ਮੌਸਮ ਵਿਚ ਆ ਰਹੀਆਂ ਤਬਦੀਲੀਆਂ ਅਤੇ ਜ਼ਮੀਨ ਦੀ ਵਰਤੋਂ

ਡਾ. ਗੁਰਿੰਦਰ ਕੌਰ* ਅੱਠ ਅਗਸਤ 2019 ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿਚ ਆਈ.ਪੀ.ਸੀ.ਸੀ. ਨੇ ‘ਕਲਾਈਮੇਂਟ ਅਤੇ ਲੈਂਡ’ ਨਾਂ ਦੀ ਸਪੈਸ਼ਲ ਰਿਪੋਰਟ ਰਿਲੀਜ਼ ਕੀਤੀ ਗਈ। ਇਸ ਵਿਚ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਚਿਤਾਵਨੀ ਦਿੰਦੇ ਹੋਏ ਖ਼ੁਲਾਸਾ ਕੀਤਾ ਗਿਆ ਹੈ ਕਿ ਹੁਣ ਸਾਨੂੰ ਧਰਤੀ ’ਤੇ ਵਧ ਰਹੇ ਤਾਪਮਾਨ ਨੂੰ ਬਿਨਾਂ ਸਮਾਂ ਗੁਆਏ ਸੁਰੱਖਿਅਤ ਸੀਮਾਂ ਤੱਕ ਰੱਖਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮੌਸਮ ਵਿਚ ਆਈਆਂ ਤਬਦੀਲੀਆਂ ਨਾਲ ਖਾਧ ਪਦਾਰਥਾਂ ਦੇ ਉਤਪਾਦਨ ਵਿਚ ਭਾਰੀ ਕਮੀ ਆ ਜਾਵੇਗੀ ਅਤੇ ਇਸ ਕਮੀ ਨਾਲ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਅਨਾਜ ਅਤੇ ਖਾਣ ਵਾਲੀਆਂ ਵਸਤਾਂ ਦੀ ਕੀਮਤ ਵਿਚ ਵੀ ਭਾਰੀ ਵਾਧਾ ਹੋ ਜਾਵੇਗਾ। 300 ਪੰਨਿਆਂ ਦੀ ਇਹ ਰਿਪੋਰਟ 107 ਵਿਗਿਆਨੀਆਂ ਨੇ 7000 ਖੋਜ ਪੱਤਰਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ। ਇਸ ਰਿਪੋਰਟ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਵਾਤਾਵਰਨ ਵਿਚ ਕਾਰਬਨਡਾਇਆਕਸਾਈਡ ਦੇ ਵਾਧੇ ਨਾਲ ਕਈ ਫ਼ਸਲਾਂ ਵਿਚ ਪੋਸ਼ਟਿਕ ਤੱਤਾਂ ਦੀ ਘਾਟ ਆ ਜਾਵੇਗੀ। ਇਕ ਖੋਜ ਅਨੁਸਾਰ ਕਾਰਬਨਡਾਇਆਕਸਾਈਡ ਦੇ ਵਾਧੇ ਨਾਲ ਕਣਕ ਦੀ ਫ਼ਸਲ ਵਿਚ 6 ਤੋਂ 10 ਫ਼ੀਸਦ ਪ੍ਰੋਟੀਨ, 4 ਤੋਂ 7 ਫ਼ੀਸਦ ਜ਼ਿੰਕ ਅਤੇ 5 ਤੋਂ 8 ਫ਼ੀਸਦ ਆਇਰਨ ਦੀ ਕਮੀ ਆਂਕੀ ਗਈ ਹੈ। 2050 ਤੱਕ ਭਾਰਤ ਦੇ 48 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਕ ਹੋਰ ਖੋਜ ਅਨੁਸਾਰ ਦੁਨੀਆਂ ਦੇ ਕਣਕ, ਮੱਕੀ, ਚੌਲ, ਪਾਮ ਆਇਲ, ਸੋਇਆਬੀਨ ਆਦਿ ਵਿਚੋਂ ਹਰ ਸਾਲ 35 ਟ੍ਰਿਲਿਅਨ ਕੈਲਰੀਜ਼ ਘਟ ਜਾਂਦੀਆਂ ਹਨ ਅਤੇ ਇਸ ਨਾਲ 50 ਮਿਲੀਅਨ ਲੋਕ ਪ੍ਰਭਾਵਿਤ ਹੁੰਦੇ ਹਨ। ਹਵਾ ਵਿਚ ਕਾਰਬਨਡਾਇਆਕਸਾਈਡ ਦੀ ਮਾਤਰਾ ਉਦਯੋਗਿਕ ਸਮੇਂ ਤੋਂ ਪਹਿਲਾਂ ਲਗਭਗ 235 ਪਾਰਟਸ ਪ੍ਰਤੀ ਮਿਲੀਅਨ ਸੀ ਜਿਹੜੀ 11 ਅਸਗਤ 2014 ਹੁਣ ਵਧ ਕੇ 411 ਪਾਰਟਸ ਪ੍ਰਤੀ ਮਿਲੀਅਨ ਹੋ ਗਈ ਹੈ। ਇਕ ਖੋਜ ਅਨੁਸਾਰ ਤਾਪਮਾਨ ਵਿਚ ਇੱਕ ਡਿਗਰੀ ਸੈਲਸੀਅਸ ਦੇ ਵਾਧੇ ਨਾਲ ਕਣਕ ਦੇ ਝਾੜ ਵਿਚ ਪੰਜ ਫ਼ੀਸਦ ਕਮੀ ਆ ਸਕਦੀ ਹੈ। ਮੈਕਸੀਕੋ ਦੇ ਉਤਰ-ਪੱਛਮੀ ਹਿੱਸੇ ਦੇ ਸਨੋਰਾ ਖੇਤਰ ਵਿਚ ਰਾਤ ਦੇ ਤਾਪਮਾਨ ਵਿਚ 1981 ਤੋਂ 2018 ਤੱਕ 4.4 ਡਿਗਰੀ ਸੈਲਸੀਅਸ ਵਾਧਾ ਆਂਕਿਆ ਹੈ ਜਦੋਂਕਿ ਸਾਇਬੇਰੀਆ ਵਿਚ 1988 ਤੋਂ 2015 ਦਰਮਿਆਨ ਰਾਤ ਦੇ ਔਸਤ ਤਾਪਮਾਨ ਵਿਚ 2.2 ਡਿਗਰੀ ਵਾਧਾ ਹੋ ਗਿਆ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ 2015 ਦੀ ਪੈਰਿਸ ਮੌਸਮ ਸੰਧੀ ਅਨੁਸਾਰ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਉਦਯੋਗਿਕ ਸਮੇਂ ਦੇ ਔਸਤ ਤਾਪਮਾਨ ਤੋਂ 1.5 ਡਿਗਰੀ ਸੈਲਸੀਅਸ ਰੱਖੀ ਗਈ ਸੀ ਜਦਕਿ ਇਸ ਰਿਪੋਰਟ ਅਨੁਸਾਰ ਧਰਤੀ ਦੇ ਥਲ ਮੰਡਲ ਉੱਤੇ ਤਾਪਮਾਨ 1.53 ਡਿਗਰੀ ਸੈਲਸੀਅਸ ਹੋ ਚੁੱਕਿਆ, ਪਰ ਜਲਮੰਡਲ ਅਤੇ ਥਲਮੰਡਲ ਉੱਤੇ ਤਾਪਮਾਨ ਦਾ ਔਸਤ ਵਾਧਾ 0.87 ਡਿਗਰੀ ਸੈਲਸੀਅਸ ਹੈ। ਤਾਪਮਾਨ ਦੇ ਇਸ ਵਾਧੇ ਕਾਰਨ ਦੁਨੀਆਂ ਦਾ ਹਰ ਮੁਲਕ ਅਣਕਿਆਸੀਆਂ ਮੌਸਮੀ ਤਬਦੀਲੀਆਂ ਨਾਲ ਜੂਝ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਯੂਰੋਪ ਵਰਗੇ ਠੰਢੇ ਤਾਪਮਾਨ ਵਾਲੇ ਮੁਲਕ ਵੀ ਪਿੱਛਲੇ ਦਹਾਕੇ ਤੋਂ ਗਰਮ ਹਵਾਵਾਂ ਦੀ ਮਾਰ ਝੱਲ ਰਹੇ ਹਨ। ਇਸ ਰਿਪੋਰਟ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਧਰਤੀ ਉੱਤੇ ਮੌਸਮ ਦਾ ਬਦਲਦਾ ਮਿਜ਼ਾਜ ਧਰਤੀ ਦੇ ਥਲਮੰਡਲ ਨੂੰ ਵਰਤਣ ਦੇ ਤਰੀਕਿਆਂ ਉੱਤੇ ਵੀ ਨਿਰਭਰ ਕਰਦਾ ਹੈ। ਧਰਤੀ ਦੀ ਵਰਤੋਂ ਦੇ ਵਿਸ਼ੇ ਉੱਤੇ ਸੰਜੀਦਗੀ ਨਾਲ ਅਧਿਐਨ ਕਰਦੇ ਹੋਏ ਹਰ ਕੁਦਰਤੀ ਸਰੋਤਾਂ ਜਿਵੇਂ ਜੰਗਲ, ਮਿੱਟੀ, ਜਲਗਾਹਾਂ, ਦਲਦਲੀ ਖੇਤਰ, ਪਾਣੀ ਦੇ ਸਰੋਤਾਂ ਆਦਿ ਦੀ ਅੰਨ੍ਹੇਵਾਹ ਵਰਤੋਂ ਕਰਨ ਕਰ ਕੇ ਇਨ੍ਹਾਂ ਵਿਚ ਇਸ ਹੱਦ ਤੱਕ ਬਦਲਾਅ ਕਰ ਦਿੱਤੇ ਹਨ ਕਿ ਗਰੀਨ ਹਾਊਸ ਗੈਸਾਂ ਸੋਖਣ ਜਾਂ ਜਜ਼ਬ ਕਰਨ ਦੀ ਥਾਂ ਉੱਤੇ ਵਾਤਾਵਰਨ ਵਿਚ ਗੈਸਾਂ ਛੱਡਣ ਲੱਗ ਗਏ ਹਨ। ਆਰਥਿਕ ਅਤੇ ਉਦਯੋਗਿਕ ਵਿਕਾਸ ਲਈ ਜੰਗਲ ਲਗਾਤਾਰ ਕੱਟੇ ਜਾ ਰਹੇ। ਵਰਲਡ ਵਾਈਲਡ ਫੰਡ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ 18.7 ਮਿਲੀਅਨ ਏਕੜ ਰਕਬੇ ਤੋਂ ਜੰਗਲ ਕੱਟੇ ਜਾ ਰਹੇ ਹਨ ਜਿਸ ਨਾਲ ਵਾਤਾਵਰਨ ਵਿਚ ਲਗਾਤਾਰ ਕਾਰਬਨਡਾਇਆਕਸਾਈਡ ਦੀ ਮਾਤਰਾ ਵਧਦੀ ਜਾ ਰਹੀ ਹੈ। ਜਲਗਾਹਾਂ ਨੂੰ ਮਿੱਟੀ ਨਾਲ ਭਰ ਕੇ ਉੱਥੇ ਰਿਹਾਇਸ਼ੀ ਕਾਲੋਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ ਉੱਤੇ ਜਲਗਾਹਾਂ ਅਤੇ ਦਲਦਲੀ ਖੇਤਰਾਂ ਤੋਂ ਪਾਣੀ ਕੱਢ ਕੇ ਉੱਥੇ ਤੇਲ ਲਈ ਪਾਮ ਦੇ ਰੁੱਖ ਲਗਾਏ ਅਤੇ ਸੋਇਆਬੀਨ ਆਦਿ ਵਰਗੀਆਂ ਫ਼ਸਲਾਂ ਉਗਾਈਆਂ ਜਾ ਰਹੀਆਂ ਹਨ। ਦਲਦਲੀ ਖੇਤਰਾਂ ਅਤੇ ਜਲਗਾਹਾਂ ਆਪਣੇ ਵਿਚ ਵੱਡੀ ਮਾਤਰਾ ਵਿਚ ਗਰੀਨ ਹਾਊਸ ਗੈਸਾਂ ਅਤੇ ਪਾਣੀ ਨੂੰ ਜ਼ਜ਼ਬ ਕਰ ਕੇ ਰੱਖਦੇ ਸਨ, ਪਰ ਉਨ੍ਹਾਂ ਵਿਚ ਬਦਲਾਅ ਕਰਨ ਕਾਰਨ ਗੈਸਾਂ ਵਾਤਾਵਰਨ ਵਿਚ ਜਾ ਕੇ ਤਾਪਮਾਨ ਵਿਚ ਵਾਧਾ ਕਰਨ ਲੱਗ ਗਈਆਂ ਹਨ ਅਤੇ ਪਾਣੀ ਦੀ ਗ਼ੈਰ-ਮਜ਼ੂਦਗੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਲੱਗ ਗਿਆ ਹੈ। ਮੌਜੂਦਾ ਫ਼ਸਲੀ-ਚੱਕਰ ਵੀ ਮੌਸਮ ਦੀ ਤਬਦੀਲੀ ਦਾ ਅਹਿਮ ਕਾਰਨ ਹੈ। ਵਧਦੀ ਆਬਾਦੀ ਲਈ ਅਨਾਜ ਦੀ ਪੂਰਤੀ ਲਈ ਫ਼ਸਲਾਂ ਦੀ ਉਤਪਾਦਕਤਾ ਵਧਾਉਣ ਲਈ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਖਾਦਾਂ ਵਿਚੋਂ ਨਿਕਲੇ ਨਾਈਟ੍ਰੋਜਨ ਵਰਗੇ ਰਸਾਇਣ ਵਾਤਾਵਰਨ ਵਿਚ ਜਾ ਕੇ ਨਾਈਟ੍ਰੋਜਨ ਆਕਸਾਈਡ ਵਿਚ ਬਦਲ ਕੇ ਉਸ ਨੂੰ ਕਾਰਬਨਡਾਇਆਕਸਾਈਡ ਨਾਲੋਂ 300 ਗੁਣਾ ਵੱਧ ਗਰਮ ਕਰਦੀ ਹੈ। ਸਾਡੇ ਖਾਧ-ਪਦਾਰਥਾਂ ਦੀ ਚੋਣ ਵੀ ਤਾਪਮਾਨ ਲਈ ਜ਼ਿੰਮੇਵਾਰ ਹੈ ਜਿਵੇਂ ਦੀ ਖੇਤੀ ਅਤੇ ਮਾਸਾਹਾਰੀ ਭੋਜਨ ਲਈ ਵੱਡੀ ਗਿਣਤੀ ਵਿਚ ਪਸ਼ੂਆਂ ਦਾ ਪਾਲਣਾ, ਪਸ਼ੂ ਅਤੇ ਧਾਨ ਦੀ ਫ਼ਸਲ ਵਿਚ ਖੜ੍ਹਾ ਪਾਣੀ ਕੁੱਲ ਮਿਥੇਨ ਗੈਸ ਦਾ 50 ਫ਼ੀਸਦੀ ਵਾਤਾਵਰਨ ਵਿਚ ਛੱਡਦੇ ਹਲ ਜਿਹੜਾ ਵਾਤਾਵਰਨ ਨੂੰ ਕਾਰਬਨਡਾਇਆਕਸਾਈਡ ਨਾਲੋਂ 30 ਗੁਣਾਂ ਵਧ ਗਰਮ ਕਰਦੀ ਹੈ ਅਮਰੀਕਾ ਵਿਚ ਕੁੱਲ ਫ਼ਸਲੀ ਰਕਬੇ ਦਾ ਸਿਰਫ਼ ਪੰਜਵਾਂ ਹਿੱਸਾ ਮਨੁੱਖਾਂ ਦੇ ਖਾਣ ਲਈ ਫ਼ਸਲਾਂ ਉਗਾਉਣ ਲਈ ਵਰਤਿਆ ਜਾਂਦਾ ਹੈ, ਬਾਕੀ ਦੇ ਹਿੱਸੇ ਵਿਚ ਸੋਇਆਬੀਨ ਅਤੇ ਮੱਕੀ ਬੀਜੀਆਂ ਜਾਂਦੀਆਂ ਹਨ ਜਿਹੜੀ ਉਨ੍ਹਾਂ ਪਸ਼ੂਆਂ ਅਤੇ ਸੂਰਾਂ ਨੂੰ ਖੁਆਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਮਾਸ ਭੋਜਨ ਦੇ ਰੂਪ ਵਿਚ ਖਾਧਾ ਜਾਂਦਾ ਹੈ। ਇਸ ਰਿਪੋਰਟ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਜੇ ਮਾਸਾਹਾਰੀ ਭੋਜਨ ਦੀ ਥਾਂ ਉੱਤੇ ਸ਼ਾਕਾਹਾਰੀ ਭੋਜਨ ਖਾਧਾ ਜਾਵੇ ਤਾਂ ਮੌਜੂਦਾ ਗਰੀਨ ਹਾਊਸ ਗੈਸਾਂ ਵਿਚ 33 ਫ਼ੀਸਦ ਦੀ ਕਮੀ ਕੀਤੀ ਜਾ ਸਕਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਜੰਗਲ ਜਾਂ ਦਰੱਖਤ ਕੱਟ ਕੇ ਚਾਰਾ ਉਗਾਇਆ ਜਾਂਦਾ ਹੈ ਜਿਸ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਮਾਸਾਹਾਰੀ ਭੋਜਨ ਲਈ ਪਸ਼ੂ ਪਾਲੇ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਵਿਚ ਵਾਤਾਵਰਨ ਵਿਚ ਤਿੰਨ ਤਰ੍ਹਾਂ ਦੀਆਂ ਗੈਸਾਂ ਦੀ ਨਿਕਾਸੀ ਹੁੰਦੀ ਹੈ। ਜੰਗਲਾਂ ਦੇ ਕੱਟਣ ਨਾਲ ਕਾਰਬਨਡਾਇਆਕਸਾਈਡ, ਰਸਾਇਣਕ ਖਾਦਾਂ ਦੀ ਵਰਤੋਂ ਨਾਲ ਨਾਈਟ੍ਰੋਜਨ ਆਕਸਾਈਡ ਤੇ ਪਸ਼ੂ ਭਾਰੀ ਮਾਤਰਾ ਵਿਚ ਮੀਥੇਨ ਅਤੇ ਕਾਰਬਨਡਾਇਆਕਸਾਈਡ ਗੈਸ ਛੱਡਦੇ ਹਨ। ਦੁਨੀਆਂ ਦੇ ਕੁੱਲ ਖਾਦ-ਪਦਾਰਥਾਂ ਦਾ ਲਗਭਗ 30 ਫ਼ੀਸਦ ਹਿੱਸਾ ਖ਼ਰਾਬ ਹੋ ਜਾਂਦਾ ਹੈ ਜਾਂ ਖਾਣ ਲਈ ਵਰਤਿਆ ਨਹੀਂ ਜਾਂਦਾ ਹੈ ਜਿਹੜਾ 8-10 ਫ਼ੀਸਦ ਗਰੀਨ ਹਾਊਸ ਗੈਸਾਂ ਛੱਡ ਕੇ ਤਾਪਮਾਨ ਵਿਚ ਵਾਧਾ ਕਰਦਾ ਹੈ ਜਦੋਂਕਿ ਦੁਨੀਆਂ ਵਿਚ 821 ਮਿਲੀਅਨ ਲੋਕਾਂ ਨੂੰ ਪੂਰਾ ਖਾਣਾ ਨਹੀਂ ਮਿਲਦਾ। ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਧ ਉਤਪਾਦਨ ਵਾਲੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਜਿਨ੍ਹਾਂ ਲਈ ਜ਼ਿਆਦਾ ਊਰਜਾ, ਖਾਦ ਅਤੇ ਪਾਣੀ ਚਾਹੀਦਾ ਹੁੰਦਾ ਹੈ ਜਿਸ ਨਾਲ ਮਿੱਟੀ ਦੀ ਗੁਣਵੱਤਾ ਮਿੱਟੀ ਬਣਨ ਦੀ ਪ੍ਰਕਿਰਿਆ ਨਾਲੋਂ 100 ਗੁਣਾਂ ਜ਼ਿਆਦਾ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ। ਇਸ ਦੇ ਨਾਲ ਦੁਨੀਆਂ ਦੇ ਕੁਝ ਖੇਤਰ ਮੌਸਮੀ ਤਬਦੀਲੀਆਂ ਕਾਰਨ ਸੋਕੇ ਦੀ ਮਾਰ ਵਿਚ ਆ ਕੇ ਮਾਰੂਥਲ ਬਣ ਗਏ ਹਨ। 2015 ਵਿਚ ਲਗਭਗ 500 ਮਿਲੀਅਨ ਲੋਕ ਉਨ੍ਹਾਂ ਖੇਤਰਾਂ ਵਿਚ ਰਹਿ ਰਹੇ ਸਨ ਜੋ 1980 ਤੋਂ 2000 ਦਰਮਿਆਨ ਮੌਸਮੀ ਤਬਦੀਲੀਆਂ ਕਾਰਨ ਮਾਰੂਥਲ ਬਣ ਗਏ ਹਨ। ਇਸ ਰਿਪੋਰਟ ਅਨੁਸਾਰ 1961 ਤੋਂ 2013 ਦਰਮਿਆਨ ਦੁਨੀਆਂ ਭਰ ਵਿਚ ਮਾਰੂ ਖੇਤਰਾਂ ਵਿਚ ਔਸਤਨ ਇੱਕ ਫ਼ੀਸਦ ਦੀ ਦਰ ਨਾਲ ਵਾਧਾ ਹੋਇਆ ਹੈ। ਵਪਾਰਕ ਖੇਤੀ ਦੇ ਚੱਕਰ ਨੇ ਵੀ ਮੌਸਮ ਵਿਚ ਆਉਣ ਵਾਲੀਆਂ ਤਬਦੀਲੀਆਂ ਵਿਚ ਵਾਧਾ ਕੀਤਾ ਹੈ ਜਿਵੇਂ ਭਾਰਤ ਦੇ ਪੂਰਬੀ ਖੇਤਰਾਂ ਵਿਚ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਖੇਤ ਸਿੰਜ ਦਿੱਤੇ ਜਾਂਦੇ ਹਨ ਜਿਸ ਨਾਲ ਜ਼ਮੀਨ ਵਿਚ ਪਹਿਲਾਂ ਹੀ ਨਮੀ ਹੋਣ ਕਾਰਨ ਮੌਨਸੂਨ ਆਉਣ ਵਿਚ ਦੇਰੀ ਹੋ ਜਾਂਦੀ ਹੈ ਅਤੇ ਇਸ ਨਾਲ ਮੀਂਹ ਦੀ ਮਾਤਰਾ ਦੀ ਗਹਿਰਾਈ ਵੀ ਘਟ ਜਾਂਦੀ ਹੈ। ਬੇਮੌਸਮੀ ਅਤੇ ਥੋੜ੍ਹੇ ਸਮੇਂ ਵਿਚ ਜ਼ਿਆਦਾ ਮੀਂਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਮਨੁੱਖੀ ਗਤੀਵਿਧੀਆਂ ਦੁਆਰਾ ਧਰਤੀ ਦੇ ਥਲਮੰਡਲ ਦੀ ਬਦਲਦੀ ਵਰਤੋਂ ਤਾਪਮਾਨ ਵਿਚ ਵਾਧਾ ਕਰਕੇ, ਅਣਕਿਆਸੀਆ ਤਬਦੀਲੀਆਂ ਲਿਆ ਕੇ ਦੁਨੀਆਂ ਭਰ ਵਿਚ ਅਨਾਜ ਦੀ ਥੁੜ੍ਹ ਪੈਦਾ ਕਰ ਸਕਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਜੰਗਲਾਂ ਦੀ ਕਟਾਈ ਉੱਤੇ ਰੋਕ ਲਗਾਈਏ। ਜਲਗਾਹਾਂ ਦੀ ਕੁਦਰਤੀ ਹੋਂਦ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਸਾਫ਼-ਸਫ਼ਾਈ ਵੱਲ ਵੀ ਪੂਰਾ ਧਿਆਨ ਦੇਈਏ। ਇਸ ਤੋਂ ਇਲਾਵਾ ਜੰਗਲਾਂ ਥੱਲੇ ਰਕਬਾ ਵਧਾਉਣ ਦੇ ਨਾਲ ਨਾਲ, ਸਜਾਵਟੀ ਅਤੇ ਵਪਾਰਕ ਦਰੱਖਤਾਂ ਦੀ ਥਾਂ ’ਤੇ ਸਥਾਨਕ ਦਰੱਖਤ ਲਗਾਈਏ ਤਾਂ ਕਿ ਵਾਤਾਵਰਨ ਵਿਚ ਅਣਚਾਹੀਆਂ ਗੈਸਾਂ ਦੀ ਨਿਕਾਸੀ ਨਾ ਹੋਵੇ। ਸੋਕੇ ਵਾਲੇ ਖੇਤਰਾਂ ਵਿਚ ਦਲਦਲੀ ਖੇਤਰਾਂ ਵਾਲੇ ਦਰੱਖਤ ਨਾ ਲਗਾਈਏ ਜਿਵੇਂ ਕੈਲੀਫੋਰਨੀਆਂ ਰਾਜ ਵਿਚ ਦਲਦਲੀ ਖੇਤਰ ਵਾਲੇ ਸਫ਼ੈਦੇ ਦੇ ਦਰੱਖਤ ਹਨ। ਇਹ ਦਰੱਖਤ ਵੱਧ ਪਾਣੀ ਚੂਸ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਵੀ ਨੀਵਾਂ ਕਰ ਕੇ ਮਾਰੂ ਇਲਾਕੇ ਵਿਚ ਵਾਧਾ ਕਰਦੇ ਹਨ। ਖਾਣ-ਪੀਣ ਦੇ ਤੌਰ ਤਰੀਕੇ ਬਦਲ ਭਾਵ ਮਾਸਾਹਾਰੀ ਤੋਂ ਸ਼ਾਕਾਹਾਰੀ ਭੋਜਨ ਖਾਣ ਦੀ ਆਦਤ ਪਾਉਣ ਦੇ ਨਾਲ ਨਾਲ ਪਸ਼ੂਆਂ ਦੀਆਂ ਚਾਰਗਾਹਾਂ ਵਾਲੀ ਜ਼ਮੀਨ ਦੀ ਵਰਤੋਂ ਜੰਗਲਾਂ ਦੇ ਵਾਧੇ ਲਈ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਫ਼ਸਲਾਂ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰ ਕੇ ਅਜਿਹਾ ਫ਼ਸਲੀ-ਚੱਕਰ ਅਪਣਾਇਆ ਜਾਵੇ ਜਿਸ ਨਾਲ ਇਕ ਫ਼ਸਲ ਦੂਜੀ ਫ਼ਸਲ ਲੋੜੀਂਦੇ ਖਣਿਜ ਧਰਤੀ ਵਿਚ ਛੱਡ ਦੇਵੇ। ਆਈ.ਪੀ.ਸੀ.ਸੀ. ਅਤੇ ਹੋਰ ਸੰਸਥਾਵਾਂ ਦੀਆਂ ਉਪਰੋਥਲੀ ਆ ਰਹੀਆਂ ਰਿਪੋਰਟਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਾਰੇ ਰਾਜਨੀਤਕ ਨੇਤਾਵਾਂ ਨੂੰ ਵਾਰ ਵਾਰ ਸਖ਼ਤ ਸ਼ਬਦਾਂ ਵਿਚ ਸੁਨੇਹਾ ਦੇ ਰਹੀਆਂ ਹਨ ਕਿ ਧਰਤੀ ਉੱਤੇ ਵਧ ਰਹੇ ਤਾਪਮਾਨ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਜ਼ਮੀਨ ਦੇ ਵਰਤੋਂ ਦੇ ਸੰਬੰਧ ਵਿਚ ਸਾਡੇ ਕੋਲ ਹੁਣ ਉਡੀਕਣ ਦਾ ਸਮਾਂ ਨਹੀਂ ਬਚਿਆ। ਇਸ ਲਈ ਸਾਨੂੰ ਆਪਣੀ ਖਾਧ-ਖ਼ੁਰਾਕ ਦੀਆਂ ਆਦਤਾਂ ਬਦਲਣ ਤੋਂ ਲੈ ਕੇ ਫ਼ਸਲੀ-ਚੱਕਰ ਵਿਚ ਬਦਲਾਅ, ਜੰਗਲਾਂ ਦੇ ਰਕਬੇ ਵਿਚ ਵਾਧਾ ਅਤੇ ਜਲਗਾਹਾਂ ਅਤੇ ਦਲਦਲੀ ਖੇਤਰਾਂ ਦਾ ਰੱਖ-ਰਖਾਵ ਅਜਿਹੇ ਢੰਗਾਂ ਨਾਲ ਕਰਨਾ ਚਾਹੀਦਾ। * ਪ੍ਰੋਫ਼ੈਸਰ, ਜਿਓਗਰੈਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 001-408-493-9776

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਬੀਤੇ ਸਾਲ ਮਾੜੀ ਹਾਲਤ ਕਾਰਨ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਜਾਰੀ ਕੀਤਾ ...

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾ...

ਸ਼ਹਿਰ

View All