ਕਿਸਾਨਾਂ ਲਈ ਗਿਆਨ ਪ੍ਰਾਪਤੀ ਦਾ ਸੋਮਾ

ਕਿਸਾਨ ਮੇਲੇ

ਡਾ. ਰਣਜੀਤ ਸਿੰਘ

ਇਸ ਵੇਰ ਸਾਉਣੀ ਦੀ ਫਸਲ ਚੰਗੀ ਖੜ੍ਹੀ ਹੈ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਭਰਪੂਰ ਫਸਲ ਹੋਵੇਗੀ। ਇੰਦਰ ਦੇਵਤੇ ਨੇ ਪਿਛਲੇ ਸਾਲ ਦੀ ਘਾਟ ਪੂਰੀ ਕਰਦਿਆਂ ਹੋਇਆਂ ਮੀਂਹ ਦੀ ਘਾਟ ਨਹੀਂ ਆਉਣ ਦਿੱਤੀ। ਕੁਝ ਥਾਵਾਂ ਉਤੇ ਹੜ੍ਹਾਂ ਨਾਲ ਨੁਕਸਾਨ ਜ਼ਰੂਰ ਹੋਇਆ ਹੈ ਪਰ ਇਸ ਲਈ ਕੁਦਰਤ ਜ਼ਿੰਮੇਵਾਰ ਨਹੀਂ ਹੈ। ਲੋਕਾਂ ਵਿਚ ਧਰਤੀ ਲਈ ਹਿਰਸ ਅਤੇ ਸਰਕਾਰੀ ਮਹਿਕਮਿਆਂ ਦੀ ਲਾਪ੍ਰਵਾਹੀ ਜ਼ਿੰਮੇਵਾਰ ਹੈ। ਪਹਿਲੇ ਸਮਿਆਂ ਵਿਚ ਲੋਕਾਂ ਨੇ ਪਾਣੀ ਦੇ ਨਿਕਾਸ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਹਰੇਕ ਸ਼ਹਿਰ ਅਤੇ ਪਿੰਡ ਦੇ ਦੁਆਲੇ ਢਾਬ ਹੁੰਦੀ ਸੀ ਤੇ ਕੁਝ ਛੱਪੜ ਹੁੰਦੇ ਸਨ। ਇਥੋਂ ਮੀਂਹ ਦਾ ਪਾਣੀ ਖਾਲੇ ਰਾਹੀਂ ਨੇੜਲੀ ਵੇਈਂ, ਚੋਅ ਜਾਂ ਨਦੀ ਵਿਚ ਜਾ ਪੈਂਦਾ ਸੀ। ਲੋਕਾਂ ਨੇ ਛੱਪੜ, ਢਾਬਾਂ ਤੇ ਖਾਲੇ ਪੂਰ ਕੇ ਕਬਜ਼ੇ ਕਰ ਲਏ ਹਨ ਜਿਸ ਨਾਲ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਪਰ ਹੁਣ ਸਾਉਣੀ ਦੀਆਂ ਫਸਲਾਂ ਪੱਕਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹਾੜੀ ਦੀਆਂ ਕਈ ਫਸਲਾਂ ਦੀ ਬਿਜਾਈ ਦੀ ਤਿਆਰੀ ਵੀ ਹੋ ਰਹੀ ਹੈ। ਇਸ ਵੇਰ ਝੋਨ ਦੀ ਫਸਲ ਨੂੰ ਪਾਣੀ ਬਚਾਊ ਫਸਲ ਆਖਿਆ ਜਾ ਸਕਦਾ ਹੈ। ਬਹੁਤੇ ਥਾਈਂ ਮੀਂਹ ਦੇ ਪਾਣੀ ਨਾਲ ਹੀ ਫਸਲ ਤਿਆਰ ਹੋ ਗਈ ਹੈ ਸਗੋਂ ਧਰਤੀ ਹੇਠਲੇ ਪਾਣੀ ਵਿਚ ਵਾਧਾ ਹੋਇਆ ਹੈ। ਜੇਕਰ ਝੋਨੇ ਦੀ ਅਗੇਤੀ ਲੁਆਈ ਨਾ ਕੀਤੀ ਜਾਵੇ ਤਾਂ ਪਾਣੀ ਖਤਮ ਕਰਨ ਦੀ ਥਾਂ ਉਹ ਫਸਲ ਮੀਂਹ ਦੇ ਪਾਣੀ ਦੀ ਸੰਭਾਲ ਵਿਚ ਸਹਾਇਤਾ ਕਰਦੀ ਹੈ। ਪਾਣੀ ਦੀ ਬਰਬਾਦੀ ਲਈ ਝੋਨੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਸਾਨੂੰ ਘਰਾਂ ਵਿਚ ਪਾਣੀ ਦੀ ਸੰਜਮ ਨਾਲ ਵਰਤੋਂ ਕਰਦੀ ਚਾਹੀਦੀ ਹੈ। ਤੇਜ਼ੀ ਨਾਲ ਆਬਾਦੀ ਵਿਚ ਹੋ ਰਿਹਾ ਵਾਧਾ ਵੀ ਪਾਣੀ ਦੀ ਘਾਟ ਲਈ ਜ਼ਿੰਮੇਵਾਰ ਹੈ। ਸਾਉਣੀ ਦੀਆਂ ਫਸਲਾਂ ਉਤੇ ਕੀੜੇ ਅਤੇ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ। ਦਾਲਾਂ ਅਤੇ ਤੇਲ ਬੀਜ ਇਨ੍ਹਾਂ ਤੋਂ ਵਧ ਪ੍ਰਭਾਵਿਤ ਹੁੰਦੇ ਹਨ। ਮੱਕੀ ਅਤੇ ਗੰਨਾ ਵੀ ਸੁਰੱਖਿਅਤ ਨਹੀਂ ਰਹਿੰਦਾ ਪਰ ਸਭ ਤੋਂ ਵਧ ਖਤਰਾ ਨਰਮੇ/ਕਪਾਹ ਨੂੰ ਹੈ। ਇਸ ਉਤੇ ਤਾਂ ਜ਼ਹਿਰਾਂ ਦੇ ਕਈ ਛਿੜਕਾ ਕਰਨ ਨਾਲ ਵੀ ਕੀੜੇ ਕਾਬੂ ਵਿਚ ਨਹੀਂ ਆਉਂਦੇ। ਕੁਝ ਸਾਲਾਂ ਲਈ ਤਾਂ ਅਮਰੀਕਨ ਸੁੰਡੀ ਨੇ ਨਰਮੇ ਦੀ ਫਸਲ ਤਬਾਹ ਹੀ ਕਰ ਦਿੱਤੀ ਸੀ। ਬੀ.ਟੀ. ਕਿਸਮਾਂ ਆਉਣ ਨਾਲ ਫਸਲ ਨੂੰ ਕੁਝ ਸੁਰਤ ਆਈ ਹੈ ਪਰ ਪਿਛਲੇ ਵਰ੍ਹੇ ਤੋਂ ਇਕ ਨਵਾਂ ਕੀੜਾ ਮਿਲੀਬੱਗ ਸਰਗਰਮ ਹੋ ਗਿਆ ਹੈ ਜਿਸ ਨੂੰ ਕਾਬੂ ਕਰਨ ਲਈ ਕੋਈ ਕਾਰਗਾਰ ਢੰਗ ਅਜੇ ਨਹੀਂ ਮਿਲਿਆ। ਪੰਜਾਬ ਵਿਚ ਨਦੀਨਨਾਸ਼ਕਾਂ ਦੀ ਵਰਤੋਂ ਵੀ ਲੋੜ ਤੋਂ ਵੱਧ ਹੁੰਦੀ ਹੈ। ਸਾਡੇ ਦੇਸ਼ ਵਿਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਜ਼ਹਿਰਾਂ ਦਾ 12 ਪ੍ਰਤੀਸ਼ਤ, ਰਸਾਇਣਕ ਖਾਦਾਂ ਦਾ 10 ਪ੍ਰਤੀਸ਼ਤ ਅਤੇ ਨਦੀਨਨਾਸ਼ਕਾਂ ਦਾ ਕੋਈ 50 ਪ੍ਰਤੀਸ਼ਤ ਪੰਜਾਬ ਵਿਚ ਵਰਤਿਆ ਜਾਂਦਾ ਹੈ। ਇਸੇ ਕਰਕੇ ਇਨ੍ਹਾਂ ਜ਼ਹਿਰਾਂ ਦੇ ਅੰਸ਼ ਸਬਜ਼ੀਆਂ, ਦੁੱਧ, ਸ਼ਹਿਦ ਆਦਿ ਵਿਚ ਆ ਰਹੇ ਹਨ। ਹੁਣ ਵਿਦੇਸ਼ੀ ਮੰਡੀ ਵਿਚ ਪੰਜਾਬ ਦੀਆਂ ਸਬਜ਼ੀਆਂ, ਦੁੱਧ, ਸ਼ਹਿਦ ਆਦਿ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਹੈ। ਬਾਸਮਤੀ ਪੰਜਾਬ ਦੀ ਇਕ ਹੋਰ ਪ੍ਰਮੁੱਖ ਫਸਲ ਹੈ ਜਿਸ ਦੇ ਚੌਲ ਵਿਦੇਸ਼ੀ ਮੰਡੀ ਵਿਚ ਵਿਕਦੇ ਹਨ। ਇਸ ਫਸਲ ਉਤੇ ਵੀ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਪਰ ਜ਼ਹਿਰਾਂ ਦਾ ਛਿੜਕਾ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਉਤੇ ਵਿਦੇਸ਼ਾਂ ਵਿਚ ਜੇਕਰ ਰੋਕ ਲੱਗ ਗਈ ਤਾਂ ਕਿਸਾਨਾਂ ਨੂੰ ਚੌਖਾ ਨੁਕਸਾਣ ਝੱਲਣਾ ਪਵੇਗਾ। ਨਰਮਾ ਪੱਟੀ ਵਿਚ ਸਭ ਤੋਂ ਵਧ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਹੁੰਦੀ ਹੈ ਤੇ ਇਸੇ ਇਲਾਕੇ ਵਿਚ ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੀਟਨਾਸ਼ਕਾਂ ਅਤੇ ਕੈਂਸਰ ਦੇ ਆਪੋ ਵਿਚਲੇ ਸਬੰਧਾਂ ਬਾਰੇ ਖੋਜ ਪਹਿਲ ਦੇ ਆਧਾਰ ਉਤੇ ਕਰਨੀ ਚਾਹੀਦੀ ਹੈ। ਇਸੇ ਖਿੱਤੇ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਹਨ ਅਤੇ ਉਨ੍ਹਾਂ ਵੱਲੋਂ ਖੁਦਕੁਸ਼ੀਆਂ ਵੀ ਇਸੇ ਇਲਾਕੇ ਵਿਚ ਸਭ ਤੋਂ ਵੱਧ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੂੰ ਖੇਤੀ ਵਿਚ ਜ਼ਹਿਰਾਂ ਦੀ ਵਰਤੋਂ ਘੱਟ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਸਬੰਧੀ ਖੇਤੀ ਵਿਗਿਆਨੀਆਂ ਨੂੰ ਵੀ ਆਪਣੀ ਖੋਜ ਤੇਜ਼ ਕਰਨੇ ਦੀ ਲੋੜ ਹੈ। ਫਸਲਾਂ ਦੀ ਗੋਡੀ ਕਰਨ ਦੇ ਸੌਖੇ ਢੰਗ-ਤਰੀਕੇ ਲੱਭੇ ਜਾਣ ਤਾਂ ਜੋ ਕਿਸਾਨ ਮੁੜ ਤੋਂ ਗੋਡੀ ਕਰਨੀ ਸ਼ੁਰੂ ਕਰਨ। ਜ਼ਹਿਰਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਪੰਛੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ ਜਿਸ ਕਾਰਨ ਸਮੱਸਿਆ ਹੋਰ ਗੁੰਝਲਦਾਰ ਬਣ ਰਹੀ ਹੈ। ਸਿੰਜਾਈ ਸਹੂਲਤਾਂ ਦੇ ਆਉਣ ਨਾਲ ਪੰਜਾਬ ਦੀ ਸਾਰੀ ਧਰਤੀ ਦੋ ਫਸਲੀ ਹੋ ਗਈ ਹੈ। ਕਈ ਵਾਰ ਤਾਂ ਸਾਲ ਵਿਚ ਤਿੰਨ ਫਸਲਾਂ ਵੀ ਲੈਂਦੇ ਹਨ। ਇੰਜ ਜ਼ਮੀਨ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਜਦੋਂ ਸਿੰਜਾਈ ਸਹੂਲਤਾਂ ਦੀ ਘਾਟ ਸੀ ਤਾਂ ਸਾਉਣੀ ਦੌਰਾਨ ਬਹੁਤ ਘੱਟ ਰਕਬੇ ਵਿਚ ਫਸਲਾਂ ਬੀਜੀਆਂ ਜਾਂਦੀਆਂ ਸਨ। ਖਾਲੀ ਪਏ ਖੇਤਾਂ ਦੀ ਮੀਂਹ ਪੈਣ ਪਿੱਛੋਂ ਵਹਾਈ ਕੀਤੀ ਜਾਂਦੀ ਸੀ ਜਿਸ ਨਾਲ ਨਦੀਨਾਂ ਅਤੇ ਕੀੜੇ ਨਸ਼ਟ ਹੋ ਜਾਂਦੇ ਸਨ। ਖੇਤ ਵਿਚ ਵਾਹੇ ਗਏ ਘਾਹ-ਫੂਸ ਨੂੰ ਧਰਤੀ ਵਿਚਲੇ ਕਿਟਾਣੂੰ ਖਾਦ ਦੇ ਰੂਪ ਵਿਚ ਬਦਲ ਦਿੰਦੇ ਸਨ। ਇੰਜ ਧਰਤੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਸੀ। ਅਗੇ ਲੋਕੀਂ ਜੰਗਲ-ਪਾਣੀ ਵੀ ਖੇਤਾਂ ਵਿਚ ਜਾਂਦੇ ਸਨ ਜਿਸ ਨੂੰ ਕੀੜੇ ਰੂੜੀ ਵਿਚ ਤਬਦੀਲ ਕਰ ਦਿੰਦੇ ਸਨ। ਇਸੇ ਕਰਕੇ ਪਿੰਡਾਂ ਅਤੇ ਸ਼ਹਿਰਾਂ ਲਾਗਲੀਆਂ ਜ਼ਮੀਨਾਂ ਬਾਹੁਤ ਉਪਜਾਊ ਹੁੰਦੀਆਂ ਹਨ। ਦੇਸ਼ ਵਿਚ ਤੇਲ ਬੀਜਾਂ ਦੀ ਬਹੁਤ ਘਾਟ ਹੈ, ਜੇਕਰ ਕੋਈ ਥਾਂ ਖਾਲੀ ਪਈ ਹੈ ਤਾਂ ਉਥੇ ਹੁਣ ਤੋਰੀਏ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀ.ਬੀ.ਟੀ. 37 ਅਤੇ ਟੀ.ਐਲ. 15 ਕਿਸਮਾਂ ਦੀਆਂ ਸਿਫਾਰਸ਼ ਕੀਤੀ ਗਈ ਹੈ। ਤੋਰੀਆ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫਸਲ ਵੀ ਬੀਜੀ ਜਾ ਸਕਦੀ ਹੈ। ਨਿਰੋਲ ਫਸਲ ਲਈ ਡੇਢ ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਡਰਿਲ ਜਾਂ ਪੋਰੇ ਨਾਲ 30 ਸੈ. ਮੀਟਰ ਦੇ ਫਾਸਲੇ ਉਤੇ ਲਾਈਨਾਂ ਵਿਚਕਾਰ ਕਰੋ। ਨਿਰੋਲ ਫਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਵੋ। ਜੇਕਰ ਰਲਵੀਂ ਬਿਜਾਈ ਕਰਨੀ ਹੈ ਤਾਂ ਇਕ ਲਾਈਨ ਗੋਭੀ ਸਰ੍ਹੋਂ ਤੇ ਦੂਜੀ ਲਾਈਨ ਤੋਰੀਏ ਦੀ ਬੀਜੀ ਜਾ ਸਕਦੀ ਹੈ। ਗੋਭੀ ਸਰ੍ਹੋਂ ਦੀਆਂ 45 ਸੈ. ਮੀਟਰ ’ਤੇ ਲਾਈਨਾਂ ਲਗਾਉਣ ਪਿੱਛੋਂ ਤੋਰੀÂਆ ਛੱਟੇ ਨਾਲ ਵੀ ਬੀਜਿਆ ਜਾ ਸਕਦਾ ਹੈ। ਦੋਵਾਂ ਫਸਲਾਂ ਦਾ ਇਕ-ਇਕ ਕਿਲੋ ਬੀਜ ਪਾਵੋ। ਤੋਰੀਆ ਦਸੰਬਰ ਵਿਚ ਪੱਕ ਜਾਂਦਾ ਹੈ ਜਦੋਂ ਕਿ ਸਰ੍ਹੋਂ ਮਾਰਚ ਵਿਚ ਪੱਕਦੀ ਹੈ। ਨਿਰੋਲ ਤੋਰੀਏ ਦੀ ਫਸਲ ਪਿੱਛੋਂ ਆਲੂ ਵੀ ਬੀਜੇ ਜਾ ਸਕਦੇ ਹਨ। ਪੀ.ਜੀ.ਐਸ.ਐਚ. 51, ਜੀ.ਐਸ.ਐਲ. 2 ਅਤੇ ਜੀ.ਐਸ. ਐਲ.-1 ਗੋਭੀ ਸਰ੍ਹੋਂ ਦੀਆਂ ਉੱਨਤ ਕਿਸਮਾਂ ਹਨ। ਇਹ ਮਹੀਨਾ ਗਿਆਨ ਪ੍ਰਾਪਤੀ ਦਾ ਮਹੀਨਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਗਿਆਨ ਮੇਲੇ ਭਾਵ ਕਿਸਾਨ ਮੇਲੇ ਲਗਾਏ ਜਾਂਦੇ ਹਨ। ਮੁੱਖ ਕਿਸਾਨ ਮੇਲਾ ਲੁਧਿਆਣਾ ਵਿਖੇ 14-15 ਸਤੰਬਰ ਨੂੰ ਹੋ ਰਿਹਾ ਹੈ। ਇਕ ਰੋਜ਼ਾ ਖੇਤਰੀ ਮੇਲੇ ਵੀ ਲਗਦੇ ਹਨ। ਨਵਾਂ ਸ਼ਹਿਰ ਨੇੜੀ ਬੁੱਲੋਵਾਲ ਸੌਂਖੜੀ ਵਿਖੇ 7 ਸਤੰਬਰ, ਪਟਿਆਲਾ 10, ਗੁਰਦਾਸਪੁਰ 21 ਅਤੇ ਬਠਿੰਡੇ 24 ਸਤੰਬਰ ਨੂੰ ਕਿਸਾਨ ਮੇਲਾ ਹੋੋਵੇਗਾ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਲੁਧਿਆਣੇ ਦਾ ਮੇਲਾ ਜ਼ਰੂਰ ਵੇਖਣ ਅਤੇ ਕੁਝ ਨਾ ਕੁਝ ਕੋਈ ਨਵਾਂ ਗਿਆਨ ਪ੍ਰਾਪਤ ਕਰਕੇ ਜਾਣ। ਜੇਕਰ ਕਿਸੇ ਕਾਰਨ ਲੁਧਿਆਣੇ ਨਹੀਂ ਜਾ ਹੁੰਦਾ ਤਾਂ ਆਪਣੇ ਲਾਗਲੇ ਖੇਤਰੀ ਮੇਲੇ ਵਿਚ ਜ਼ਰੂਰ ਜਾਵੋ। ਮਾਹਿਰਾਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਪੁੱਛੋ। ਜੇਕਰ ਲੋੜ ਹੈ ਤਾਂ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਪਰਖ ਵੀ ਕਰਵਾ ਲਵੋ। ਕਿਸੇ ਫਸਲ ਉਤੇ ਜੇਕਰ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਹੋਇਆ ਹੈ ਤਾਂ ਉਸ ਬੂਟੇ ਨੂੰ ਨਾਲ ਲੈ ਕੇ ਜਾਵੋ ਅਤੇ ਮਾਹਿਰਾਂ ਤੋਂ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਪ੍ਰਾਪਤ ਕਰੋ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All