ਖੁੰਬਾਂ ਦੀ ਕਾਸ਼ਤ- ਇੱਕ ਲਾਹੇਵੰਦ ਸਹਾਇਕ ਕਿੱਤਾ

ਖੁੰਬਾਂ ਦੀ ਕਾਸ਼ਤ- ਇੱਕ ਲਾਹੇਵੰਦ ਸਹਾਇਕ ਕਿੱਤਾ

ਸ਼ੰਮੀ ਕਪੂਰ*

ਖੁੰਬਾਂ ਖ਼ੁਰਾਕ ਦੇ ਤੌਰ ’ਤੇ ਪੂਰੀ ਦੁਨੀਆਂ ਵਿੱਚ ਵਰਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਤਕਰੀਬਨ 400 ਥਾਵਾਂ ’ਤੇ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਗਰਮ ਅਤੇ ਸਰਦ ਰੁੱਤ ਦੀਆਂ ਕੁੱਲ ਮਿਲਾ ਕੇ ਸਲਾਨਾ ਤਕਰੀਬਨ 42000-45000 ਟਨ ਤਾਜ਼ੀਆਂ ਖੁੰਬਾਂ ਪੈਦਾ ਕੀਤੀਆਂ ਜਾਂਦੀਆਂ ਹਨ। ਖ਼ੁਰਾਕੀ ਤੱਤ ਜ਼ਿਆਦਾ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿੱਚ ਮਦਦ ਕਰਦੀ ਹੈ। ਖੁੰਬ ਵਿੱਚ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਕਾਰਬੋਹਾਈਡ੍ਰੇਟ ਅਤੇ ਚਿਕਨਾਹਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਪਿਛਲੇ ਕੁਝ ਸਾਲਾਂ ਵਿੱਚ ਖੁੰਬਾਂ ਦੇ ਪੋਸ਼ਣ ਅਤੇ ਚਿਕਤਿਸਕ ਲਾਭ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ, ਇਸ ਲਈ ਖੁੰਬਾਂ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਖੁੰਬਾਂ ਦੇ ਉਤਪਾਦਨ ਨੂੰ ਪੰਜਾਬ ਦੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਸਹਾਇਕ ਕਿੱਤੇ ਦੇ ਤੌਰ ’ਤੇ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ: ਪੰਜਾਬ ਦੇ ਵਾਤਾਵਰਨ ਵਿੱਚ ਖੁੰਬਾਂ ਦੀਆਂ ਪੰਜ ਕਿਸਮਾਂ ਜਿਵੇਂ ਕਿ ਬਟਨ ਖੁੰਬ, ਢੀਂਗਰੀ ਖੁੰਬ, ਸ਼ਿਟਾਕੀ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸਰਦੀ ਰੁੱਤ ਵਿੱਚ ਬਟਨ ਖੁੰਬਾਂ ਦੀਆਂ ਦੋ ਫ਼ਸਲਾਂ (ਸਤੰਬਰ ਤੋਂ ਮਾਰਚ ਤਕ), ਢੀਂਗਰੀ ਦੀਆਂ ਤਿੰਨ ਫ਼ਸਲਾਂ (ਅਕਤੂਬਰ ਤੋਂ ਮਾਰਚ ਤਕ) ਅਤੇ ਸ਼ਿਟਾਕੀ ਦੀ ਇੱਕ ਫ਼ਸਲ (ਸਤੰਬਰ ਤੋਂ ਮਾਰਚ ਤਕ) ਲਈ ਜਾ ਸਕਦੀ ਹੈ। ਗਰਮ ਰੁੱਤ ਵਿੱਚ ਪਰਾਲੀ ਖੁੰਬ ਦੀਆਂ ਚਾਰ ਫ਼ਸਲਾਂ (ਅਪਰੈਲ ਤੋਂ ਅਗਸਤ ਤਕ) ਅਤੇ ਮਿਲਕੀ ਖੁੰਬ ਦੀਆਂ ਤਿੰਨ ਫ਼ਸਲਾਂ (ਅਪਰੈਲ ਤੋਂ ਅਕਤੂਬਰ ਤਕ) ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਦੀ ਤਿਆਰੀ ਸਤੰਬਰ ਦੇ ਅੱਧ ਵਿੱਚ ਅਾਰੰਭ ਕਰ ਦੇਣੀ ਚਾਹੀਦੀ ਹੈ। ਬਟਨ ਖੁੰਬ ਦੀ ਕਾਸ਼ਤ ਲਈ ਅਪਣਾਈ ਜਾਣ ਲਈ ਵਿਧੀ ਹੇਠ ਲਿਖੇ ਅਨੁਸਾਰ ਹੈ: ਖਾਦ ਦੀ ਤਿਆਰੀ ਲਈ ਵਸਤਾਂ ਦੀ ਚੋਣ: ਤੂੜੀ 300 ਕਿਲੋ, ਕਣਕ ਦੀ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ 3 ਕਿਲੋਗ੍ਰਾਮ, ਸੁਪਰਫਾਸਫੇਟ 3 ਕਿਲੋਗ੍ਰਾਮ, ਗਾਮਾ ਬੀ ਐਚ ਸੀ (20 ਈ ਸੀ) 60 ਮਿਲੀਲਿਟਰ, ਫੂਰਾਡਾਨ 3 ਜੀ 150 ਗ੍ਰਾਮ ਅਤੇ ਸੀਰਾ 5 ਕਿਲੋਗ੍ਰਾਮ। ਢੇਰੀ ਬਣਾਉਣਾ: ਪਹਿਲਾਂ ਤੂੜੀ ਨੂੰ ਪੱਕੇ ਫ਼ਰਸ਼ ’ਤੇ ਵਿਛਾ ਦਿਓ ਅਤੇ ਇਸ ’ਤੇ ਪਾਣੀ ਛਿੜਕ ਦਿਓ। 48 ਘੰਟੇ ਤਕ ਤੂੜੀ ਨੂੰ ਪਈ ਰਹਿਣ ਦਿਓ। ਖਾਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰ ਲਵੋ। 24 ਘੰਟੇ ਬਾਅਦ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਓ। ਫਿਰ ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇੱਕ ਸਾਂਚੇ ਵਿੱਚ ਜਿਸ ਦੀ ਲੰਬਾਈ 5 ਫੁੱਟ, ਚੌੜਾਈ 5 ਫੁੱਟ ਅਤੇ ਉਚਾਈ 5 ਫੁੱਟ ਹੋਵੇ ਉਸ ਵਿੱਚ ਭਰਿਆ ਜਾਂਦਾ ਹੈ। ਫਿਰ ਇਹ ਸਾਰੇ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਅਤੇ ਕੰਪੋਸਟ ਦੀ ਢੇਰੀ ਤਿਆਰ ਹੋ ਜਾਂਦੀ ਹੈ। ਖਾਦ ਦੀ ਢੇਰੀ ਨੂੰ ਫਰਲੋਣਾ: ਉਪਰੋਕਤ ਢੇਰੀ ਨੂੰ ਚੰਗੀ ਤਰ੍ਹਾਂ ਫਰੋਲਣਾ ਜ਼ਰੂਰੀ ਹੈ ਤਾਂ ਕਿ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਅਤੇ ਬਾਹਰ ਵਾਲੀ ਤੂੜੀ ਅੰਦਰ ਚਲੀ ਜਾਵੇ। ਫਰੋਲਣ ਨਾਲ ਕੰਪੋਸਟ ਬਣਾਉਣ ਵਾਲੇ ਜੀਵਾਣੂੰਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਜਿਸ ਕਰਕੇ ਚੰਗੀ ਖਾਦ ਮਿਲਦੀ ਹੈ। ਜੇ ਲੋੜ ਹੋਵੇ ਤਾਂ ਕੁਝ ਪਾਣੀ ਫਰੋਲਣ ਸਮੇਂ ਛਿੜਕ ਦਿਉ। ਹਰ ਵਾਰ ਫਰੋਲਣ ਤੋਂ ਬਾਅਦ ਨਵੀਂ ਢੇਰੀ ਬਣਾ ਦਿਉ। ਢੇਰੀ ਨੂੰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਫਰੋਲਦੇ ਇਸ ਵਿੱਚ ਕ੍ਰਮਵਾਰ ਸੀਰਾ, ਜਿਪਸਮ, ਫੁਰਾਡਾਨ ਅਤੇ ਗਾਮਾ ਬੀ.ਐਚ.ਸੀ. ਮਿਲਾਉ। ਇਸ ਤਰ੍ਹਾਂ 24 ਦਿਨਾਂ ਬਾਅਦ 300 ਕਿਲੋਗ੍ਰਾਮ ਤੂੜੀ ਤੋਂ ਪੂਰੀ ਤਰ੍ਹਾਂ ਤਿਆਰ ਕੀਤੀ ਇਹ ਖਾਦ ਸਵਾ ਵਰਗਮੀਟਰ ਆਕਾਰ ਦੀਆਂ 20-25 ਪੇਟੀਆਂ ਲਈ ਕਾਫ਼ੀ ਹੈ। ਤਿਆਰ ਹੋ ਚੁੱਕੀ ਖਾਦ ਦੀ ਪਛਾਣ ਉਸ ਦੇ ਰੰਗ, ਹਵਾੜ ਅਤੇ ਨਮੀ ਤੋਂ ਕੀਤੀ ਜਾਂਦੀ ਹੈ। ਤਿਆਰੀ ਉਪਰੰਤ ਇਸ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ, ਅਮੋਨੀਆ ਦੀ ਬਦਬੂ ਖ਼ਤਮ ਹੋ ਜਾਂਦੀ ਹੈ ਅਤੇ ਇਸ ਵਿੱਚ 65.72 ਫ਼ੀਸਦੀ ਨਮੀ ਹੁੰਦੀ ਹੈ। ਥੋੜ੍ਹੇ ਸਮੇਂ ਵਿੱਚ ਵੀ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਲਈ ਭਾਫ਼ ਅਤੇ ਹਵਾ ਤੇ ਸੰਚਾਰ ਵਾਲਾ ਪਾਸਚੁਰਾਈਜ਼ ਕਮਰਾ ਤਿਆਰ ਕਰਨਾ ਪੈਂਦਾ ਹੈ। ਪਹਿਲਾ ਪੜਾਅ: ਇਸ ਵਿੱਚ ਬਾਹਰਲੇ ਪੱਕੇ ਫ਼ਰਸ਼ ਉਪਰ ਤੂੜੀ ਅਤੇ ਖਾਦਾਂ ਦੇ ਮਿਸ਼ਰਣ ਨੂੰ 3-4 ਵਾਰ ਢੇਰ ਲਗਾ ਕੇ ਫਰੋਲਿਆ ਜਾਂਦਾ ਹੈ। ਇਸ ਲਈ 9-12 ਦਿਨ ਲੱਗ ਜਾਂਦੇ ਹਨ। ਦੂਜਾ ਪੜਾਅ: ਇਸ ਵਿੱਚ ਪਹਿਲੇ ਪੜਾਅ ਦੀ ਕੰਪੋਸਟ ਪਾਸਚੁਰਾਜ਼ ਕਮਰੇ ਵਿੱਚ ਪਾ ਕੇ ਉਸ ਦਾ ਤਾਪਮਾਨ 4-6 ਘੰਟਿਆਂ ਲਈ 62-650 ਸੈਂਟੀਗਰੇਡ ਤਕ ਕੀਤਾ ਜਾਂਦਾ ਹੈ। ਫਿਰ ਇਸ ਤਾਪਮਾਨ ਨੂੰ 52-540 ਸੈਂਟੀਗਰੇਡ ’ਤੇ ਲਿਆ ਕੇ ਹਵਾ ਦੇ ਲਗਾਤਾਰ ਸੰਚਾਰ ਵਿੱਚ 4 ਦਿਨ ਰੱਖਿਆ ਜਾਂਦਾ ਹੈ। ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ: ਤਿਆਰ ਖਾਦ ਵਿੱਚ ਨਮੀ ਦੀ ਪਰਖ ਕਰੋ। ਇੱਕ ਵਰਗਮੀਟਰ ਥਾਂ ਲਈ 300 ਗ੍ਰਾਮ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। 3 ਕੁਇੰਟਲ ਤੂੜੀ ਦੀ ਖਾਦ ਲਈ ਲਗਪਗ 3 ਕਿੱਲੋ ਸਪਾਨ ਚਾਹੀਦਾ ਹੈ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਖੁੰਬਾਂ ਦੀ ਕਾਸ਼ਤ ਲਈ ਆਮ ਤੌਰ ’ਤੇ ਤੈਹਾਂ ਵਿੱਚ ਖੁੰਬਾਂ ਬੀਜਣ ਵਾਲਾ ਤਰੀਕਾ ਅਪਨਾਇਆ ਜਾਂਦਾ ਹੈ। ਅਜਿਹਾ ਕਰਨ ਲਈ ਟਰੇਅ ਲਉ ਅਤੇ ਇਸ ਦਾ ਤੀਜਾ ਹਿੱਸਾ ਖਾਦ ਨਾਲ ਭਰ ਦੇ ਬੀਜ ਦਾ ਤੀਜਾ ਹਿੱਸਾ ਖਿਲਾਰ ਦਿਓ। ਫਿਰ ਇਸ ਉੱਪਰ 6 ਇੰਚ ਮੋਟੀ ਖਾਦ ਦੀ ਇੱਕ ਹੋਰ ਤਹਿ ਵਿਛਾ ਕੇ ਉਸ ਉੱਪਰ ਬਾਕੀ ਬਚਿਆ ਬੀਜ ਖਾਦ ਵਿੱਚ ਮਿਲਾ ਕੇ ਖਿਲਾਰ ਦਿਓ ਅਤੇ ਟਰੇਅ ਨੂੰ ਪੇਟੀ ਵਿੱਚ ਰੱਖ ਦਿਓ। ਟਰੇਆਂ ਨਾਲ ਭਰੀਆਂ ਪੇਟੀਆਂ ਨੂੰ ਅਖ਼ਬਾਰ ਜਾਂ ਕਿਸੇ ਹੋਰ ਕਾਗ਼ਜ਼ ਨਾਲ ਢਕ ਦਿਓ। ਪੇਟੀਆਂ ਮਿੱਟੀ ਨਾਲ ਢੱਕਣਾ: 80 ਤੋਂ 100 ਫ਼ੀਸਦੀ ਰੇਸ਼ਿਆਂ ਨਾਲ ਭਰੀ ਟਰੇਅ ਨੂੰ ਕੇਸਿੰਗ ਮਿਸ਼ਰਣ ਨਾਲ ਢਕ ਦਿੱਤਾ ਜਾਂਦਾ ਹੈ। ਇਹ ਮਿਸ਼ਰਣ 4:1 ਦੇ ਅਨੁਪਾਤ ਵਿੱਚ ਖੇਤ ਦੀ ਗਲੀ ਸੜੀ ਰੂੜੀ ਅਤੇ ਰੇਤਲੀ ਮਿੱਟੀ ਮਿਲਾਉਣ ਜਾਂ 1:1 ਦੇ ਅਨੁਪਾਤ ਵਿੱਚ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ । ਢਕਣ ਤੋਂ ਪਹਿਲਾਂ ਕੇਸਿੰਗ ਮਿਸ਼ਰਣ ਨੂੰ 48 ਘੰਟੇ ਵਾਸਤੇ ਢੱਕ ਦਿਓ। ਵਰਤਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਫਰੋਲ ਦਿਓ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ। ਟਰੇਅ ਨੂੰ ਢਕਣ ਦਾ ਤਰੀਕਾ: ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰਾਂ ਦੇ ਕਾਗ਼ਜ਼ ਲਾਹ ਦਿਓ ਅਤੇ ਬਾਅਦ ਵਿੱਚ ਰੇਸ਼ਿਆਂ ਨਾਲ ਭਰੀ ਖਾਦ ਨੂੰ ਇੱਕ ਤੇ ਡੇਢ ਇੰਚ ਮੋਟੀ ਜਰਮ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦਿਓ। ਜੇ ਖੁੰਬ ਘਰ ਵਿੱਚ ਖੁੰਬਾਂ ਢੱਕਣ ਵੇਲੇ ਖੁੰਬਾਂ ਦੀਆਂ ਮੱਖੀਆਂ ਹੋਣ ਤਾਂ ਖੁੰਬਾਂ ਨੂੰ ਪ੍ਰਤੀ 100 ਕਿਲੋਗ੍ਰਾਮ ਢੱਕਣ ਲਈ ਤਿਆਰ ਜਰਮ ਰਹਿਤ ਮਿੱਟੀ ਵਿੱਚ 15 ਮਿਲੀਲਿਟਰ ਗਾਮਾ ਬੀਐਚਸੀ 30 ਤਾਕਤ, 3-4 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕੋ। ਪੇਟੀਆਂ ਨੂੰ ਤਰਤੀਬ ਦੇਣਾ: ਕਾਸ਼ਤ ਦਾ ਖੇਤਰ ਵਧਾਉਣ ਲਈ ਪੇਟੀਆਂ ਨੂੰ ਇੱਕ ਦੂਜੀ ਦੇ ਉੱਪਰ ਟਿਕਾ ਦਿਓ। ਕਤਾਰਾਂ ਵਿਚਕਾਰ ਫ਼ਾਸਲਾ 2-2.5 ਫੁੱਟ ਅਤੇ ਪੇਟੀਆਂ ਵਿੱਚ ਉਪਰ ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਖੁੰਬਾਂ ਦਾ ਉੱਗਣਾ: ਪੇਟੀਆਂ ਨੂੰ ਮਿੱਟੀ ਨਾਲ ਢੱਕਣ ਦੇ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ। ਖੁੰਬਾਂ ਦਾ ਝਾੜ: ਇੱਕ ਵਰਗ ਮੀਟਰ ਰਕਬੇ ਵਿੱਚੋਂ ਇਸ ਢੰਗ ਨਾਲ ਕਾਸ਼ਤ ਕਰਕੇ 8-12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਇੱਕ ਸਰਵੇਖਣ ਮੁਤਾਬਕ ਬਟਨ ਖੁੰਬ ਉਗਾਉਣ ’ਤੇ ਲਗਪਗ 42 ਰੁਪਏ ਪ੍ਰਤੀ ਕਿਲੋ ਖ਼ਰਚਾ ਹੁੰਦਾ ਹੈ ਅਤੇ ਇਹ 80-120 ਰੁਪਏ ਕਿਲੋ ਵਿਕ ਜਾਂਦੀ ਹੈ। ਖੁੰਬਾਂ ਦੀ ਮੱਖੀ ਤੋਂ ਸੁਰੱਖਿਆ: ਜਦੋਂ ਖੁੰਬਾਂ ਦੀਆਂ ਮੱਖੀਆਂ, ਕਿਆਰੀਆਂ ਜਾਂ ਖੁੰਬ ਘਰ ਦੀਆਂ ਬਾਰੀਆਂ ’ਤੇ ਨਜ਼ਰ ਆਉਣ ਤਾਂ 30 ਮਿਲੀਲਿਟਰ ਲੁਵਾਨ (ਡਾਈਕਲੋਰੋਵੇਸ) 100 ਈਸੀ (ਡਬਲਯੂ ਪੀ) ਪ੍ਰਤੀ 100 ਘਣ ਮੀਟਰ ਦੇ ਹਿਸਾਬ ਨਾਲ ਛਿੜਕੋ। ਛਿੜਕਾਅ ਤੋਂ ਬਾਅਦ ਦਰਵਾਜ਼ੇ ਤੇ ਬਾਰੀਆਂ 2 ਘੰਟੇ ਲਈ ਬੰਦ ਕਰ ਦਿਓ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਕਿਆਰੀਆਂ ’ਤੇ ਸਿੱਧਾ ਛਿੜਕਾਅ ਨਾ ਕਰੋ। ਛਿੜਕਾਅ ਤੋਂ ਬਾਅਦ 48 ਘੰਟੇ ਤਕ ਖੁੰਬਾਂ ਨਾ ਤੋੜੋ। ਖੁੰਬਾਂ ਦਾ ਮੰਡੀਕਰਨ: ਖੁੰਬਾਂ ਨੂੰ ਦਿਨ ਵਿੱਚ ਇੱਕ ਵਾਰ ਖੁੱਲ੍ਹਣ ਤੋਂ ਪਹਿਲਾਂ ਜ਼ਰੂਰ ਤੋੜ ਲੈਣਾ ਚਾਹੀਦਾ ਹੈ। ਤੋੜਨ ਸਮੇਂ ਇਨ੍ਹਾਂ ਦੀ ਟੋਪੀ ਨੂੰ ਉਂਗਲਾਂ ਵਿੱਚ ਲੈ ਕੇ ਹੌਲੀ ਜਿਹੀ ਮਰੋੜਨਾ ਚਾਹੀਦਾ ਹੈ। ਇਸ ਨੂੰ ਕੱਟਣਾ ਜਾਂ ਖਿੱਚਣਾ ਨਹੀਂ ਚਾਹੀਦਾ। ਖੁੰਬ ਤੋੜਨ ਤੋਂ ਬਾਅਦ ਖੁੰਬ ਦੀ ਡੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਓ।

*ਮਾਈਕ੍ਰੋਬਾਇਆਲੌਜੀ ਵਿਭਾਗ, ਪੀਏਯੂ, ਲੁਧਿਆਣਾ। ਸੰਪਰਕ: 84272-04189

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All