ਪੰਜਾਬ ਵਿਚ ਗੰਭੀਰ ਹੋ ਰਹੀ ਪਾਣੀ ਦੀ ਸਮੱਸਿਆ

ਸੁਖਵਿੰਦਰ ਲੀਲ੍ਹ

ਸਾਡੀ ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਘਟ ਰਹੇ ਪੱਧਰ ਨੇ ਸਾਡੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਉੱਪਰ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਇਸ ਸਮੱਸਿਆ ਨਾਲ ਭਾਵੇਂ ਜਾਣੇ-ਅਣਜਾਣੇ ਵਿਚ ਜੂਝਦੇ ਆ ਰਹੇ ਹਨ, ਪਰ ਇਸ ਪ੍ਰਤੀ ਗੰਭੀਰ ਅਤੇ ਫਿਕਰਮੰਦ ਘੱਟ ਹੀ ਲੋਕ ਵਿਖਾਈ ਦਿੰਦੇ ਹਨ। ਜਿਵੇਂ ਕਿ ਘਰਾਂ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਡੂੰਘੇ ਡੂੰਘੇ ਬੋਰ ਕਰਵਾ ਕੇ ਸਬਮਰਸੀਬਲ ਮੋਟਰਾਂ ਲਗਵਾਉਣੀਆਂ, ਰਸਤਿਆਂ ਵਿੱਚ ਕਿਤੇ ਜਾਣ ਆਉਣ ਮੌਕੇ ਪੀਣ ਲਈ ਬੋਤਲ ਦਾ ਪਾਣੀ ਲੈ ਜਾਣਾ ਜਾਂ ਰਸਤੇ ’ਚੋਂ ਪੈਸੇ ਦੇ ਕੇ ਖ਼ਰੀਦਣਾ, ਗਰੀਬ ਲੋਕਾਂ ਵੱਲੋਂ ਪਾਣੀ ਦੀ ਕਮੀ ਪੂਰੀ ਕਰਨ ਲਈ ਘਰਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਪਾਣੀ ਸਟੋਰ ਕਰਨਾ, ਫਸਲਾਂ ਦੀ ਸਿੰਜਾਈ ਲਈ ਵੱਡੀਆਂ ਮੋਟਰਾਂ ਦੀ ਵਰਤੋਂ, ਗੱਲ ਕੀ ਜਿੱਥੇ ਵੀ ਕਿਤੇ ਪਾਣੀ ਵਰਤੋਂ ਹੁੰਦੀ ਹੈ, ਹੁਣ ਉਸ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਸਮੱਸਿਆਵਾਂ ਬਾਰੇ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ਾਨਾ ਮੀਡੀਆ ਅਤੇ ਹੋਰ ਤਰੀਕਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਾਣੀ ਸਾਡੇ ਲਈ ਬਹੁਤ ਹੀ ਅਹਿਮ ਕੁਦਰਤੀ ਸੋਮਾ ਹੈ, ਜਿਸ ਤੋਂ ਬਿਨਾਂ ਇਸ ਧਰਤੀ ਉੱਪਰ ਕਿਸੇ ਵੀ ਪ੍ਰਾਣੀ, ਪੌਦਿਆਂ ਸਣੇ ਪੂਰੀ ਬਨਸਪਤੀ ਦਾ ਜ਼ਿੰਦਾ ਰਹਿਣਾ ਨਾਮੁਮਕਨ ਹੈ। ਇਸ ਤੋਂ ਬਿਨਾਂ ਇਹ ਸਾਡੀ ਪੂਰੀ ਧਰਤੀ ਬੰਜਰ ਬਣ ਸਕਦੀ ਹੈ। ਸਾਨੂੰ ਭਾਵੇਂ ਰੋਜ਼ਾਨਾ ਵੱਖ-ਵੱਖ ਢੰਗਾਂ ਰਾਹੀਂ ਇਸ ਬਹੁਤ ਹੀ ਗੰਭੀਰ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਅਸੀਂ ਇਸ ਸਮੱਸਿਆ ਬਾਰੇ ਪੜ੍ਹਦੇ-ਸੁਣਦੇ ਤੇ ਚੰਗੀ ਤਰ੍ਹਾਂ ਇਹ ਜਾਣਦੇ ਹੋਏ ਵੀ ਕਿ ਪਾਣੀ ਦੀ ਸਾਡੀ ਇਸ ਜ਼ਿੰਦਗੀ ਲਈ ਕਿੰਨੀ ਮਹੱਤਤਾ ਹੈ, ਅਸੀਂ ਇਸ ਨੂੰ ਫਜ਼ੂਲ ਗਵਾ ਰਹੇ ਹਾਂ ਅਤੇ ਇਸ ਦੀ ਅੰਨ੍ਹੇਵਾਹ ਦੁਰਵਰਤੋਂ ਕਰ ਰਹੇ ਹਾਂ। ਕੋਈ ਸਮਾਂ ਸੀ ਜਦ ਮਨੁੱਖ ਕੁਦਰਤ ਦੇ ਬਹੁਤ ਨੇੜੇ ਰਹਿੰਦਾ ਸੀ ਤੇ ਪਾਣੀ ਦੀ ਵਰਤੋਂ ਵੀ ਕੁਦਰਤੀ ਸਾਧਨਾਂ ਰਾਹੀਂ ਹੀ ਕਰਿਆ ਕਰਦਾ ਸੀ। ਹੌਲੀ-ਹੌਲੀ ਮਨੁੱਖ ਨੇ ਪਾਣੀ ਦੀ ਵਰਤੋਂ ਆਪਣੇ ਖਾਣ ਲਈ ਬੀਜੀਆਂ ਫਸਲਾਂ ਨੂੰ ਸਿੰਜਣ ਲਈ ਕਰਨੀ ਸਿੱਖੀ। ਸ਼ੁਰੂ ਵਿੱਚ ਬਾਰਸ਼ ਦੇ ਪਾਣੀ ਨੂੰ ਵੱਡੇ ਵੱਡੇ ਟੋਭਿਆਂ ਵਿੱਚ ਇਕੱਠਾ ਕਰਕੇ ਤੇ ਫਿਰ ਖੂਹਾਂ ਰਾਹੀਂ ਅਤੇ ਬਾਅਦ ਵਿੱਚ ਟਿਊਬਵੈੱਲਾਂ ਰਾਹੀਂ ਬਿਜਲੀ ਦੀਆਂ ਮੋਟਰਾਂ ਨਾਲ ਆਪਣੇ ਧੰਦੇ ਨੂੰ ਪ੍ਰਫੁਲਤ ਕਰਨ ਲਈ ਫਸਲਾਂ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ।

ਸੁਖਵਿੰਦਰ ਲੀਲ੍ਹ

ਇਹ ਸਿਲਸਿਲਾ ਲੰਬਾ ਸਮਾਂ ਚਲਦਾ ਰਿਹਾ। ਇਸ ਨਾਲ ਪਾਣੀ ਦੀ ਬਹੁਤੀ ਘਾਟ ਨਹੀਂ ਹੁੰਦੀ ਸੀ ਕਿਉਂਕਿ ਸਾਡਾ ਚਾਰ-ਚੁਫੇਰਾ ਕੱਚਾ ਹੋਣ ਕਾਰਨ ਮੀਂਹਾਂ ਦਾ ਪਾਣੀ ਧਰਤੀ ਵਿਚ ਰਿਸ ਕੇ ਹੇਠਾਂ ਆਈ ਥੋੜ੍ਹੀ-ਬਹੁਤ ਘਾਟ ਨੂੰ ਪੂਰਾ ਕਰਦਾ ਰਹਿੰਦਾ ਸੀ। ਲੋਕ ਵੀ ਪਾਣੀ ਦੀ ਲੋੜੋਂ ਵੱਧ ਵਰਤੋਂ ਨਹੀਂ ਸਨ ਕਰਦੇ। ਪਿਛਲੇ ਚਾਰ ਕੁ ਦੁਹਾਕਿਆਂ ਤੋਂ ਜਿਵੇਂ ਵੱਡੀ ਤੇ ਫਸਲੀ ਚੱਕਰ ਦੀ ਆਈ ਤਬਦੀਲੀ ਕਾਰਨ ਮਨੁੱਖੀ ਵਿਕਾਸ ਦੇ ਨਾਮ ਹੇਠ ਅਤੇ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ’ਚ ਧਰਤੀ ਹੇਠੋਂ ਮਣਾਂਮੂੰਹੀ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ, ਉਸ ਨਾਲ ਦੇਖਦੇ-ਦੇਖਦੇ ਸਾਡੀ ਹਰੀ-ਭਰੀ ਧਰਤੀ ਬੰਜਰ ਹੋਣ ਲੱਗ ਪਈ ਹੈ। ਮਨੁੱਖ ਨੇ ਵਧੇਰੇ ਕਮਾਈ ਦੇ ਲਾਲਚ ਵਿੱਚ ਪਾਣੀ ਦੀ ਘਾਟ ਤਾਂ ਪੈਦਾ ਕੀਤੀ ਹੀ, ਨਾਲ-ਨਾਲ ਆਪਣੀਆਂ ਫਸਲਾਂ ਤੋਂ ਵੱਧ ਝਾੜ ਲੈਣ ਲਈ ਕੀੜੇਮਾਰ ਜ਼ਹਿਰਾਂ ਦਾ ਛਿੜਕਾਅ ਸ਼ੁਰੂ ਕਰ ਕੇ ਆਪਣੇ ਪੈਰੀਂ ਇੱਕ ਹੋਰ ਕੁਹਾੜਾ ਚਲਾ ਦਿੱਤਾ। ਇਸ ਨਾਲ ਕੁਦਰਤ ਵੱਲੋਂ ਬਖਸ਼ੇ ਅੰਮ੍ਰਿਤ ਰੂਪੀ ਪਾਣੀ ਨੂੰ ਪ੍ਰਦੂਸ਼ਤ ਕਰਕੇ ਜ਼ਹਿਰ ਵਿੱਚ ਤਬਦੀਲ ਕਰਦਿਆਂ ਨਾਪੀਣਯੋਗ ਬਣਾ ਦਿੱਤਾ ਹੈ। ਅੱਜ ਮਨੁੱਖ ਨੂੰ ਧਰਤੀ ਦੀ ਹਿੱਕ ਚੀਰ ਕੇ 400 ਮੀਟਰ ਡੂੰਘਾਈ ਤੱਕ ਜਾ ਕੇ ਵੀ ਪੀਣ ਲਈ ਸਾਫ ਪਾਣੀ ਨਹੀਂ ਲੱਭਦਾ। ਜਿਸ ਰਫਤਾਰ ਨਾਲ ਦਿਨੋਂ-ਦਿਨ ਪਾਣੀ ਦਾ ਪੱਧਰ ਡਿੱਗਦਾ ਤੇ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਕੀ ਕਦੇ ਕਿਸੇ ਨੇ ਸੋਚਣ ਦੀ ਕੋਸ਼ਿਸ ਕੀਤੀ ਕਿ ਸਾਡੀਆਂ ਭਵਿੱਖੀ ਪੀੜ੍ਹੀਆਂ ਦੀ ਪਿਆਸ ਕਿਵੇਂ ਬੁਝੇਗੀ? ਕੋਈ ਸ਼ੱਕ ਨਹੀਂ ਕਿ ਜੇ ਪਾਣੀ ਨੂੰ ਨਾ ਸੰਭਾਲਿਆ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਔਖੇ ਦਿਨ ਗੁਜ਼ਾਰਨੇ ਪੈਣਗੇ। ਬਹੁਤ ਘਟ ਲੋਕ ਹਨ ਜੋ ਇਸ ਸਮੱਸਿਆ ਤੋਂ ਚਿੰਤਤ ਹਨ। ਬਹੁਗਿਣਤੀ ਨੂੰ ਤਾਂ ਆਪਣੇ ਕੰਮ-ਧੰਦਿਆਂ ਤੋਂ ਹੀ ਵਿਹਲ ਨਹੀਂ। ਮੈਂ ਕਿਸੇ ਤੋਂ ਕੀ ਲੈਣਾ, ਵਾਲੀ ਸੋਚ ਨਾਲ ਸਵੇਰੇ ਕੰਮ ’ਤੇ ਤੁਰ ਜਾਣਾ ਤੇ ਸ਼ਾਮੀ ਪਰਤ ਕੇ ਸਿਰ ਸਰਾਹਣਾ ਰੱਖ ਸੌਂ ਜਾਣਾ। ਪਰ ਸਾਨੂੰ ਚੇਤੇ ਰੱਖਣਾ ਪਵੇਗਾ ਕਿ ਇਹ ਆਮ ਤੇ ਮੱਧਵਰਗੀ ਲੋਕਾਂ ਦੀ ਹੀ ਜ਼ਿੰਮੇਵਾਰੀ ਹੈ। ਅਮੀਰ ਲੋਕ ਆਪਣੇ ਘਰਾਂ ਅੰਦਰ ਡੂੰਘੇ-ਡੂੰਘੇ ਬੋਰ ਕਰਵਾ ਕੇ ਵੱਡੀ ਪੱਧਰ ’ਤੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਆਪਣੀਆਂ ਕਾਰਾਂ ਧੋਂਦੇ ਹਨ ਜਾਂ ਆਪਣੇ ਵੱਡੇ ਵੱਡੇ ਬਾਥਰੂਮਾਂ ਵਿੱਚ ਫੁਹਾਰਿਆਂ ਰਾਹੀਂ ਘੰਟਾ-ਘੰਟਾ ਨਹਾਉਣ ਲੱਗੇ ਭੋਰਾ ਵੀ ਬਾਕੀ ਸਮਾਜ ਬਾਰੇ ਨਹੀਂ ਸੋਚਦੇ। ਉਨ੍ਹਾਂ ਦੀ ਰੀਸ ਕਰਦਾ ਮੱਧਵਰਗ ਵੀ ਧਰਤੀ ਦੀ ਹਿੱਕ ਪਾੜ ਆਪਣੇ ਘਰਾਂ ਅੰਦਰ ਸਬਮਰਸੀਬਲ ਪੰਪ ਲਵਾ ਕੇ ਪਾਣੀ ਫਜ਼ੂਲ ਗਵਾਉਣ ਲੱਗਾ ਹੋਇਆ ਹੈ। ਖੇਤੀ ਵਿਗਿਆਨੀਆਂ ਦੀਆਂ ਚੇਤਾਵਨੀਆਂ ਤੇ ਮੀਡੀਆ ਦੀਆਂ ਸਲਾਹਾਂ ਨੂੰ ਅਣਡਿੱਠ ਕਰ ਕੇ ਸਿਰਫ ਆਪਣਾ ਉੱਲੂ ਸਿੱਧਾ ਕਰਨ ਨੂੰ ਤਰਜੀਹ ਦੇਣਾ ਮਨੁੱਖੀ ਸੁਭਾਅ ਬਣਦਾ ਜਾ ਰਿਹਾ ਹੈ। ਹਰ ਕੋਈ ਦੂਜੇ ਸਿਰ ਜ਼ਿੰਮੇਵਾਰੀ ਪਾ ਕੇ ਆਪ ਬਰੀ ਹੋਣਾ ਚਹੁੰਦਾ ਹੈ। ਧਾਰਮਿਕ ਵਿਚਾਰ ਰੱਖਣ ਵਾਲੇ ਬਹੁਤੇ ਲੋਕੀਂ ਉਸ ਰੱਬ ਉੱਪਰ ਡੋਰੀਆਂ ਸੁੱਟ ਕੇ ਕਹਿ ਛੱਡਦੇ ਹਨ ਕਿ ਇਸ ਧਰਤੀ ਤੇ ਮਨੁੱਖ ਦੇ ਹੱਥ ਵੱਸ ਕੁਝ ਵੀ ਨਹੀਂ। ਜੋ ਕੁਝ ਵੀ ਕਰਨਾ, ਚੰਗਾ ਹੋਵੇ ਜਾਂ ਮਾੜਾ, ਉਸ ਵਿਧਾਤਾ ਦੇ ਹੱਥ ਹੈ। ਉਨ੍ਹਾਂ ਦਾ ਤਰਕ ਹੈ ਕਿ ਜਿਸ ਵਿਧਾਤਾ ਨੇ ਦੁਨੀਆਂ ਬਣਾਈ ਹੈ, ਉਸ ਨੇ ਉਸ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਅਖੇ ਜੇ ਪਾਣੀ ਦੀ ਕਮੀ ਨਾਲ ਹੀ ਮਰਨਾ ਹੋਇਆ ਤਾ ਕੋਈ ਵੀ ਨਹੀਂ ਰੋਕ ਸਕਦਾ। ਮਤਲਬ ਉਹ ਆਪਣੇ ਆਪ ਨੂੰ ਸਭ ਕਾਸੇ ਤੋਂ ਬਰੀ ਕਰਦੇ ਹੋਏ ਖ਼ੁਦ ਨੂੰ ਕਿਸੇ ਗੱਲ ਦਾ ਕਸੂਰਵਾਰ ਮੰਨਦੇ ਹੀ ਨਹੀਂ ਹਨ। ਬਹੁਗਿਣਤੀ ਲੋਕਾਂ ਦੀ ਅਜਿਹੀ ਧਾਰਨਾਂ ਜਾਂ ਵਿਚਾਰਧਾਰਾ ਨੂੰ ਵੇਖ ਕੇ ਸੂਝਵਾਨ ਲੋਕਾਂ ਲਈ ਇਹ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਅਜਿਹੀ ਸੋਚ ਨਾਲ ਕਿਵੇਂ ਸਿੱਝਿਆ ਜਾਵੇ। ਅਕਸਰ ਪੜ੍ਹੇ-ਲਿਖੇ ਲੋਕ ਵੀ ਜਨਤਕ ਥਾਵਾਂ ਜਿਵੇਂ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਆਦਿ ਵਿਚ ਪਾਣੀ ਦੀ ਫ਼ਜ਼ੂਲ ਵਰਤੋਂ ਬਾਰੇ ਅਣਗਹਿਲੀ ਵਰਤਦੇ ਵੇਖੇ ਜਾ ਸਕਦੇ ਹਨ। ਜੇ ਕਿਸੇ ਦਫਤਰ ਅੰਦਰ ਕੋਈ ਟੂਟੀ ਫਜ਼ੂਲ ਚੱਲ ਰਹੀ ਹੈ ਜਾਂ ਕਿਸੇ ਖਰਾਬੀ ਹੋਣ ਕਾਰਨ ਪਾਣੀ ਫਜ਼ੂਲ ਜਾ ਰਿਹਾ ਹੈ ਤਾਂ ਉਸ ਨੂੰ ਠੀਕ ਕਰਵਾਉਣ ਲਈ ਕੋਈ ਵੀ ਅੱਗੇ ਨਹੀਂ ਆਉਂਦਾ। ਸਾਰੇ ਲੋਕੀਂ ਅੱਖਾਂ ਬੰਦ ਕਰ ਕੇ ਲੰਘਦੇ ਜਾਂਦੇ ਹਨ। ਕੋਈ ਫ਼ਜ਼ੂਲ ਚੱਲ ਰਹੀ ਟੂਟੀ ਨੂੰ ਬੰਦ ਕਰਨ ਤੱਕ ਦੀ ਜ਼ਹਿਮਤ ਨਹੀਂ ਕਰਦਾ। ਸ਼ਾਇਦ ਇਸ ਵਿਚ ਵਿੱਚ ਬੇਇੱਜ਼ਤੀ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਪਿੰਡਾਂ/ਸ਼ਹਿਰਾਂ ਅੰਦਰ ਸਾਂਝੀਆਂ ਥਾਵਾਂ ਉੱਪਰ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਪੰਪਾਂ ਜਾਂ ਪਾਣੀ ਦੀਆਂ ਟੈਂਕੀਆਂ ਤੋਂ ਅੱਗੇ ਫ਼ਜ਼ੂਲ ਚੱਲ ਰਹੀਆਂ ਟੂਟੀਆਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦਾ। ਇਨ੍ਹਾਂ ਦੇ ਫਜ਼ੂਲ ਪਾਣੀ ਕਾਰਨ ਲੜਾਈ-ਝਗੜਿਆਂ ਵਿੱਚ ਫਸ ਕੇ ਅਸੀਂ ਕਿੰਨੀਆਂ ਹੀ ਟੂਟੀਆਂ ਦੇ ਪੈਸੇ ਡਾਕਟਰਾਂ/ਥਾਣਿਆਂ-ਕਚਹਿਰੀਆਂ ਤੱਕ ਖਰਚ ਦਿੰਦੇ ਹਾਂ, ਪਰ ਮਿਲ ਬੈਠ ਕੇ ਕੋਈ ਹੱਲ ਨਹੀਂ ਲੱਭਦੇ? ਜੇ ਕੋਈ ਸਮਝਾਉਣ ਦੀ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸੁਣੀ ਨਹੀਂ ਜਾਂਦੀ। ਇਹ ਜਿੱਡਾ ਵੱਡਾ ਤੇ ਗੰਭੀਰ ਮਸਲਾ ਹੈ, ਉਂਨੀ ਗੰਭੀਰਤਾ ਨਾਲ ਸਮਾਜ ਇਸ ਨੂੰ ਲੈ ਨਹੀਂ ਰਿਹਾ। ਫਿਰ ਕੀ ਅਸੀਂ ਸੂਝਵਾਨ ਚਿੰਤਤ ਲੋਕ ਹੱਥ ’ਤੇ ਹੱਥ ਧਰ ਕੇ ਸਭ ਵੇਖਦੇ ਰਹਿਣ ਕਿ ਕਦ ਆਮ ਲੋਕ ਸਿਆਣੇ ਹੋਣਗੇ ਤੇ ਇਹ ਸੋਚਣ ਲੱਗਣਗੇ ਕਿ ਪਾਣੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਕੇ ਜਾਣਾ ਹੈ ਜਾਂ ਨਹੀਂ। ਨਹੀਂ ਸਾਨੂੰ ਲੋਕਾਂ ਨੂੰ ਜਾਣਕਾਰੀ ਦੇਣ ਲਈ ਹੋਰ ਵੀ ਵੱਡੇ ਹੰਭਲੇ ਮਾਰਨ ਦੀ ਲੋੜ ਹੈ ਤਾਂ ਜੋ ਸਾਡਾ ਸਮੁੱਚਾ ਸਮਾਜ ਆਉਣ ਵਾਲੇ ਸਮੇਂ ਪਾਣੀ ਪਿੱਛੇ ਹੋਣ ਵਾਲੀ ਸਭ ਤੋਂ ਵੱਡੀ ਜੰਗ ਨੂੰ ਰੋਕਣ ਵਿੱਚ ਸਹਾਈ ਹੋ ਸਕੇ। ਜੇ ਤੁਸੀਂ ਸੱਚਮੁੱਚ ਇਸ ਪ੍ਰਤੀ ਗੰਭੀਰ ਹੋ ਤਾਂ ਦਿਨੋਂ-ਦਿਨ ਘਟ ਰਹੇ ਪਾਣੀ ਬਾਰੇ ਆਪਣੇ ਇਲਾਕਿਆਂ, ਸ਼ਹਿਰਾਂ, ਕਸਬਿਆਂ ਅੰਦਰ, ਜਿੱਥੇ ਵੀ ਤੁਸੀਂ ਹੋ, ਤੁਹਾਨੂੰ ਆਉਣ ਵਾਲੇ ਖਤਰਿਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣੀ ਪਵੇਗੀ। ਨਹੀਂ ਤਾਂ ਇਕ ਦਿਨ ਆਵੇਗਾ ਕਿ ਪਾਣੀ ਬਿਨਾਂ ਸਾਡੇ ਸਾਰੀ ਉਮਰ ਦੇ ਕਮਾਏ ਗਏ ਧਨ-ਦੌਲਤ, ਕਾਰਾਂ, ਕੋਠੀਆਂ ਅਤੇ ਹੋਰ ਐਸ਼ੋ-ਆਰਾਮ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਤੇ ਉਦੋਂ ਤੱਕ ਸਾਡੇ ਹੱਥੋਂ ਵੇਲਾ ਨਿਕਲ ਜਾਵੇਗਾ। ਫੁੱਲਾਂਵਾਲ, ਜ਼ਿਲ੍ਹਾ ਲੁਧਿਆਣਾ। ਸੰਪਰਕ: 98888-14227

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All