ਭਾਦੋਂ

ਡਾ. ਹਰਪਾਲ ਸਿੰਘ ਪੰਨੂ 

ਗੂਰੂ ਨਾਨਕ ਦੇਵ ਜੀ ਹਰ ਘੜੀ, ਪਹਿਰ ਅਤੇ ਮਹੀਨੇ ਨੂੰ ਭਲਾ ਕਹਿੰਦੇ ਹਨ ਕਿਉਂਕਿ ਕਰਤਾਰ ਦੀ ਰਚਨਾ ਹੈ। ਰਚਨਹਾਰ ਕਰਤਾਰ ਸੁਹਣਾ ਹੈ ਤਾਂ ਰਚਨਾ ਕਿਵੇਂ ਮਾੜੀ ਹੋਈ? ਪਰ ਮੈਂ ਆਮ ਬੰਦਾ ਹਾਂ, ਕਿਸਾਨੀ ਪਿਛੋਕੜ ਹੋਣ ਸਦਕਾ ਮੈਨੂੰ ਭਾਦੋਂ ਚੰਗੀ ਨਹੀਂ ਲਗਦੀ। ਹੁੰਮਸ, ਵੱਟ, ਪਿੰਡਾ ਵਿੰਨ੍ਹਦੀ ਕੜਕਦੀ, ਲਹੂ ਪੀਂਦੀ ਧੁੱਪ! ਇਸ ਧੁੱਪ ਵਿਚ ਵਾਹੀ, ਗੋਡੀ, ਬਿਜਾਈ ਕਰਨੀ ਹੁੰਦੀ। ਲੋਕ-ਕਥਨ ਹੈ- ਭਾਦੋਂ ਦੀ ਧੁੱਪ ਤੋਂ ਅੱਕੇ ਜੱਟ ਸਾਧ ਹੋ ਜਾਂਦੇ। ਫੋੜੇ, ਫੁਨਸੀਆਂ ਨਿਕਲਦੀਆਂ, ਅੱਖਾਂ ਦੁਖਣੀਆਂ ਆਉਂਦੀਆਂ, ਮੱਖੀ ਮੱਛਰ, ਸੱਪ ਸਲੂਟੀ, ਮਲੇਰੀਆ ਬੁਖਾਰ ਇਸ ਮਹੀਨੇ ਦੀਆਂ ਸੁਗਾਤਾਂ! ਭਾਦੋਂ ਦੀ ਕੋਈ ਚੰਗੀ ਗੱਲ ਹੁੰਦੀ ਉਹ ਸਨ ਗੁੱਗੇ ਪੀਰ ਦੇ ਮੇਲੇ। ਇਸ ਪੀਰ ਦੀ ਪੂਜਾ ਮਾਲਵੇ ਵਿਚ ਹੁੰਦੀ ਦੇਖੀ, ਮਾਝੇ-ਦੁਆਬੇ ਵਿਚ ਨਹੀਂ। ਦਿਲਚਸਪ ਤੱਥ ਇਹ ਕਿ ਗੁੱਗੇ ਪੀਰ ਦੀ ਮਟੀ ’ਤੇ ਮੱਥਾ ਤਾਂ ਸਾਰੇ ਟੇਕਦੇ ਪਰ ਇਸ ਦੇ ਪੁਜਾਰੀ ਦਲਿਤ ਹੁੰਦੇ, ਦਲਿਤ ਹੀ ਮੋਢਿਆਂ ਉੱਪਰ ਮੋਰ-ਖੰਭਾਂ ਦੇ ਗੁਰਜ ਸਜਾਈ ਗਲੀ-ਗਲੀ ਗੁੱਗੇ ਦਾ ਜਸ ਗਾਉਂਦੇ ਫਿਰਦੇ। ਜਿੱਥੇ ਦੇਖੋ, ਸੱਪ ਮਾਰ ਦਿਓ... ਦਾ ਸਾਰਾ ਸਾਲ ਰੁਝਾਣ, ਪਰ ਇਸ ਇੱਕ ਦਿਨ ਸੱਪਾਂ ਦੀ ਪੂਜਾ ਹੁੰਦੀ ਹੈ। ਪੀਰ ਨੂੰ ਸਿਜਦਾ ਕਰਨ ਗਏ ਬੰਦੇ ਨੂੰ ਸੱਪ ਦੇ ਦਰਸ਼ਣ ਹੋ ਜਾਣ, ਪੁੰਨ ਮੰਨਿਆ ਜਾਂਦਾ ਹੈ। ਲੀਡਰ ਪੰਜ ਸਾਲ ਪਰਜਾ ਨੂੰ ਮਾਰਦੇ ਮਾਰਦੇ ਫਿਰ ਇਲੈਕਸ਼ਨਾਂ ਦਾ ਇਕ ਮਹੀਨਾ ਇਸ ਦੀ ਪੂਜਾ ਕਰਦੇ ਹਨ। ਮੇਲੇ ਦੇਖਣ ਨੂੰ ਕਿਸ ਦਾ ਦਿਲ ਨਹੀਂ ਕਰਦਾ? ਪਰ ਸਾਡੇ ਕੋਲ ਪੈਸੇ ਨਾ ਹੁੰਦੇ, ਫਿਰ ਕਾਹਦਾ ਮੇਲਾ? ਮੇਲਾ ਮੇਲੀਆਂ ਦਾ, ਪੈਸੇ ਧੇਲੀਆਂ ਦਾ। ਮੇਲਾ ਮੇਲਾ ਕਰ ਰਹੀ, ਮੇਲੇ ਦੇ ਦਿਨ ਘਰ ਰਹੀ। ਇਸ ਮਹੀਨੇ ਨੂੰ ਕੁੜੀਆਂ ਬੋਲੀਆਂ ਵਿਚਦੀ ਗਾਲਾਂ ਦਿੰਦੀਆਂ ਹਨ: ਸੌਣ ਦੀ ਮੈਂ ਵੰਡਾਂ ਸੀਰਨੀ, ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ। ਸੌਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।

ਡਾ. ਹਰਪਾਲ ਸਿੰਘ ਪੰਨੂ

ਕੁੜੀਆਂ ਸੌਣ ਦੀਆਂ ਤੀਆਂ ਵਿਚ ਪੇਕੀਂ ਆ ਕੇ ਵਿਛੜੀਆਂ ਸਹੇਲੀਆਂ ਨੂੰ ਮਿਲਣਗੀਆਂ, ਇਹ ਦਿਨ ਉਡੀਕਦੀਆਂ ਰਹਿੰਦੀਆਂ ਹਨ। ਹੱਜ ਕਰਨ ਗਏ ਹਾਜੀ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਮਿਲ ਲੈਂਦੇ ਹਨ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਵਿਸਾਖੀ ਅਤੇ ਦੀਵਾਲੀ, ਸਾਲ ਵਿਚ ਦੋ ਵਾਰ ਸੰਗਤ ਕਰਨ ਦਾ ਹੁਕਮ ਦਿੱਤਾ ਸੀ। ਤੀਆਂ ਪੰਜਾਬਣਾਂ ਲਈ ਹੱਜ ਹਨ। ਭਾਦੋਂ ਫਿਰ ਵਿਛੋੜਾ ਪਾ ਦਿੰਦੀ ਹੈ। ਸੰਪਰਕ: 94642-51454

ਵੱਖ ਵੱਖ ਪੰਜਾਬੀ ਕਵੀਆਂ ਨੇ ਭਾਦੋਂ ਨੂੰ ਇਸ ਤਰ੍ਹਾਂ ਯਾਦ ਕੀਤਾ ਹੈ- ਅੱਗੋਂ ਭਾਦੋਂ ਸੁਣੀਏ ਆਂਵਦਾ, ਮੇਰਾ ਤਨ ਮਨ ਝੋਰਾ ਖਾਂਵਦਾ, ਨਾ ਉਹ ਥਾਉਂ ਟਿਕਾਣਾ ਕਹਿ ਗਿਆ, ਇਕ ਨਮ ਦਿਲੇ ਤੇ ਰਹਿ ਗਿਆ, ਮੈਂ ਕਿੱਥੋਂ ਪੁਛਾਂ ਜਾਇ ਕੇ, ਨਿੱਤ ਥੱਕੀ ਫਾਲਾਂ ਪਾਇ ਕੇ ਕੋਈ ਬੋਲੇ ਭਾਗ ਸੁਲੱਖਣੀ, ਨਿੱਤ ਸ਼ਗਨ ਹਮੇਸ਼ ਵਿਚਾਰਦੀ। ਜੋ ਕੀਤਾ ਸੋਈ ਪਾਇਆ, ਸਾਨੂੰ ਅਗਲਾ ਅੰਤ ਨਾ ਆਇਆ, ਰਹੀ ਢੂੰਡ ਕਿਤਾਬਾਂ ਫੋਲ ਕੇ, ਸਭ ਵੇਦਾਂ ਪੋਥੀ ਖੋਲ੍ਹ ਕੇ, ਉਡ ਕਾਗਾ! ਸੱਜਣ ਆਂਵਦੇ, ਮੈਂ ਥੱਕੀ ਰੋਜ਼ ਉਡਾਰਦੀ। ਉਹ ਕੇਹੜੀ ਜਗ੍ਹਾ ਸੁਹਾਵਣੀ, ਜਿੱਥੇ ਪਿਆਰੇ ਪਾਈ ਛਾਵਣੀ, ਇਹ ਮੁਦਤ ਗਿਣਦਿਆਂ ਜਾਂਵਦੀ, ਨਹੀਂ ਖ਼ਬਰ ਸੁਹਣੇ ਦੀ ਆਂਵਦੀ, ਉਹ ਬੈਠਾ ਤੰਬੂ ਮਾਰ ਕੇ, ਪਰ ਮੈਨੂੰ ਮਨੋਂ ਵਿਸਾਰ ਕੇ, ਉਹਨੂੰ ਹੁਬ ਵਤਨ ਦੀ ਨਾ ਰਹੀ, ਜੋ ਖਬਰ ਲਏ ਘਰ ਬਾਰ ਦੀ। -ਫ਼ਰਦ ਫਕੀਰ *** ਦੋਹਰਾ- ਤੋੜ ਨਾ ਚੜ੍ਹਦਾ ਭਾਦਰੋਂ ਨਦਰ ਨਾ ਆਵੇ ਪੀਉ, ਮਰੌ ਵਿਛੋੜਾ ਅਤਿ ਬੁਰਾ, ਜ਼ਹਿਰ ਪਿਆਲਾ ਪੀਉ। ਝੂਲਨਾ- ਭਾਦੋਂ ਰੁੱਤ ਭਲੇਰੀ ਨਾ ਭਾਵੰਦੀ ਏ, ਮੈਨੂੰ ਆਇ ਵਿਛੋੜਾ ਸਤਾਂਵਦਾ ਏ। ਜ਼ਰਾ ਭੋਰਾ ਤਾਮ ਨਾ ਰੁਚਦੀ ਏ, ਘੁੱਟ ਪਾਣੀ ਨਾ ਮੁਹਿ ਸਮਾਂਵਦਾ ਏ। ਸਾਵੇ ਪੀਲੜੇ ਰੰਗ ਨਾ ਰੰਗ ਕੋਈ, ਸੁੱਖ ਭੋਰਾ ਕਦੀ ਨਾ ਆਂਵਦਾ ਏ। ਭੱਠ ਭਾਦਰੋਂ ਰੁੱਤ ਆਵੇ ਮੈਨੂੰ, ਜਿਹੜਾ ਤੱਤੀ ਨੂੰ ਆਹਿ ਤਪਾਂਵਦਾ ਏ।੭। - ਸੱਯਦ ਸ਼ਾਹ ਮੁਰਾਦ *** ਭਾਦ੍ਰੋਂ ਭੇਸ ਮਿਟਾ ਕੇ ਮੈਂ ਤਾਂ ਫੜਿਆ ਸੰਗ ਫਕੀਰਾਂ ਦਾ। ਝੋਲੀ ਝੋਰੇ ਦਿਰਮਟ ਚੋਹਿੜਾ ਤੋਂਬਾ ਲੈ ਤਕਸੀਰਾਂ ਦਾ। ਤਨ ਤੰਬੂਰਾ ਨਾੜਾਂ ਤਾਰਾ ਚੋਲਾ ਲੀਰ ਲਬੀਰਾਂ ਦਾ। ਧਰਮਦਾਸ ਕੋਈ ਖੈਰ ਨਾ ਪਾਵੇ ਹਾਲ ਦੇਖ ਦਿਲਗੀਰਾਂ ਦਾ। -ਧਰਮਦਾਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All