ਰਗਬੀ ਨਾਲ ਰੁਮਕਿਆ ਰਮਨੀਕ ਦਾ ਕੌਮਾਂਤਰੀ ਕਰੀਅਰ

ਜਸਵੀਰ ਸਿੰਘ ਰਗਬੀ ਦੀ ਖੇਡ ਵੀ ਹਾਕੀ ਅਤੇ ਕ੍ਰਿਕਟ ਵਾਂਗ ਇੰਗਲੈਂਡ ਦੇ ਗੋਰੇ ਕੁਲੀਨ ਵਰਗਾਂ ਦੀ ਜੰਮੀ ਜਾਈ ਹੈ। ਇਹ ਗੱਲ ਵੱਖਰੀ ਹੈ ਕਿ ਇਸ ਵਿਚ ਹਾਕੀਆਂ/ ਬੱਲਿਆਂ ਤੇ ਸਖ਼ਤ ਗੇਂਦਾਂ ਦੀ ਥਾਂ ਫੁਟਬਾਲ ਵਰਗੀ (ਅੰਡਾ-ਆਕਾਰ) ਇਕ ਗੇਂਦ ਦੀ ਵਰਤੋਂ ਹੁੰਦੀ ਹੈ। 15-15 ਮੈਂਬਰਾਂ (ਰਗਬੀ-ਸੈਵਨ ਵਿਚ ਦੋਵਾਂ ਟੀਮਾਂ ਵਿਚ 7-7 ਖਿਡਾਰੀ ਹੁੰਦੇ ਹਨ) ਦੀਆਂ ਦੋ ਟੀਮਾਂ ਵੱਲੋਂ ਖੇਡੀ ਜਾਣ ਵਾਲੀ ਇਸ ਖੇਡ ਵਿਚ ਗੇਂਦ ਦੀ ਖੋਹ ਖਿੰਝ ਵਾਸਤੇ ਸਾਨ੍ਹਾਂ ਵਾਲਾ ਭੇੜ ਹੁੰਦਾ ਹੈ। ਰਗਬੀ ਦੀ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਇੰਗਲੈਂਡ ਵਿਚ ਸ਼ੁਰੂਆਤ ਹੋਈ ਸੀ। ਇਸ ਵਿਚ ਹਾਕੀ ਜਾਂ ਫੁਟਬਾਲ ਵਰਗੀ ਹੀ ਚੌਰਸ ਗਰਾਊਂਡ ਹੁੰਦੀ ਹੈ ਅਤੇ ਦੋਵੇਂ ਪਾਸੇ ਅੰਗਰੇਜ਼ੀ ਦੇ ਐਚ ਅੱਖਰ ਵਰਗੀਆਂ ਗੋਲ ਪੋਸਟਾਂ ਹੁੰਦੀਆਂ ਹਨ। ਸਾਲ 1845 ਵਿਚ ਪਹਿਲੀ ਵਾਰ ਰਗਬੀ ਫੁਟਬਾਲ ਖੇਡ ਦੇ ਨਿਯਮ ਲਿਖੇ ਗਏ ਸਨ। ਇੰਟਰਨੈਸ਼ਨਲ ਰਗਬੀ ਬੋਰਡ ਇਸ ਖੇਡ ਦੀ ਅੰਤਰਰਾਸ਼ਟਰੀ ਗਵਰਨਿੰਗ ਬਾਡੀ ਹੈ। ਇਹ ਸੰਸਥਾ 1886 ਵਿਚ ਬਣੀ ਸੀ ਅਤੇ ਇਸ ਦਾ ਪਹਿਲਾ ਨਾਂ ‘ਇੰਟਰਨੈਸ਼ਨਲ ਰਗਬੀ ਫੁਟਬਾਲ ਬੋਰਡ’ ਸੀ। ਅੱਜ ਕੱਲ੍ਹ ਇਸ ਸੰਸਥਾ ਦੇ 101 ਦੇਸ਼ ਸੰਪੂਰਣ ਮੈਂਬਰ ਹਨ ਜਦੋਂਕਿ 18 ਦੇਸ਼ ਐਸੋਸੀਏਟ ਮੈਂਬਰ ਹਨ। ਬਰਤਾਨੀਆ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਖੇਡ ਨੇ ਆਇਰਲੈਂਡ ਵਿਚ ਪ੍ਰਵੇਸ਼ ਕੀਤਾ ਅਤੇ ਬਾਅਦ ਵਿਚ ਅਸਟਰੇਲੀਆ, ਨਿਊਜ਼ੀਲੈਂਡ, ਸਾਊਥ ਅਫਰੀਕਾ ਅਤੇ ਫਰਾਂਸ ਵਰਗੇ ਮੁਲਕਾਂ ਨੇ ਇਸ ਨੂੰ ਅਪਣਾਇਆ। ਨਿਊਜ਼ੀਲੈਂਡ, ਫਿਜੀ, ਮੈਡਾਗਾਸਕਰ, ਸਮੋਅ ਅਤੇ ਟੋਂਗਾ ਵਰਗੇ ਦੇਸ਼ਾਂ ਦੀ ਇਹ ਕੌਮੀ ਖੇਡ ਬਣ ਗਈ ਹੈ। ਇਸ ਖੇਡ ਦਾ ਪਹਿਲਾ ਕੌਮਾਂਤਰੀ ਮੈਚ 1871 ਵਿਚ ਇੰਗਲੈਂਡ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਗਿਆ ਸੀ। ਰਗਬੀ ਦਾ ਪਹਿਲਾ ਵਿਸ਼ਪ ਕੱਪ 1987 ਵਿਚ ਹੋਇਆ ਸੀ ਅਤੇ ਇਹ ਹਰ ਚੌਥੇ ਸਾਲ ਖੇਡਿਆ ਜਾਂਦਾ ਹੈ। ਸਾਡੇ ਗੁਆਂਢ ਵਿਚ ਵੱਸਦਾ ਛੋਟਾ ਜਿਹਾ ਦੇਸ਼ ਫਿਜੀ ਪਿਛਲੀ ਓਲੰਪਿਕ ਵਿਚ ਇੰਗਲੈਂਡ ਨੂੰ ਹਰਾ ਕੇ ਇਸ ਖੇਡ ਵਿਚ ਚੈਂਪੀਅਨ ਬਣਿਆ। ਇਸ ਨੂੰ ਖੇਡਣ ਲਈ ਕਬੱਡੀ ਵਾਂਗ ਹੀ ਖਿਡਾਰੀ ਫੁਰਤੀਲਾ ਵੀ ਚਾਹੀਦਾ ਹੈ, ਤੇਜ਼ ਦੌੜਨ ਦੀ ਸਮਰੱਥਾ ਵਾਲਾ ਵੀ ਅਤੇ ਉਸ ਦੇ ਜਿਸਮ ਵਿਚ ਜ਼ਬਰਦਸਤ ਤਾਕਤ ਵੀ ਲੋੜੀਂਦੀ ਹੈ। ਗੱਲ ਕੀ ਇਕ ਮੁਕੰਮਲ ਖਿਡਾਰੀ ਚਾਹੀਦਾ ਹੈ। ਰਗਬੀ ਖੇਡਣ ਲਈ ਅਜਿਹੇ ਖਿਡਾਰੀ ਹੀ ਸਫ਼ਲ ਹੋ ਸਕਦੇ ਹਨ। ਪਰ ਇਸ ਸਾਰੇ ਕੁਝ ਦੇ ਬਾਵਜੂਦ ਇਹ ਖੇਡ ਹਾਲੇ ਪੰਜਾਬ ਵਿਚ ਹਰਮਨ ਪਿਆਰੀ ਨਹੀਂ ਹੋ ਸਕੀ। ਇਸ ਸਖ਼ਤ ਚੁਣੌਤੀ ਦਾ ਸਾਹਮਣਾ ਕਰਨ ਲਈ ਨਿੱਤਰੀ ਹੈ ਗੁਰੂ ਅੰਗਦ ਦੇਵ ਕਾਲਜ ਦੀ ਖਿਡਾਰਨ ਰਮਨੀਕ ਕੌਰ। ਉਸ ਨੇ ਇਸ ਖੇਡ ਵਿਚ ਕੌਮਾਂਤਰੀ ਪੱਧਰ ’ਤੇ ਝੰਡੇ ਵੀ ਗੱਡੇ ਹਨ। ਰਮਨੀਕ ਕੌਰ ਪੰਜਾਬ ਦੀ ਪਹਿਲੀ ਖਿਡਾਰਨ ਹੈ ਜੋ ਕੌਮਾਂਤਰੀ ਪੱਧਰ ’ਤੇ ਖੇਡੀ ਹੈ। ਮਾਨਾਵਾਲਾ ਸਪੋਰਟਸ ਅਕੈਡਮੀ ਦੇ ਯਤਨਾ ਸਦਕਾ ਪੰਜਾਬ ਵਿਚ ਰਗਬੀ ਐਸੋਸੀਏਸ਼ਨ ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ। ਇਸੇ ਅਕੈਡਮੀ ਦੇ ਕੋਚ ਕਸ਼ਮੀਰ ਸਿੰਘ ਨੇ ਕਬੱਡੀ ਤੇ ਫੁਟਬਾਲ ਦੀਆਂ ਖਿਡਾਰਨ ’ਤੇ ਆਧਾਰਿਤ ਪਹਿਲੀ ਰਗਬੀ ਟੀਮ ਤਿਆਰ ਕੀਤੀ। ਪਛਿਲੇ ਸਾਲ ਭਾਰਤ ਦੀ ਰਗਬੀ ਅਸੋਸੀਏਸ਼ਨ ਵਲੋਂ ਲੁਧਿਆਣਾ ਵਿਚ ਕਰਵਾਏ ਗਏ ਨੈਸ਼ਨਲ ਟੂਰਨਾਮੈਂਟ ਵਿਚ ਖੇਡਣ ਤੋਂ ਬਾਅਦ ਪੰਜਾਬ ਦੀਆਂ ਦੋ ਕੁੜੀਆਂ, ਰਮਨੀਕ ਕੌਰ ਅਤੇ ਸੰਦੀਪ ਕੌਰ ਦੀ ਨੈਸ਼ਨਲ ਕੈਂਪ ਵਿਚ ਚੋਣ ਹੋਈ ਸੀ। ਇਹ ਦੋਵੇਂ ਕੁੜੀਆਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੀ ਅਗਵਾਈ ਵਿਚ ਚਲ ਰਹੇ ਗੁਰੂ ਅੰਗਦ ਦੇਵ ਕਾਲਜ ਦੀਆਂ ਵਿਦਿਆਰਥਣਾਂ ਹਨ। ਕੌਮੀ ਕੈਂਪ ਤੋਂ ਬਾਅਦ ਰਮਨੀਕ ਦੀ ਭਾਰਤੀ ਕੌਮੀ ਟੀਮ ਲਈ ਚੋਣ ਹੋ ਗਈ। ਉਸ ਨੇ ਫਿਲਪਾਈਨ ਵਿਚ ਹੋਇਆ ਕੌਮਾਂਤਰੀ ਟੂਰਨਾਮੈਂਟ ਖੇਡਿਆ ਜਦੋਂਕਿ ਸੰਦੀਪ ਸੱਟ ਲੱਗਣ ਕਾਰਨ ਟੀਮ ਵਿਚ ਚੁਣੀ ਨਹੀਂ ਸੀ ਗਈ। ਇਸ ਟੂਰਨਾਮੈਂਟ ਵਿਚ ਭਾਰਤ ਦੀ ਟੀਮ ਸਿੰਗਾਪੁਰ ਨੂੰ ਹਰਾ ਕੇ ਤੀਜੇ ਸਥਾਨ ’ਤੇ ਰਹੀ ਤੇ ਕਾਂਸੀ ਦਾ ਤਮਗਾ ਜਿੱਤਿਆ। ਹਾਲ ਹੀ ਵਿਚ ਰਮਨੀਕ ਕੌਰ ਸੱਤ ਖਿਡਾਰੀਆਂ ’ਤੇ ਆਧਾਰਿਤ ਰਗਬੀ ਦਾ ਨੈਸ਼ਨਲ ਟੂਰਨਾਮੈਂਟ ਪਟਨੇ ਵਿੱਚ ਖੇਡੀ। ਉਸ ਦੀ ਚੋਣ ਕੌਮੀ ਕੈਂਪ ਲਈ ਕਰ ਲਈ ਗਈ। ਹੁਣੇ-ਹੁਣੇ ਉਹ ਭੁਵਨੇਸ਼ਵਰ ਵਿਚ ਹੋਏ ਕੌਮੀ ਰਗਬੀ-7 ਕੈਂਪ ਲਗਾ ਕੇ ਪਰਤੀ ਹੈ। ਚੋਣਕਾਰਾਂ ਨੇ ਭਾਵੇਂ ਫ਼ਿਲਹਾਲ ਸੀਨੀਅਰ ਖਿਡਾਰੀਆਂ ਦੀ ਚੋਣ ਕਰਨ ਨੂੰ ਪਹਿਲ ਦਿੱਤੀ, ਫਿਰ ਵੀ ਇਹ ਕੈਂਪ ਰਮਨੀਕ ਦੀ ਖੇਡ ਨੂੰ ਹੋਰ ਨਿਖਾਰਨ ਅਤੇ ਉਸ ਨੂੰ ਆਪਣਾ ਕੌਮਾਂਤਰੀ ਕਰੀਅਰ ਵਧੇਰੇ ਪੁਖਤਾ ਬਣਾਉਣ ਵਿਚ ਮਦਦ ਦੇਵੇਗਾ। ਜ਼ਿਕਰਯੋਗ ਹੈ ਕਿ ਰਮਨੀਕ ਦਾ ਜਨਮ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਸਮਾਣਾ ਨੇੜੇ ਗੋਬਿੰਦ ਬਸਤੀ ਵਿਚ ਪਿਤਾ ਦਲਵਿੰਦਰ ਸਿੰਘ ਤੇ ਮਾਤਾ ਬਲਜਿੰਦਰ ਕੌਰ ਦੇ ਘਰ ਹੋਇਆ। ਨਾਨਕਾ ਅਤੇ ਦਾਦਕਾ ਪਰਿਵਾਰ ਵਿੱਚ ਖੇਡ ਸੱਭਿਆਚਾਰ ਹੋਣ ਕਾਰਨ ਇਸ ਲੜਕੀ ਨੂੰ ਬਚਪਨ ਤੋਂ ਹੀ ਖੇਡਾਂ ਵਿਚ ਲਗਨ ਲੱਗ ਗਈ ਸੀ। ਰਮਨੀਕ ਨੇ ਦਸਵੀਂ ਕਲਾਸ ਤੱਕ ਪੜ੍ਹਾਈ ਸਮਾਣਾ ਦੇ ਸਰਕਾਰੀ ਸਕੂਲ ਤੋਂ ਕੀਤੀ ਤੇ ਬਾਅਦ ਵਿਚ ਮਾਨਾਵਾਲਾ (ਅੰਮ੍ਰਿਤਸਰ) ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ। ਇਸ ਦੌਰਾਨ ਮਾਨਾਵਾਲਾ ਅਕੈਡਮੀ ਵਿਚ ਕੋਚ ਕਸ਼ਮੀਰ ਸਿੰਘ ਦੀ ਦੇਖ-ਰੇਖ ਵਿਚ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਚ ਦਾਖ਼ਲਾ ਲਿਆ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਉਹ ਕਬੱਡੀ ਖੇਡਦੀ ਰਹੀ ਅਤੇ ਕਾਲਜ ਦੀ ਟੀਮ ਇੰਟਰ ਕਾਲਜ ਮੁਕਾਬਲਿਆਂ ਵਿਚ ਫਸਟ ਆਉਂਦੀ ਰਹੀ। ਇਸ ਦੌਰਾਨ ਉਸ ਨੇ ਨੈਸ਼ਨਲ ਪੱਧਰ ਤੱਕ ਕਬੱਡੀ ਖੇਡੀ। ਇਸ ਤੋਂ ਪਿੱਛੋਂ ਹੀ ਉਸ ਨੇ ਰਗਬੀ ਵਿਚ ਆਪਣਾ ਕਰੀਅਰ ਆਰੰਭ ਕੀਤਾ। ਨੈਸ਼ਨਲ ਪੱਧਰ ’ਤੇ ਪੰਜਾਬ ਦੀ ਟੀਮ ਵੱਲੋਂ ਰਗਬੀ ਖੇਡੀ ਅਤੇ ਨੈਸ਼ਨਲ ਟੀਮ ਵਿਚ ਚੁਣੀ ਗਈ। ਰਮਨੀਕ ਕੌਰ ਮੂਲ ਰੂਪ ਵਿਚ ਇਕ ਕਬੱਡੀ ਖਿਡਾਰਨ ਹੈ। ਉਸ ਨੇ ਕੌਮੀ ਪੱਧਰ ਤੱਕ ਚੰਗੀ ਕਬੱਡੀ ਖੇਡੀ ਹੈ ਪਰ ਕਬੱਡੀ ਵਿਚ ਕੌਮਾਂਤਰੀ ਪੱਧਰ ’ਤੇ ਮੌਕਾ ਨਾ ਮਿਲਦਾ ਦੇਖ ਕੇ ਉਸ ਨੇ ਰਗਬੀ ਦੀ ਖੇਡ ਵਿਚ ਆਪਣਾ ਭਵਿੱਖ ਤਲਾਸ਼ਣ ਦਾ ਯਤਨ ਕੀਤਾ ਅਤੇ ਇਸ ਵਿਚ ਉਸ ਨੂੰ ਸਫ਼ਲਤਾ ਵੀ ਮਿਲੀ। ਕਬੱਡੀ ਅਤੇ ਰਗਬੀ ਦੋਵਾਂ ਲਈ ਉਸ ਨੇ ਮਝੈਲ ਰੂਰਲ ਸਪੋਰਟਸ ਸੁਸਾਇਟੀ ਮਾਨਵਾਲਾ ਤੋਂ ਟਰੇਨਿੰਗ ਲਈ। ਇਸ ਸੁਸਾਇਟੀ ਨਾਲ ਸਬੰਧਿਤ ਸੰਧੂ ਸਟੇਡੀਅਮ ਦੇ ਮੈਨੇਜਰ ਅਬਜਿੰਦਰ ਸਿੰਘ ਸੰਧੂ ਅਤੇ ਰਮਨੀਕ ਦੇ ਮੁੱਢਲੇ ਕੋਚ ਕਸ਼ਮੀਰ ਸਿੰਘ ਅਨੁਸਾਰ ਰਗਬੀ ਦੀ ਖੇਡ ਵਿੱਚ ਪੰਜਾਬ ਵੱਲੋਂ ਨੈਸ਼ਨਲ ਟੀਮ ਵਿਚ ਖੇਡਣ ਵਾਲੀ ਇਹ ਇੱਕੋ-ਇੱਕ ਖਿਡਾਰਨ ਸੀ। ਸੰਪਰਕ: 81950-00671

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All