ਖ਼ਰਾਬ  ਮੌਸਮ

ਖ਼ਰਾਬ  ਮੌਸਮ

ਐਂਟਨ ਚੈਖ਼ਵ
ਰੂਸੀ ਕਹਾਣੀ

ਖਿੜਕੀਆਂ ’ਤੇ ਮੀਂਹ ਦੇ ਪਾਣੀ ਦੀ ਤਿੱਪ ਤਿੱਪ ਦੀ ਆਵਾਜ਼ ਆ ਰਹੀ ਸੀ। ਇਹ ਗਰਮੀਆਂ ਦਾ ਉਹ ਮੀਂਹ ਸੀ ਜਿਹੜਾ ਕਈ ਕਈ ਦਿਨ ਪੈਂਦਾ ਰਹਿੰਦਾ ਸੀ। ਠੰਢ ਹੋ ਗਈ ਸੀ ਅਤੇ ਅਸਹਿਜ ਕਰ ਦੇਣ ਵਾਲੀ ਸਿੱਲ੍ਹ ਦਾ ਅਹਿਸਾਸ ਹੋ ਰਿਹਾ ਸੀ। ਵਕੀਲ ਕਵਾਸ਼ਿਨ ਦੀ ਸੱਸ ਤੇ ਪਤਨੀ ਫਿਲੀਪੋਬਨਾ ਬਰਸਾਤੀ ਸੂਟ ਪਾਈ ਅਤੇ ਸਿਰਾਂ ’ਤੇ ਸ਼ਾਲ ਲਈ ਬੈਠੀਆਂ ਸਨ। ਸੱਸ ਦੇ ਚਿਹਰੇ ਤੋਂ ਸਾਫ਼ ਦਿਸਦਾ ਸੀ ਕਿ ਉਹ ਚੰਗਾ ਖਾਂਦੀ ਪੀਂਦੀ ਹੈ, ਚੰਗਾ ਪਹਿਨਦੀ ਹੈ ਤੇ ਆਪਣੀ ਇਕਲੌਤੀ ਧੀ 

ਇਕ ਭਲੇ ਆਦਮੀ ਨਾਲ ਵਿਆਹ ਕੇ ਪੂਰੀ ਤਰ੍ਹਾਂ ਸੰਤੁਸ਼ਟ ਹੈ। ਉਸ ਦੀ ਧੀ ਕੁਝ ਮਧਰੀ, ਬਾਈ ਕੁ ਵਰ੍ਹਿਆਂ ਦੀ ਸਾਊ 

ਦਿੱਖ ਵਾਲੀ ਸੁੰਦਰ ਔਰਤ ਹੈ ਅਤੇ ਉਹ ਮੇਜ਼ ’ਤੇ ਕੂਹਣੀਆਂ ਰੱਖੀ ਇਕ ਕਿਤਾਬ ਪੜ੍ਹ ਰਹੀ ਹੈ ਪਰ ਉਸ ਦੀਆਂ ਅੱਖਾਂ 

ਤੋਂ ਇਉਂ ਲਗਦਾ ਹੈ ਕਿ ਉਹ ਅਜਿਹੇ ਵਿਚਾਰਾਂ ਵਿਚ 

ਗੁਆਚੀ ਹੋਈ ਹੈ ਜਿਹੜੇ ਕਿਤਾਬ ਵਿਚ ਨਹੀਂ ਹਨ। ਮਾਂ ਧੀ ਦੋਹਾਂ ਵਿਚੋਂ ਕੋਈ ਵੀ ਨਹੀਂ ਬੋਲ ਰਹੀ।

ਕਵਾਸ਼ਿਨ ਘਰ ਨਹੀਂ ਸੀ। ਬਰਸਾਤ ਦੇ ਦਿਨਾਂ ਵਿਚ ਉਹ ਸ਼ਹਿਰ ਵਿਚ ਹੀ ਠਹਿਰ ਜਾਂਦਾ। ਸਿੱਲ੍ਹਾ, ਮੀਂਹ ਵਾਲਾ ਮੌਸਮ ਉਸ ਦੇ ਫੇਫੜਿਆਂ ’ਤੇ ਮਾੜਾ ਅਸਰ ਕਰਦਾ। ਉਸ ਦਾ ਵਿਚਾਰ ਸੀ ਕਿ ਆਸਮਾਨ ਦੇ ਸਲੇਟੀ ਰੰਗ ਅਤੇ ਖਿੜਕੀਆਂ ’ਤੇ ਬਾਰਸ਼ ਦੇ ਤੁਪਕਿਆਂ ਨਾਲ ਬੰਦੇ ਵਿਚ ਸਾਹ-ਸੱਤ ਨਹੀਂ ਰਹਿੰਦਾ ਤੇ ਉਹ ਚਿੜਚਿੜਾ ਬਣ ਜਾਂਦਾ ਹੈ। ਸ਼ਹਿਰ ਵਿਚ ਉਸ ਨੂੰ ਖ਼ਰਾਬ ਮੌਸਮ ਦਾ ਪਤਾ ਹੀ ਨਹੀਂ ਸੀ ਲੱਗਦਾ।

ਬੁੱਢੀ ਔਰਤ ਆਪਣੀ ਧੀ ਵੱਲ ਵੇਖਦਿਆਂ ਬੋਲੀ, ‘‘ਮੈਂ ਸੋਚ ਰਹੀ ਆਂ ਕਿ ਕੱਲ੍ਹ ਮੌਸਮ ਕਿਹੋ ਜਿਹਾ ਹੋਏਗਾ ਤੇ ਕੀ ਆਪਣਾ ਕਵਾਸ਼ਿਨ ਘਰ ਆ ਜਾਏਗਾ। ਪੰਜ ਦਿਨ ਹੋ ਗਏ ਉਸ ਨੂੰ ਗਏ ਨੂੰ। ਰੱਬ ਸਾਨੂੰ ਮੌਸਮ ਰਾਹੀਂ ਕੋਈ ਸਜ਼ਾ ਦੇ ਰਿਹੈ।’’ ਫਿਲੀਪੋਬਨਾ ਨੇ ਆਪਣੀ ਮਾਂ ਵੱਲ ਬੇਧਿਆਨੀ ਜਿਹੀ ਹੋ ਕੇ ਵੇਖਿਆ  ਅਤੇ ਉੱਠ ਕੇ ਕਮਰੇ ਵਿਚ ਇਧਰ ਉਧਰ ਫਿਰਨ ਲੱਗੀ। ‘‘ਕੱਲ੍ਹ ਹਵਾ ਦਾ ਦਬਾਉ ਵਧ ਰਿਹਾ ਸੀ।’’ ਉਸ ਨੇ ਹੌਲੀ ਜਿਹੀ ਆਖਿਆ, ‘‘ਪਰ ਕਹਿੰਦੇ ਅੱਜ ਫਿਰ ਘਟ ਰਿਹੈ।’’

‘‘ਤੈਨੂੰ ਕਵਾਸ਼ਿਨ ਦੀ ਕਮੀ ਮਹਿਸੂਸ ਹੁੰਦੀ ਐ?’’ ਬੁੱਢੀ ਔਰਤ ਨੇ ਉਸ ਵੱਲ ਵੇਖਦਿਆਂ ਪੁੱਛਿਆ।

‘‘ਬੇਸ਼ੱਕ।’’

‘‘ਮੈਨੂੰ ਵੀ ਲਗਦੈ ਤੂੰ ਉਸ ਨੂੰ ਯਾਦ ਕਰਦੀ ਐਂ। ਪੰਜ ਦਿਨ ਹੋ ਗਏ ਉਸ ਨੂੰ ਗਏ ਨੂੰ। ਅੱਗੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਦਿਨ ਬਾਹਰ ਰਹਿੰਦਾ ਸੀ, ਪਰ ਐਤਕੀਂ ਤਾਂ ਪੰਜ ਦਿਨ ਹੋ ਗਏ। ਮੈਂ ਉਸ ਦੀ ਪਤਨੀ ਨਹੀਂ ਪਰ ਉਸ ਨੂੰ ਯਾਦ ਕਰਦੀ ਆਂ। ਕੱਲ੍ਹ ਜਦ ਮੈਂ ਸੁਣਿਆ ਕਿ ਹਵਾ ਦਾ ਦਬਾਉ ਵਧ ਰਿਹੈ, ਤਾਂ ਮੈਂ ਉਦੋਂ ਹੀ ਰਸੋਈਏ ਨੂੰ ਉਸ ਲਈ ਕੁੱਕੜ ਮਾਰਨ ਨੂੰ ਆਖ ਦਿੱਤਾ। ਇਹ ਉਹ ਬਹੁਤ ਸਵਾਦ ਨਾਲ ਖਾਂਦੈ।’’

‘‘ਮੈਨੂੰ ਉਹ ਬਹੁਤ ਯਾਦ ਆਉਂਦੈ।’’ ਬੇਟੀ ਨੇ ਆਖਿਆ, ‘‘ਆਪਾਂ ਇੱਥੇ ਉਦਾਸ ਬੈਠੇ ਆਂ। ਪਰ ਉਹ ਤਾਂ ਹੋਰ ਵੀ ਉਦਾਸ ਹੋਣੈਂ।’’

‘‘ਉਹ ਤਾਂ ਹੈ ਈ। ਦਿਨੇ ਕਚਹਿਰੀਆਂ ਵਿਚ ਤੇ ਰਾਤ ਨੂੰ ਖਾਲੀ ਫਲੈਟ ਵਿਚ ਉੱਲੂ ਵਾਂਗ ਕੱਲਾ ਈ।’’

‘‘ਤੇ ਮੱਮਾ, ਉਸ ਕੋਲ ਕੋਈ ਨੌਕਰ ਵੀ ਤਾਂ ਨਹੀਂ। ਉਸ ਕੋਲ ਤਾਂ ਕੋਈ ਪਾਣੀ ਫੜਾਉਣ ਵਾਲਾ ਵੀ ਨਹੀਂ। ਗਰਮੀਆਂ ਦੇ ਮੌਸਮ ਲਈ ਉਸ ਨੇ ਕੋਈ ਨੌਕਰ ਕਿਉਂ ਨ੍ਹੀ ਰੱਖਿਆ?’’ ਬੋਲਦੀ ਬੋਲਦੀ ਉਹ ਚੁੱਪ ਹੋ ਗਈ ਤੇ ਸੋਚਣ ਲੱਗੀ ਕਿ ਉਹ ਕਿਵੇਂ ਆਪਣੇ ਕਮਰੇ ਵਿਚ ਬਿਲਕੁਲ ਇਕੱਲਾ, ਉਦਾਸ, ਭੁੱਖਾ ਭਾਣਾ ਤੇ ਥੱਕਿਆ ਹਾਰਿਆ ਬੈਠਾ ਮੈਨੂੰ ਯਾਦ ਕਰਦਾ ਹੋਵੇਗਾ। ਫਿਰ ਅਚਾਨਕ ਹੀ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਆਖਣ ਲੱਗੀ, ‘‘ਜੇ ਕੱਲ੍ਹ ਵੀ ਮੌਸਮ ਇਹੋ ਜਿਹਾ ਹੀ ਰਿਹਾ ਤਾਂ ਮੈਂ ਪਹਿਲੀ ਗੱਡੀ ਫੜ ਕੇ ਸ਼ਹਿਰ ਜਾਵਾਂਗੀ ਤੇ ਵੇਖਾਂਗੀ ਕਿ ਉਹ ਕਿਵੇਂ ਐ।’’ ਮਾਂ ਧੀ ਦੋਵੇਂ ਇਸ ਗੱਲੋਂ ਹੈਰਾਨ ਸਨ ਕਿ ਇਹ ਵਿਚਾਰ ਉਨ੍ਹਾਂ ਨੂੰ ਪਹਿਲਾਂ ਕਿਉਂ ਨਹੀਂ ਸੁੱਝਿਆ। ਗੱਡੀ ਵਿਚ ਅੱਧਾ ਘੰਟਾ ਹੀ ਲੱਗਣਾ ਸੀ ਤੇ ਫਿਰ ਵੀਹ ਮਿੰਟ ਬੱਘੀ ਵਿਚ। ਕੁਝ ਦੇਰ ਹੋਰ ਉਹ ਗੱਲਾਂ ਕਰਦੀਆਂ ਰਹੀਆਂ ਅਤੇ ਫਿਰ ਇਕੋ ਕਮਰੇ ਵਿਚ ਬਿਸਤਰਿਆਂ ’ਤੇ ਪੈ ਗਈਆਂ।

‘‘ਹੋ ਹੋ ਰੱਬਾ, ਸਾਨੂੰ ਪਾਪੀਆਂ ਨੂੰ ਮੁਆਫ਼ ਕਰ ਦਈਂ।’’ ਜਦ ਕੰਧ ਘੜੀ ਨੇ ਦੋ ਵਜਾਏ ਤਾਂ ਬੁੱਢੀ ਔਰਤ ਨੇ ਹਾਉਕਾ ਲਿਆ।

‘‘ਮੱਮਾ, ਤੁਸੀਂ ਅਜੇ ਸੁੱਤੇ ਨ੍ਹੀ?’’ ਬੇਟੀ ਨੇ ਹੌਲੀ ਜਿਹੀ ਆਖਿਆ, ‘‘ਮੈਂ ਸੋਚਦੀ ਆਂ ਕਿ ਕਵਾਸ਼ਿਨ ਐਵੇਂ ਆਪਣੀ ਸਿਹਤ ਖ਼ਰਾਬ ਕਰੀ ਜਾਂਦੈ। ਪਤਾ ਨ੍ਹੀ ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ।’’

‘‘ਮੈਂ ਵੀ ਇਹੀ ਸੋਚਦੀ ਆਂ।’’ ਬੁੱਢੀ ਔਰਤ ਨੇ ਫਿਰ ਹਾਉਕਾ ਲਿਆ।

ਦਿਨ ਚੜ੍ਹਨ ਵੇਲੇ ਬਾਰਸ਼ ਤਾਂ ਨਹੀਂ ਹੋ ਰਹੀ ਸੀ, ਪਰ ਆਸਮਾਨ ’ਤੇ ਬੱਦਲ ਛਾਏ ਹੋਏ ਸਨ। ਦਰਖ਼ਤ ਉਦਾਸ ਦਿਸ ਰਹੇ ਸਨ ਅਤੇ ਉਨ੍ਹਾਂ ਤੋਂ ਹਵਾ ਦੇ ਬੁੱਲ੍ਹਿਆਂ ਨਾਲ ਪਾਣੀ ਹੇਠਾਂ ਡਿੱਗ ਰਿਹਾ ਸੀ। ਫਿਲੀਪੋਬਨਾ ਜਾਣ ਲਈ ਤਿਆਰ ਹੋ ਗਈ।

‘‘ਉਸ ਨੂੰ ਮੇਰਾ ਪਿਆਰ ਦਈਂ।’’ ਬੁੱਢੀ ਔਰਤ ਨੇ ਆਖਿਆ, ‘‘ਉਸ ਨੂੰ ਆਖੀਂ ਆਪਣੇ ਮੁਕੱਦਮਿਆਂ ਬਾਰੇ ਬਹੁਤਾ ਨਾ ਸੋਚੇ। ਤੇ ਘਰੋਂ ਚਿਕਨ ਲੈ ਕੇ ਜਾ। ਘਰ ਦਾ ਖਾਣਾ ਚਾਹੇ ਠੰਢਾ ਈ ਹੋਵੇ, ਹੋਟਲ ਨਾਲੋਂ ਤਾਂ ਚੰਗਾ ਈ ਹੁੰਦੈ।’’

ਫਿਲੀਪੋਬਨਾ ਚਲੀ ਗਈ ਅਤੇ ਜਾਂਦੀ ਹੋਈ ਆਖ ਗਈ ਕਿ ਮੈਂ ਸ਼ਾਮ ਦੀ ਜਾਂ ਕੱਲ੍ਹ ਸਵੇਰ ਦੀ ਗੱਡੀ ਮੁੜ ਆਵਾਂਗੀ। ਪਰ ਉਹ ਜਲਦੀ ਹੀ ਵਾਪਸ ਆ ਗਈ ਅਤੇ ਖਿਝੀ ਹੋਈ ਬਿਨਾਂ ਕੁਝ ਬੋਲਿਆਂ ਆਪਣੇ ਕਮਰੇ ਵਿਚ ਜਾ ਕੇ ਬਿਸਤਰੇ ’ਤੇ ਸਿਰਹਾਣੇ ਵਿਚ ਸਿਰ ਦੇ ਕੇ ਡੁਸਕਣ ਲੱਗੀ।

‘‘ਪਰ ਹੋਇਆ ਕੀ?’’ ਬੁੱਢੀ ਔਰਤ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੂੰ ਐਨੀ ਜਲਦੀ ਕਿਉਂ ਮੁੜ ਆਈ?’’

ਫਿਲੀਪੋਬਨਾ ਨੇ ਆਪਣਾ ਸਿਰ ਉੱਪਰ ਚੁੱਕਿਆ ਤੇ ਆਪਣੀ ਮਾਂ ਵੱਲ ਵੇਖਣ ਲੱਗੀ।

‘‘ਮੱਮਾ, ਉਹ ਮੈਨੂੰ ਧੋਖਾ ਦੇ ਰਿਹੈ।’’ ਉਸ ਨੇ ਆਖਿਆ।

‘‘ਤੈਨੂੰ ਕਿਵੇਂ ਪਤੈ?’’ ਬੁੱਢੀ ਔਰਤ ਚਿੱਲਾਈ।

‘‘ਆਪਣੇ ਫਲੈਟ ਨੂੰ ਤਾਲਾ ਲੱਗਿਆ ਹੋਇਐ। ਮੈਨੂੰ ਕੁਲੀ ਨੇ ਦੱਸਿਆ ਕਿ ਕਵਾਸ਼ਿਨ ਤਾਂ ਇਨ੍ਹਾਂ ਪੰਜਾਂ ਦਿਨਾਂ ਵਿਚ ਇਕ ਵਾਰ ਵੀ ਇੱਥੇ ਨ੍ਹੀ ਆਇਆ। ਉਹ ਉੱਥੇ ਨ੍ਹੀ ਰਹਿੰਦਾ।’’ ਉਹ ਉੱਚੀ ਉੱਚੀ ਰੋਣ ਲੱਗੀ ਅਤੇ ਵਾਰ ਵਾਰ ‘‘ਉਹ ਉੱਥੇ ਨ੍ਹੀ ਰਹਿੰਦਾ’’ ਆਖਦੀ ਰਹੀ।

‘‘ਹੈਂ?’’ ਬੁੱਢੀ ਔਰਤ ਘਬਰਾ ਗਈ ਤੇ ਹੌਲੀ ਹੌਲੀ ਬੋਲੀ, ‘‘ਅਜੇ ਪਰਸੋਂ ਤਾਂ ਉਸ ਨੇ ਲਿਖਿਆ ਸੀ ਕਿ ਮੈਂ ਹਮੇਸ਼ਾ ਫਲੈਟ ਵਿਚ ਹੀ ਹੁੰਦਾਂ। ਫਿਰ ਉਹ ਸੌਂਦਾ ਕਿੱਥੇ ਐ?’’

ਫਿਲੀਪੋਬਨਾ ਇਸ ਤਰ੍ਹਾਂ ਵੇਖਣ ਲੱਗੀ ਜਿਵੇਂ ਕੋਈ ਨਸ਼ਾ ਕੀਤਾ ਹੋਵੇ ਅਤੇ ਫਿਰ ਆਪਣੀ ਮਾਂ ਦੀਆਂ ਬਾਹਾਂ ਵਿਚ ਡਿੱਗ ਪਈ।

‘‘ਤੂੰ ਇਕ ਕੁਲੀ ਦੀਆਂ ਗੱਲਾਂ ’ਤੇ ਯਕੀਨ ਕਰ ਲਿਆ?’’ ਬੁੱਢੀ ਔਰਤ ਉਸ ਨੂੰ ਆਪਣੇ ਨਾਲ ਘੁੱਟਦਿਆਂ ਆਖਣ ਲੱਗੀ, ‘‘ਤੂੰ ਕਿੰਨੀ ਈਰਖਾਲੂ ਐਂ! ਉਹ ਤੈਨੂੰ ਧੋਖਾ ਕਿਉਂ ਦਏਗਾ? ਆਪਾਂ ਕੋਈ ਐਰੇ ਗੈਰੇ ਤਾਂ ਨ੍ਹੀ। ਤੂੰ ਕਾਨੂੰਨਨ ਉਸ ਦੀ ਪਤਨੀ ਐਂ। ਆਪਾਂ ਉਸ ਦੇ ਖ਼ਿਲਾਫ਼ ਅਦਾਲਤੀ ਕਾਰਵਾਈ ਕਰ ਸਕਦੇ ਆਂ।’’ ਗੱਲ ਕਰਦਿਆਂ ਕਰਦਿਆਂ ਉਹ ਆਪ ਵੀ ਸਿਸਕੀਆਂ ਭਰਨ ਲੱਗੀ। ਦੋਵਾਂ ਵਿਚੋਂ ਕਿਸੇ ਨੇ ਵੀ ਨਾ ਵੇਖਿਆ ਕਿ ਆਸਮਾਨ ਕਿਤੇ ਕਿਤੇ ਨੀਲਾ ਦਿਸਣ ਲੱਗ ਪਿਆ ਸੀ ਅਤੇ ਚਿੜੀਆਂ ਖ਼ੁਸ਼ੀ ਨਾਲ ਚੀਂ ਚੀਂ ਕਰਨ ਲੱਗੀਆਂ ਸਨ।

ਸ਼ਾਮ ਹੁੰਦਿਆਂ ਕਵਾਸ਼ਿਨ ਪਹੁੰਚ ਗਿਆ। ਉਹ ਆਪਣੇ ਫਲੈਟ ਵਿਚ ਗਿਆ ਸੀ ਅਤੇ ਉਸ ਨੂੰ ਕੁਲੀ ਤੋਂ ਪਤਾ ਲੱਗ ਗਿਆ ਸੀ ਕਿ ਉਸ ਦੀ ਪਤਨੀ ਉਸ ਦੀ ਗ਼ੈਰਹਾਜ਼ਰੀ ਵਿਚ ਉੱਥੇ ਆਈ ਸੀ।

‘‘ਮੈਂ ਆ ਗਿਆ।’’ ਉਸ ਨੇ ਹੱਸਦਿਆਂ ਇਉਂ ਆਖਿਆ ਜਿਵੇਂ ਉਸ ਨੇ ਦੋਹਾਂ ਦੇ ਬੁਝੇ ਹੋਏ ਚਿਹਰੇ ਵੇਖੇ ਹੀ ਨਾ ਹੋਣ, ‘‘ਪੰਜ ਦਿਨ ਹੋ ਗਏ ਆਪਾਂ ਇਕ ਦੂਜੇ ਨੂੰ ਵੇਖਿਆ ਈ ਨ੍ਹੀ।’’ ਉਸ ਨੇ ਕਾਹਲੀ ਕਾਹਲੀ ਆਪਣੀ ਪਤਨੀ ਤੇ ਸੱਸ ਦੇ ਹੱਥ ਚੁੰਮੇ ਅਤੇ ਆਰਾਮ-ਕੁਰਸੀ ਵਿਚ ਬੈਠ ਗਿਆ।

‘‘ਓਹ!’’ ਉਸ ਨੇ ਡੂੰਘਾ ਸਾਹ ਲੈਂਦਿਆਂ ਆਖਿਆ, ‘‘ਪੰਜ ਦਿਨ ਹੋ ਗਏ ਮੈਂ ਆਰਾਮ ਨਾਲ ਬੈਠ ਵੀ ਨ੍ਹੀ ਸਕਿਆ ਤੇ, ਤੁਸੀਂ ਯਕੀਨ ਨ੍ਹੀ ਕਰਨਾ, ਮੈਂ ਇਕ ਵਾਰ ਵੀ ਆਪਣੇ ਫਲੈਟ ਵਿਚ ਨ੍ਹੀ ਗਿਆ। ਮੈਂ ਤਾਂ ਸਾਰਾ ਸਮਾਂ ਸ਼ਿਪਨੋਵ ਤੇ ਇਵਾਂਚੀਕੋਵ ਦੇ ਲੈਣਦਾਰਾਂ ਨਾਲ ਮੀਟਿੰਗਾਂ ਵਿਚ ਰੁੱਝਿਆ ਰਿਹਾ। ਮੈਂ ਕੁਝ ਖਾਧਾ ਵੀ ਨਹੀਂ ਤੇ ਮੈਂ ਬੈਂਚ ’ਤੇ ਸੌਂਦਾ ਰਿਹਾ। ਮੈਨੂੰ ਵਿਹਲ ਈ ਨਹੀਂ ਮਿਲੀ ਕਿ ਮੈਂ ਆਪਣੇ ਫਲੈਟ ਵਿਚ ਈ ਜਾ ਸਕਾਂ।’’ ਬੋਲਦਿਆਂ ਬੋਲਦਿਆਂ ਉਸ ਨੇ ਚੀਸ ਜਿਹੀ ਵੱਟੀ ਜਿਵੇਂ ਉਸ ਦੀ ਪਿੱਠ ਦਰਦ ਕਰ ਰਹੀ ਹੋਵੇ ਅਤੇ ਆਪਣੇ ਝੂਠ ਦਾ ਅਸਰ ਵੇਖਣ ਲਈ ਚੋਰ ਅੱਖ ਨਾਲ ਆਪਣੀ ਪਤਨੀ ਤੇ ਸੱਸ ਵੱਲ ਵੇਖਿਆ। ਉਹ ਦੋਵੇਂ ਇਕ ਦੂਜੀ ਵੱਲ ਖ਼ੁਸ਼ੀ ਭਰੀ ਹੈਰਾਨੀ ਨਾਲ ਵੇਖ ਰਹੀਆਂ ਸਨ ਜਿਵੇਂ ਉਨ੍ਹਾਂ ਨੂੰ ਕੋਈ ਗਵਾਚੀ ਹੋਈ ਚੀਜ਼ ਅਚਾਨਕ ਲੱਭ ਗਈ ਹੋਵੇ। ਮਾਂ ਹੱਸਣ ਲੱਗੀ ਕਿ ਧੀ ਨੇ ਐਵੇਂ ਹੀ ਬੇਕਸੂਰ ’ਤੇ ਇਲਜ਼ਾਮ ਲਾ ਦਿੱਤਾ ਸੀ ਅਤੇ ਧੀ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ।

ਛੇਤੀ ਹੀ ਰਸੋਈਏ ਨੇ ਖਾਣ ਪੀਣ ਵਾਲਾ ਸਾਮਾਨ ਡਾਈਨਿੰਗ ਟੇਬਲ ’ਤੇ ਰੱਖ ਦਿੱਤਾ ਅਤੇ ਉਹ ਤਿੰਨੇ ਇਸ ਦੁਆਲੇ ਬੈਠ ਗਏ। ਕਵਾਸ਼ਿਨ ‘‘ਭੁੱਖ, ਭੁੱਖ’’ ਕਰਦਾ ਖਾਂਦਾ ਰਿਹਾ ਅਤੇ ਸ਼ਿਪਨੋਵ ਤੇ ਇਵਾਂਚੀਕੋਵ ਨਾਲ ਮੀਟਿੰਗਾਂ ਦੀਆਂ ਗੱਲਾਂ ਵੀ ਕਰਦਾ ਰਿਹਾ ਜਦੋਂਕਿ ਉਸ ਦੀ ਪਤਨੀ ਤੇ ਸੱਸ ਦੀਆਂ ਨਿਗਾਹਾਂ ਉਸ ਦੇ ਚਿਹਰੇ ’ਤੇ ਟਿਕੀਆਂ ਰਹੀਆਂ। ਉਹ ਦੋਵੇਂ ਸੋਚ ਰਹੀਆਂ ਸਨ, ‘‘ਇਹ ਕਿੰਨਾ ਚੰਗੈ ਤੇ ਕਿੰਨਾ ਖ਼ੂਬਸੂਰਤ!’’

‘‘ਦੋਵੇਂ ਸ਼ਾਂਤ!’’ ਖਾਣ ਪੀਣ ਮਗਰੋਂ ਬਿਸਤਰੇ ’ਤੇ ਲੇਟਿਆ ਕਵਾਸ਼ਿਨ ਸੋਚ ਰਿਹਾ ਸੀ, ‘‘ਹਫ਼ਤੇ ’ਚ ਇਕ ਦੋ ਦਿਨ ਤਾਂ ਇੱਥੇ ਖ਼ੂਬ ਮਜ਼ੇ ਲਏ ਜਾ ਸਕਦੇ ਨੇ।’’ ਉਸ ਨੇ ਆਪਣੇ ਦੁਆਲੇ ਕੱਪੜਾ ਲਪੇਟ ਲਿਆ ਤੇ ਊਂਘਦੇ ਹੋਏ ਨੇ ਆਪਣੇ ਦਿਲ ਵਿਚ ਆਖਿਆ, ‘‘ਸਭ ਕੁਝ ਸ਼ਾਂਤ ਹੋ ਗਿਆ!’’

ਪੰਜਾਬੀ ਰੂਪ: ਡਾ. ਹਰਨੇਕ ਕੈਲੇ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All