਦਾ ਕਾਇਲ ਹੋ ਗਿਆ। ਇਹ ਉਨ੍ਹਾਂ ਕਾਰੀਗਰਾਂ ਦੀ ਪਾਰਖੂ ਅੱਖ ਹੀ ਹੈ ਜੋ ਜੰਗਲਾਂ ’ਚੋਂ ਨਿਵੇਕਲੀ ਕਿਸਮ ਦਾ ਪੱਥਰ ਫੌਰੀ ਲੱਭ ਲੈਂਦੀ ਹੈ। ਇਸੇ ਪੱਥਰ ਨਾਲ ਚਮੜੀ ਨੂੰ ਰਗੜ ਕੇ ਮਿਰਦੰਗ ਦੀ ਖ਼ੂਬਸੂਰਤ ਧੁਨ ਪੈਦਾ ਹੁੰਦੀ ਹੈ। ਪਰ ਬ੍ਰਾਹਮਣ ਕਲਾਕਾਰਾਂ ਨੇ ਬਣਿਆ ਬਣਾਇਆ ਨਿਰਜੀਵ ਮਿਰਦੰਗ ਹੀ ਦੇਖਣਾ ਪਰਖਣਾ ਹੁੰਦਾ ਹੈ, ਪਰ ਇਸ ’ਚੋਂ ਨਿਕਲਦੀ ਧੁਨੀ ਵਿਚ ਦਲਿਤਾਂ ਦਾ ਖ਼ੂਨ ਪਸੀਨਾ ਵਸਿਆ ਹੁੰਦਾ ਹੈ। ਉਹ ਉਸ ਬੁੱਚੜਖਾਨੇ ਦੀ ਕਲਪਨਾ ਵੀ ਨਹੀਂ ਕਰਨਾ ਚਾਹੁੰਦੇ ਤੇ ਕੱਚੇ ਮਾਸ ਦੀ ਬਦਬੂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦੇ ਹਨ। ਉਨ੍ਹਾਂ ਦੀ ਸੋਚ ਵਿਚ ਇਹ ਕੁਝ ਵਾਪਰਿਆ ਹੀ ਨਹੀਂ ਹੁੰਦਾ, ਪਰ ਕ੍ਰਿਸ਼ਨਾ ਬੁਰੇ ਦੇ ਘਰ ਤੱਕ ਗਿਆ। ਉਹ ਬਹੁਤ ਦੂਰ ਚਮੜੀ ਦੇ ਸ੍ਰੋਤ ਤੱਕ ਪਹੁੰਚਣਾ ਚਾਹੁੰਦਾ ਸੀ।

ਕ੍ਰਿਸ਼ਨਾ ਦਾ ਲਿਖਿਆ ਦਲਿਤਾਂ ਦਾ ਬਿਰਤਾਂਤ ਪੜ੍ਹਦਿਆਂ ਮੈਨੂੰ ਬਾਪੂ ਦੀ ਯਾਦ ਆਈ। ਮੇਰਾ ਬਾਪੂ ਸ਼ਹਿਰ ਵਿਚ ਇਕ ਦੁਕਾਨ ’ਤੇ ਜੁੱਤੀਆਂ ਸਿਊਣ ਦਾ ਕੰਮ ਕਰਦਾ ਸੀ। ਨਵਾਂਸ਼ਹਿਰ ’ਚ ਅੱਠਵੀਂ ਕਲਾਸ ਤੱਕ ਪੜ੍ਹਦਿਆਂ ਸਕੂਲ ਤੋਂ ਵਾਪਸ ਆ ਕੇ ਮੈਂ ਦੁਕਾਨ ਵਿਚ ਬੈਠ ਜਾਂਦਾ। ਉੱਥੇ ਹੀ ਸਕੂਲ ਦਾ ਕੰਮ ਕਰਦਾ। ਨਾਲ ਦੇ ਢਾਬੇ ਤੋਂ ਦਾਲ਼ ਲਿਆ ਕੇ ਰੋਟੀ ਖਾ ਲੈਂਦਾ। ਬਾਪੂ ਨੂੰ ਕੰਮ ਕਰਦਿਆਂ ਦੇਖਦਾ। ਦੁਕਾਨ ਦੇ ਪਿੱਛੇ ਕੱਚੇ ਚਮੜੇ ’ਤੇ ਲੂਣ ਵਰਗਾ ਕੁਝ ਪਾ ਕੇ ਸੁੱਕਣ ਵਾਸਤੇ ਰੱਖਿਆ ਹੁੰਦਾ। ਹਰ ਪਾਸੇ ਕਈ ਤਰ੍ਹਾਂ ਦੀ ਖੱਲ ਲਟਕਦੀ ਤੇ ਉਸ ਵਿਚੋਂ ਕੁਝ ਤਰਲ ਪਦਾਰਥ ਜਿਹਾ ਟਪਕ ਰਿਹਾ ਹੁੰਦਾ। ਕੱਚੀ ਚਮੜੀ ’ਚੋਂ ਅਜੀਬੋ ਗਰੀਬ ਜਿਹੀ ਗੰਧ ਆਉਂਦੀ ਹੈ। ਬਾਪੂ ਕਦੇ ਹਥੌੜੀ ਨਾਲ ਧੌੜੀ ਨੂੰ ਕੁੱਟਦਾ। ਗੰਧਲੇ ਜਿਹੇ ਪਾਣੀ ਵਿਚ ਮੋਟੇ ਚਮੜੇ ਨੂੰ ਭਿਉਂਦਾ। ਰੰਬੀ ਨਾਲ ਚਮੜੇ ਨੂੰ ਕਿਨਾਰਿਆਂ ਤੋਂ ਬੜੀ ਕਾਰੀਗਰੀ ਨਾਲ ਕੱਟਦਾ ਤੇ ਛਿੱਲਦਾ। ਕਦੇ ਕੁਰਮ ਦਾ ਅਪਰ ਮਸ਼ੀਨ ’ਤੇ ਸੀਣ ਲੱਗ ਪੈਂਦਾ। ਕਦੇ ਕੁਆਈ ਉੱਤੇ ਜੁੱਤੀ ਰੱਖ ਕੇ ਠੀਕ ਕਰਦਾ ਤੇ ਕਦੇ ਲੰਬੀ ਆਰ ਨਾਲ ਮੋਟੇ ਮੋਟੇ ਟਾਂਕੇ ਲਾਉਂਦਾ। ਸ਼ਾਮ ਨੂੰ 8 ਕੁ ਵਜੇ ਮੈਂ ਬਾਪੂ ਨਾਲ ਸਾਈਕਲ ’ਤੇ ਪਿੰਡ ਨੂੰ ਵਾਪਸ ਘਰ ਜਾਂਦਾ। ਇਹ ਸਾਰਾ ਕੁਝ ਜਿਉਂ ਦਾ ਤਿਉਂ ਅਜੇ ਵੀ ਮੇਰੇ ਜ਼ਿਹਨ ਵਿਚ ਉੱਕਰਿਆ ਹੋਇਆ ਹੈ। ਚਮੜੇ ਦੀ ਖ਼ਾਸ ਤਰ੍ਹਾਂ ਦੀ ਹਮਕ ਤੇ ਜੁੱਤੀਆਂ ਬਣਾਉਣ ਦੀ ਪੂਰੀ ਵਿਧੀ ਅਜੇ ਵੀ ਮੇਰੇ ਚੇਤਿਆਂ ਵਿਚ ਵਸੀ ਹੋਈ ਹੈ। ਤਿੱਲੇਦਾਰ ਜੁੱਤੀ ਪਾ ਕੇ ਭੰਗੜਾ ਪਾਉਂਦੇ ਚੋਬਰਾਂ ਨੂੰ ਤੇ ਲੈਦਰ ਦਾ ਪਰਸ ਮੋਢੇ ’ਤੇ ਲਟਕਾਈ ਪਾਰਟੀ ਵਿਚ ਆਈਸਕ੍ਰੀਮ ਖਾਂਦੀ ਕਿਸੇ ਸੁੰਦਰੀ ਨੂੰ ਚਮੜੇ ਦੀ ਉਸ ਬਦਬੂ ਤੇ ਉਸ ਪ੍ਰਕਿਰਿਆ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਹ ਜਾਨਣਾ ਵੀ ਨਹੀਂ ਚਾਹੁੰਦੇ। ਉਨ੍ਹਾਂ ਵਾਸਤੇ ਇਹ ਵਿਸ਼ਾ ਵੀ ਅਛੂਤ ਹੈ। ਇਹ ਗੰਦਾ ਤੇ ਘਟੀਆ ਕੰਮ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ।

ਗੱਲ ਕਿਤਾਬ ਦੀ ਹੋ ਰਹੀ ਹੈ ਤੇ ਇਸ ਬਹਾਨੇ ਮਿਰਦੰਗ ਦੀ। ਕ੍ਰਿਸ਼ਨਾ ਨੇ ਮਿਰਦੰਗ ਕਾਰੀਗਰ ਦਲਿਤ ਇਸਾਈਆਂ ਦੀਆਂ ਕਈ ਪੁਸ਼ਤਾਂ ਦੀ ਖੋਜ ਕੀਤੀ ਅਤੇ ਉਸ ਨੇ ਆਪਣੇ ਭਾਈਚਾਰੇ ਦੇ ਕਲਾਕਾਰਾਂ ਦੇ ਪੋਤੜੇ ਵੀ ਫਰੋਲੇ ਹਨ। ਮਸ਼ਹੂਰ ਮਿਰਦੰਗਵਾਦਕ ਤੇ ਪਦਮ ਭੂਸ਼ਨ ਨਾਲ ਸਨਮਾਨਿਤ ਪਲੀਘਾਟ ਮਨੀ ਅਈਅਰ ਬਾਰੇ ਕਿਤਾਬ ਵਿਚ  ਜ਼ਿਕਰ ਕੁਝ ਇਸ ਤਰ੍ਹਾਂ ਹੈ: ‘‘ਪ੍ਰੰਪਰਾਵਾਦੀ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਣ ਕਰਕੇ ਪਲੀਘਾਟ ਮਨੀ ਅਈਅਰ ਦਾ ਜੀਵਨ ਵਿਰੋਧਾਭਾਸ ਵਾਲਾ ਸੀ। ਜਿਹੜਾ ਮਿਰਦੰਗ ਸਾਜ਼ ਉਹ ਵਜਾਉਂਦਾ ਸੀ, ਉਸ ਦੇ ਵਾਸਤੇ ਤਿੰਨ ਜਾਨਵਰਾਂ ਦੀ ਜਾਨ ਲੈਣੀ ਪੈਂਦੀ ਸੀ, ਪਰ ਉਸ ਦੇ ਧਰਮ ਤੇ ਦਿਲ ਦੇ ਸਭ ਤੋਂ ਕਰੀਬ ਗਊ ਮਾਤਾ ਸੀ। ਬੇਸ਼ੱਕ ਮਨੀ ਅਈਅਰ ਮੰਨਦਾ ਸੀ ਕਿ ਮਿਰਦੰਗ ਵੈਦਿਕ ਧਰਮ ਦਾ ਸਾਜ਼ ਹੈ, ਪਰ ਇਹ ਸਵਾਲ ਉਸ ਦੀ ਆਤਮਾ ਨੂੰ ਹਮੇਸ਼ਾ ਕੁਰੇਦਦਾ ਰਹਿੰਦਾ ਕਿ ਕੀ ਇਸ ਦੇ ਵਾਸਤੇ ਗਊ ਹੱਤਿਆ ਠੀਕ ਹੈ? ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਉਹ ਸੀ. ਰਾਜਾਗੋਪਾਲਚਾਰੀ ਕੋਲ ਜਾਂਦਾ ਹੈ ਜਿਸ ਨੂੰ ਮਹਾਤਮਾ ਗਾਂਧੀ ਆਪਣੇ ਧਰਮ ਦਾ ਮਾਰਗਦਰਸ਼ਕ ਮੰਨਦਾ ਸੀ। ਰਾਜਾ ਜੀ (ਜਿਵੇਂ ਉਸਨੂੰ ਕਿਹਾ ਜਾਂਦਾ ਸੀ) ਉਸ ਨੂੰ ਚਲੰਤ ਜਿਹਾ ਰਵਾਇਤੀ ਉੱਤਰ ਦਿੰਦਾ ਹੈ, ‘‘ਨਦੀ ਦੇ ਸ੍ਰੋਤ ਅਤੇ ਸੰਤ ਦੇ ਪਿਛੋਕੜ ਨੂੰ ਕਦੇ ਨਾ ਦੇਖੋ।’’  ਅਸਿੱਧੇ ਤੌਰ ’ਤੇ ਉਹ ਅਈਅਰ ਨੂੰ ਕਹਿਣਾ ਚਾਹੁੰਦਾ ਹੈ ਕਿ ਇਹੋ ਜਿਹੇ ਮੁਸ਼ਕਿਲ ਸਵਾਲ ਨਾ ਹੀ ਪੁੱਛੋ। ਕਿੰਨਾ ਆਸਾਨ ਹੈ ਨਾ! ਇਹ ਤਾਂ ਕਾਰੀਗਰ ਹੀ ਹੈ ਜੋ ਸਾਜ਼ ਤੇ ਕਲਾਕਾਰ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੈ ਤੇ ਕਰੂਰ ਅਸਲੀਅਤ ਨੂੰ ਛੁਪਾ ਕੇ ਰੱਖਦਾ ਹੈ ਤਾਂ ਕਿ ਕਲਾਕਾਰ ਖੁਸ਼ਫਹਿਮੀ ਵਿਚ ਰਹਿ ਸਕੇ। ਗਊ ਨੂੰ ਕਲਾਕਾਰ ਦੀ ਨਜ਼ਰ ਤੋਂ ਹਟਾ ਲਿਆ ਜਾਂਦਾ ਹੈ। ਗਊ ਨੂੰ ਮਾਰਨਾ ਤੇ ਉਸ ਦੀ ਚਮੜੀ ਉਤਾਰਨਾ ਕਲਾਕਾਰ ਦੇ ਦਾਇਰੇ ਤੋਂ ਬਾਹਰ ਹੀ ਹੁੰਦਾ ਹੈ। ਇਸ ਲਈ ਉਸ ਨੂੰ ਇਹੀ ਮਹਿਸੂਸ ਹੁੰਦਾ ਹੈ ਕਿ ਇੰਝ ਹੋਇਆ ਹੀ ਨਹੀਂ। ਕਲਾਕਾਰ ਤੇ ਗਊ ਦੇ ਵਿਚਕਾਰ ਕਾਰੀਗਰ ਦੀਵਾਰ ਬਣ ਕੇ ਖੜ੍ਹਾ ਰਹਿੰਦਾ ਹੈ ਤਾਂ ਕਿ ਬ੍ਰਾਹਮਣ ਕਲਾਕਾਰ ਆਪਣੀ ਪਵਿੱਤਰਤਾ ਕਾਇਮ ਰੱਖ ਸਕੇ। ਇਸ ਕਰਕੇ ਕਲਾਕਾਰ ਵਾਸਤੇ ਕਾਰੀਗਰ ਬਹੁਤ ਅਹਿਮ ਹੈ। ਫਿਰ ਵੀ ਇਹ ਭੂਮਿਕਾ ਕਾਰੀਗਰ ਨੂੰ ਭ੍ਰਿਸ਼ਟ ਤੇ ਨਾਬਰਾਬਰ ਹੀ ਰੱਖਦੀ ਹੈ। ਜਦੋਂ ਖ਼ੂਨ ਕੱਢ ਕੇ, ਚਮੜੀ ਸਾਫ਼ ਕਰਕੇ, ਖ਼ਾਸ ਆਕਾਰ ਵਿਚ ਕੱਟ ਕੇ, ਫਿਰ ਸੁਕਾ ਕੇ ਕਲਾਕਾਰ ਕੋਲ ਲਿਜਾਇਆ ਜਾਂਦਾ ਹੈ ਤਾਂ ਇਸ ਸਾਰੀ ਪ੍ਰਕਿਰਿਆ ਵਿਚ ਜਿਉਂਦੇ ਜਾਗਦੇ ਸਰੋਤ ਨੂੰ ਬੇਜਾਨ ਵਸਤੂ ਵਿਚ ਤਬਦੀਲ ਕਰਨ ਵਾਲਾ ਕਾਰੀਗਰ ਹੀ ਹੁੰਦਾ ਹੈ। ਬਣਾਉਣ ਵਾਲੇ ਕਾਰੀਗਰ ਵਾਸਤੇ ਚਮੜੀ ਜੀਵਤ ਹੈ ਜਿਸ ਵਿਚ ਕੁਝ ਵੀ ਨਾਕਾਰਾਤਮਿਕ ਨਹੀਂ ਹੈ। ਉਹ ਚਮੜੀ ਨੂੰ ਮਰਨ ਤੋਂ ਬਾਅਦ ਵੀ ਜ਼ਿੰਦਗੀ ਦਿੰਦਾ ਹੈ।’’ ਜੋ ਦਬੰਗ ਰਾਗ ਮਿਰਦੰਗ ’ਚੋਂ ਨਿਕਲਦੇ ਹਨ ਓਹ ਜੀਆਂ ਚ ਜਾਨ ਪਾਉਣ ਵਾਲੇ ਹੁੰਦੇ ਹਨ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਕ੍ਰਿਸ਼ਨਾ ਹੋਰ ਅੱਗੇ ਤੋਰਦਾ ਹੈ। ਇਕ ਕਾਰੀਗਰ ਉਸ ਨੂੰ ਦੱਸਦਾ ਹੈ, ‘‘ਅਸੀਂ ਬੱਕਰੀਆਂ ਤੇ ਗਊਆਂ ਦੇ ਚੰਮ ਦੀ ਗੱਲ ਕਰਦੇ ਹਾਂ। ਜ਼ਿਆਦਾਤਰ ਵਾਦਕ ਬ੍ਰਾਹਮਣ ਹਨ। ਉਹ ਇਸ ਦੀ ਬਦਬੂ ਨੂੰ ਪਸੰਦ ਨਹੀਂ ਕਰਦੇ ਤੇ ਉਨ੍ਹਾਂ ਨੂੰ ਚਮੜੀ ਦੀ ਵਿਧੀ ਦਾ ਕੋਈ ਗਿਆਨ ਨਹੀਂ। ਉਹੀ ਸਾਜ਼ ਉਨ੍ਹਾਂ ਦੇ ਪੂਜਾ ਘਰ ਵਿਚ ਰੱਖਿਆ ਹੁੰਦਾ ਹੈ। ਪਰ ਬਣਾਉਣ ਵਾਲੇ ਦੀ ਕੋਈ ਇੱਜ਼ਤ ਨਹੀਂ ਹੈ।’’ ਕੋਈ ਹੋਰ ਦੱਸਦਾ ਹੈ, ‘‘ਜਦੋਂ ਮੈਂ ਮਿਰਦੰਗ ਬਣਾਉਂਦਾ ਹਾਂ ਤਾਂ ਆਪਣੇ ਪੈਰਾਂ ਨਾਲ ਇਸ ਨੂੰ ਫੜ ਕੇ ਰੱਖਦਾ ਹਾਂ, ਪਰ ਤੁਸੀਂ ਉਹੀ ਮਿਰਦੰਗ ਆਪਣੇ ਘਰ ਲਿਜਾ ਕੇ ਪੂਜਾ ਕਰਨੀ ਹੁੰਦੀ ਹੈ।’’ 

ਇਸ ਕਿਤਾਬ ਵਿਚ ਸੇਬਾਸਤੀਅਨ ਦੀ ਕਹਾਣੀ ਹੈ। ਉਸ ਦਾ ਵਿਚਕਾਰਲਾ ਪੁੱਤਰ ਪਾਰਲੈਂਡੂ ਮਿਰਦੰਗ ਬਣਾਉਣ ਦਾ ਮਾਹਿਰ ਸੀ। ਪਾਰਲੈਂਡੂ ਦਾ ਰਿਸ਼ਤੇ ਵਿਚੋਂ ਭਰਾ ਅਲਕੱਟਣ ਵੀ ਕਮਾਲ ਦਾ ਕਾਰੀਗਰ ਹੈ। ਮਨੀ ਅਈਅਰ ਅਲਕੱਟਣ ਨੂੰ ਮਿਰਦੰਗ ਬਣਾਉਣ ਦਾ ਕੰਮ ਦਿੰਦਾ ਹੈ। ਹਦਾਇਤ ਕਰਦਾ ਹੈ ਕਿ ਸਭ ਤੋਂ ਵਧੀਆ ਗਾਂ ਦੀ ਚਮੜੀ ਹੀ ਵਰਤੀ ਜਾਵੇ ਤੇ ਕੀਮਤ ਵਾਸਤੇ ਕੋਈ ਸਮਝੌਤਾ ਨਾ ਕੀਤਾ ਜਾਵੇ। ਅਲਕੱਟਣ ਦੱਸਦਾ ਹੈ ਕਿ ਘੱਟੋ ਘੱਟ 100 ਰੁਪਏ ਲੱਗ ਸਕਦੇ ਹਨ। ਮਨੀ ਅਈਅਰ ਉਸੇ ਵਕਤ 100 ਰੁਪਏ ਅਡਵਾਂਸ ਦੇ ਕੇ ਆਪ ਰੈਸਤਰਾਂ ਵਿਚ ਖਾਣ ਪੀਣ ਵਾਸਤੇ ਚਲਾ ਜਾਂਦਾ ਹੈ। ਸ਼ਾਮ ਨੂੰ ਅਲਕੱਟਣ ਉਸ ਦੇ ਘਰ ਦੇ ਬਾਹਰ ਗਾਂ ਲੈ ਕੇ ਖੜ੍ਹਾ ਹੈ। ਮਨੀ ਅਈਅਰ ਬਾਹਰ ਨਿਕਲ ਕੇ ਹੈਰਾਨੀ ਨਾਲ ਪੁੱਛਦਾ ਹੈ ਕਿ ਇਹ ਕੀ ਹੈ? ਅਲਕੱਟਣ ਦੱਸਦਾ ਹੈ ਕਿ ਮੇਰੇ ਤਜਰਬੇ ਮੁਤਾਬਿਕ ਇਸ ਗਾਂ ਦੀ ਚਮੜੀ ਮਿਰਦੰਗ ਬਣਾਉਣ ਵਾਸਤੇ ਵਧੀਆ ਰਹੇਗੀ। ਪਰ ਮਾਲਕ 120 ਰੁਪਏ ਮੰਗਦਾ ਸੀ। ਮੈਂ ਸੋਚਿਆ ਕਿ ਸੌਦਾ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛ ਲਵਾਂ। ਮਨੀ ਅਈਅਰ ਨੂੰ ਗਾਂ ਵੱਲ ਦੇਖ ਕੇ ਤੇ ਬੁੱਚੜਖਾਨੇ ਦਾ ਸੋਚ ਸੋਚ ਕੇ ਅਵੱਤ ਆਉਣ ਲੱਗਦੇ ਹਨ। ਉਹ ਉਸੇ ਵੇਲੇ ਅਲਕੱਟਣ ਨੂੰ ਗਾਂ ਸਮੇਤ ਦਫ਼ਾ ਹੋ ਜਾਣ ਨੂੰ ਕਹਿੰਦਾ ਹੈ। ਕ੍ਰਿਸ਼ਨਾ ਦੱਸਦਾ ਹੈ ਕੋਈ ਵੀ ਮਿਰਦੰਗ ਕਲਾਕਾਰ ਆਪਣੇ ਆਪ ਨੂੰ ਇਸ ਹਾਲਾਤ ਵਿਚ ਦੇਖਣਾ ਨਹੀਂ ਚਾਹੇਗਾ। ਉਨ੍ਹਾਂ ਦੀ ਜਾਚੇ ਚਮੜੀ ਆਕਾਸ਼ ਤੋਂ ਹੀ ਡਿੱਗਦੀ ਹੈ ਤੇ ਇਸਦੇ ਵਾਸਤੇ ਗਊ ਹੱਤਿਆ ਨਹੀਂ ਕਰਨੀ ਪੈਂਦੀ। 

ਹੁਣ ਮੁੜ ਤੋਂ ਉਸੇ ਮੂਲ ਵਿਸ਼ੇ ਵੱਲ ਪਰਤਦੇ ਹਾਂ ਕਿ ਇਸ ਕਿਤਾਬ ਨੂੰ ਰਿਲੀਜ਼ ਕਰਨ ਵਾਸਤੇ ਕਲਾਸ਼ੇਤਰ ਨੇ ਇਨਕਾਰ ਕਿਉਂ ਕੀਤਾ? ਕਲਾਸ਼ੇਤਰ ਸਰਕਾਰੀ ਅਦਾਰਾ ਹੈ। ਕਲਾਸ਼ੇਤਰ ਦਾ ਘੜਿਆ ਘੜਾਇਆ ਬਹਾਨਾ ਕੁਝ ਇਸ ਤਰ੍ਹਾਂ ਹੈ, ‘‘ਸਰਕਾਰੀ ਅਦਾਰਾ ਹੋਣ ਕਰਕੇ ਅਸੀਂ ਐਸੇ ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦੇ ਸਕਦੇ ਜਿਸ ਨਾਲ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਹੋਵੇ।’’ ਭਾਰਤ ਇਸ ਵਕਤ ਬੜੇ ਗੰਭੀਰ ਸੰਕਟ ’ਚੋਂ ਗੁਜ਼ਰ ਰਿਹਾ ਹੈ। ਅਖੌਤੀ ਰਾਸ਼ਟਰਵਾਦੀ ਸ਼ਰ੍ਹੇਆਮ ਮੁਜ਼ਾਹਰਾਕਾਰੀਆਂ ’ਤੇ ਗੋਲੀਆਂ ਚਲਾ ਰਹੇ ਹਨ। ਉਹ ਵੀ ਸਮਾਂ ਸੀ ਜਦੋਂ ਦਿੱਲੀ ਦੇ ਜਵਾਹਰ ਲਾਲ ਮਿਊਜ਼ੀਅਮ ਵਿਚ ਵੀਰ ਸਾਵਰਕਰ ਬਾਰੇ ਕਿਤਾਬ ਰਿਲੀਜ਼ ਕੀਤੀ ਗਈ। ਹਾਲਾਂਕਿ ਉਹ ਨਹਿਰੂ ਦਾ ਕੱਟੜ ਵਿਰੋਧੀ ਸੀ। ਇਸੇ ਮਿਊਜ਼ੀਅਮ ਵਿਚ 10 ਕੁ ਸਾਲ ਪਹਿਲਾਂ ਜਸਵੰਤ ਸਿੰਘ ਦੀ ਜਿਨਾਹ ਬਾਰੇ ਲਿਖੀ ਕਿਤਾਬ ਰਿਲੀਜ਼ ਕੀਤੀ ਗਈ ਸੀ। ਕ੍ਰਿਸ਼ਨਾ ਕਹਿੰਦਾ ਹੈ ਕਿ ਕਿਤਾਬ ਦੀ ਰਿਲੀਜ਼ ਤੋਂ ਮੁੱਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਂ ਉਨ੍ਹਾਂ ਅਣਗੌਲੇ ਤੇ ਅਛੂਤ ਦਲਿਤ ਮਿਰਦੰਗ ਕਾਰੀਗਰਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੂੰ ਕਲਾਕਾਰਾਂ ਦੇ ਬਰਾਬਰ ਉਸੇ ਮੰਚ ’ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਕਲਾਸ਼ੇਤਰ ਦੀ ਸਟੇਜ ’ਤੇ ਹਮੇਸ਼ਾ ਮਿਰਦੰਗ ਵੱਜਦਾ ਹੈ, ਉੱਥੇ ਉਸ ਦੇ ਸਿਰਜਣਹਾਰਿਆਂ ਦੀ ਗੱਲ ਕਰਨੀ ਵੀ ਗੁਨਾਹ ਹੋ ਗਈ ਹੈ। ਕ੍ਰਿਸ਼ਨਾ ਦੀ ਇਸ ਕਿਤਾਬ ਦੀ ਰਿਲੀਜ਼ 2 ਫਰਵਰੀ ਨੂੰ ਕਲਾਸ਼ੇਤਰ ਤੋਂ ਬਦਲ ਕੇ ਏਸ਼ੀਅਨ ਕਾਲਜ ਆਫ ਜ਼ਰਨਲਿਜ਼ਮ ਵਿਚ ਕੀਤੀ ਗਈ। ਸ਼ਾਲਾ! ਨਾਦ ਅਨਾਦਿ ਵੱਜੇ ਮਿਰਦੰਗ!!! 

* ਲੇਖਕ ਵੈਸਟ ਵਰਜੀਨੀਆ ਯੂਨੀਵਰਸਿਟੀ ’ਚ ਸਟਾਫ ਸਾਇਕੈਟਰਿਸਟ ਤੇ ਸਹਾਇਕ ਪ੍ਰੋਫ਼ੈਸਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All