ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਐਸ.ਕੇ. ਜਿੰਦਲ ਤੇ ਅਭਿਸ਼ੇਕ ਸ਼ਰਮਾ* ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫ਼ਸਲ ਨੂੰ ਚਿੱਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰ ਕੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਇਸ ਰੋਗ ਕਾਰਨ ਕਈ ਵਾਰ ਪੂਰੀ ਫ਼ਸਲ ਬਰਬਾਦ ਹੋ ਜਾਦੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਮਾਟਰ ਦੀ ਨਵੀਂ ਕਿਸਮ ਪੰਜਾਬ ਵਰਖਾ ਬਹਾਰ-4 ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਕਰ ਕੇ ਹੁਣ ਪੰਜਾਬ ਦੇ ਕਿਸਾਨ ਟਮਾਟਰ ਦੀ ਫ਼ਸਲ ਨੂੰ ਬਰਸਾਤ ਰੁੱਤ ਵਿਚ ਵੀ ਕਾਸ਼ਤ ਕਰ ਸਕਦੇ ਹਨ। ਇਸ ਕਿਸਮ ਦੇ ਮੁੱਖ ਗੁਣ ਹਨ: ਇਸ ਕਿਸਮ ਦੇ ਬੂਟੇ ਮਧਰੇ, ਪਤਰਾਲ ਸੰਘਣਾ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫਲ ਗੋਲ, ਸਖ਼ਤ, ਔਸਤਨ 90 ਗ੍ਰਾਮ ਭਾਰ ਦੇ ਤੇ ਇਕਸਾਰ ਲਾਲ ਹੁੰਦੇ ਹਨ। ਇਸ ਕਿਸਮ ਦੇ ਫਲ 88 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰ ਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ। ਇਸ ਵਿਚ ਔਸਤਨ ਟੀਐਸਐਸ ਦੀ ਮਾਤਰਾ 3.8 ਫ਼ੀਸਦੀ ਹੈ ਅਤੇ ਲਾਈਕੋਪੀਨ ਦੀ ਮਾਤਰਾ 3.13 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੈ। ਇਸ ਦੀ ਔਸਤ ਪੈਦਾਵਾਰ 245 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਕਾਸ਼ਤ ਦੇ ਢੰਗ- ਬੀਜ ਦੀ ਮਾਤਰਾ: ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ। ਦੋ ਮਰਲੇ (50 ਵਰਗ ਮੀਟਰ) ਦੀਆਂ ਕਿਆਰੀਆਂ ਵਿੱਚ ਏਕੜ ਲਈ ਪਨੀਰੀ ਕਾਫ਼ੀ ਹੁੰਦੀ ਹੈ। ਬਿਜਾਈ ਦੀ ਸਮਾਂ: ਜੁਲਾਈ ਵਿਚ ਬੀਜੀ ਪਨੀਰੀ ਨੂੰ ਅੱਧ ਅਗਸਤ ਵਿੱਚ ਪੁੱਟ ਕੇ ਖੇਤ ਵਿੱਚ ਲਾ ਦਿਓ। ਇੱਕ ਥਾਂ ਦੋ ਬੂਟੇ ਲਾਓ। ਫ਼ਾਸਲਾ: ਪੰਜਾਬ ਵਰਖਾ ਬਹਾਰ-4 ਦੀ ਪਨੀਰੀ ਖੇਤ ਵਿਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਖਾਦਾਂ: ਟਮਾਟਰਾਂ ਦੀ ਫ਼ਸਲ ਲਈ 10 ਟਨ ਗਲੀ-ਸੜੀ ਰੂੜੀ ਅਤੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋ ਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ। ਇਹ ਖਾਦ ਲਾਈਨਾਂ ਵਿਚ ਬੂਟੇ ਲਾਉਣ ਦੀ ਥਾਂ ’ਤੇ ਇੱਕ ਪਾਸੇ 15 ਸੈਂਟੀਮੀਟਰ ਦੂਰੀ ’ਤੇ ਪਾ ਕੇ ਖਾਲੀ ਬਣਾ ਦਿਓ। ਇੱਕ ਮਹਿਨੇ ਪਿੱਛੋਂ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਪਾਓ। ਪਰ ਇਹ ਧਿਆਨ ਰੱਖੋ ਕਿ ਖਾਦ ਬੂਟਿਆਂ ਦੇ ਮੁੱਢਾਂ ਨਾਲ ਨਾ ਲੱਗੇ। ਖਾਦ ਮਿੱਟੀ ਵਿਚ ਮਿਲਾ ਦਿਓ ਤੇ ਫੇਰ ਬੂਟਿਆਂ ਨੂੰ ਮਿੱਟੀ ਚੜ੍ਹਾ ਦਿਓ। ਰੇਤਲੀਆਂ ਜ਼ਮੀਨਾਂ ਵਿਚ ਖਾਦ ਤਿੰਨ ਕਿਸ਼ਤਾਂ ਵਿਚ ਪਾਓ। ਭਾਰੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਘਟਾ ਦਿਓ। ਪਾਣੀ: ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਬਾਅਦ ਵਾਲੀ ਸਿੰਜਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿਚ 10-15 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ: ਸਟੌਂਪ 30 ਤਾਕਤ (ਪੈਡੀਮੈਥਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ ‘ਚ ਇਕ ਗੋਡੀ ਜਾਂ ਸੈਨਕੋਰ 70 ਤਾਕਤ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ (ਫਲੁਕਲੋਰਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਦੇ ਬਾਅਦ ਵਿਚ ਇਕ ਗੋਡੀ ਕਰੋ। ਇਨ੍ਹਾਂ ਨਦੀਨਨਾਸ਼ਕਾਂ ਦਾ ਛਿੜਕਾਅ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿਚ ਕਰੋ। ਬਾਸਾਲਿਨ 45 ਤਾਕਤ (ਫਲੂਕਲੋਰਾਲੀਨ) ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਤੁੜਾਈ: ਤੁੜਾਈ ਮੰਡੀ ਤੋਂ ਫ਼ਾਸਲੇ ਦੇ ਮੁਤਾਬਕ ਕਰੋ। ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜੋ, ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ। ਪੰਜਾਬ ਵਰਖਾ ਬਹਾਰ-4 ਨਵੰਬਰ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਸਰਦੀ ਦੇ ਮਹੀਨਿਆਂ ਵਿਚ ਫਲ ਨਹੀਂ ਪਕਦਾ ਜਾਂ ਉਸ ਦਾ ਰੰਗ ਲਾਲ ਨਹੀਂ ਹੁੰਦਾ। ਇਨ੍ਹਾਂ ਹਾਲਾਤ ਵਿਚ ਬਿਮਾਰੀ ਅਤੇ ਦਾਗ ਰਹਿਤ ਹਲਕੇ ਤੋਂ ਪੀਲੇ ਟਮਾਟਰ ਅਖ਼ਬਾਰ ਲੱਗੇ ਪਲਾਸਟਿਕ ਕਰੇਟਾਂ ਵਿਚ ਪੈਕ ਕਰ ਕੇ ਹਵਾਦਾਰ ਪੌਲੀ ਹਾਊਸ ਵਿਚ ਜਾਂ ਰਾਈਪਨਿੰਗ ਚੈਂਬਰ (200 ਸੈਂਟੀਗ੍ਰੇਡ ਅਤੇ 85 ਤੋਂ 95 ਫ਼ੀਸਦੀ ਨਮੀ) ਵਿੱਚ ਰੱਖ ਕੇ 7-10 ਦਿਨਾਂ ਵਿੱਚ ਪੱਕ ਜਾਂਦੇ ਹਨ। ਇਸ ਤਰ੍ਹਾਂ ਫਲ ਦਾ ਰੰਗ ਅਤੇ ਮਿਆਰ ਚੰਗਾ ਬਣਦਾ ਹੈ। ਬਿਮਾਰੀਆਂ: ਅਗੇਤਾ ਝੁਲਸ ਰੋਗ: ਇਸ ਕਾਰਨ ਪੱਤਿਆਂ ’ਤੇ ਕਾਲੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਪੀਲੇ ਹੋ ਕੇ ਡਿੱਗ ਪੈਂਦੇ ਹਨ। ਟਮਾਟਰਾਂ ਉੱਤੇ ਵੀ ਗੂੜ੍ਹੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ ਅਤੇ ਫ਼ਲ ਗਲ ਜਾਂਦੇ ਹਨ। ਇਸ ਦੀ ਰੋਕਥਾਮ ਲਈ ਹੇਠ ਲਿਖੇ ਢੰਗ ਅਪਣਾਓ: w ਬੀਜ ਰੋਗ ਰਹਿਤ ਫ਼ਲਾਂ ਤੋਂ ਲਓ। w ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਨ ਜਾਂ ਥੀਰਮ ਦਵਾਈ (3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ) ਨਾਲ ਸੋਧ ਕੇ ਬੀਜੋ। w ਪਨੀਰੀ ਨੂੰ ਖੇਤਾਂ ਵਿਚ ਲਾਉਣ ਪਿਛੋਂ 10 ਤੋਂ 15 ਦਿਨਾਂ ਦੀ ਵਿੱਥ ’ਤੇ 600 ਗ੍ਰਾਮ ਇੰਡੋਫਿਲ ਐਮ 45 ਦਵਾਈ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਛਿੜਕਾਅ ਵਿਚ ਵਕਫ਼ਾ ਸੱਤ ਦਿਨ, ਬਿਮਾਰੀ ਦੇ ਹੱਲੇ ਮੁਤਾਬਕ ਕੀਤਾ ਜਾ ਸਕਦਾ ਹੈ। ਪਿਛੇਤਾ ਝੁਲਸ ਰੋਗ: ਇਸ ਪਾਣੀ ਭਿੱਜੇ ਗੂੜ੍ਹੇ ਧੱਬੇ ਪੱਤਿਆਂ ਅਤੇ ਤਣੇ ਉੱਤੇ ਪੈ ਜਾਂਦੇ ਹਨ। ਜੇ ਫਰਵਰੀ-ਮਾਰਚ ਵਿਚ ਵਰਖਾ ਹੋ ਜਾਵੇ ਤਾਂ ਫਲ ’ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਅਗੇਤੇ ਝੁਲਸ ਰੋਗ ਵਾਲੀਆਂ ਦਵਾਈਆਂ ਹੀ ਫਰਵਰੀ-ਮਾਰਚ ਵਿਚ ਮੀਂਹ ਪੈਣ ਤੋਂ ਤੁਰੰਤ ਪਿੱੱਛੋਂ ਛਿੜਕੋ। ਬਿਮਾਰੀ ਦੇ ਗੰਭੀਰ ਹਮਲੇ ਦੀ ਹਾਲਤ ਵਿਚ ਫ਼ਸਲ ਤੇ ਰਿਡੋਮਿਲ ਐੱਮ ਜ਼ੈੱਡ 500 ਗ੍ਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਅੱਧ ਫਰਵਰੀ ਵਿਚ ਸਪਰੇਅ ਕਰੋ। ਬਾਅਦ ਵਿਚ ਤਿੰਨ ਸਪੇਰਅ ਇੰਡੋਫਿਲ ਐਮ-45 (600 ਗ੍ਰਾਮ) ਪ੍ਰਤੀ ਏਕੜ, ਸੱਤ ਦਿਨ ਦੇ ਵਕਫ਼ੇ ’ਤੇ ਛਿੜਕੋ। *ਸਬਜ਼ੀ ਵਿਗਿਆਨ ਵਿਭਾਗ, ਪੀਏਯੂ। ਸੰਪਰਕ: 99151-35797

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All