ਉੱਠ ਮੇਰੀ ‘ਸਾਂਝੀ’ ਪਟੜੇ ਖੋਲ੍ਹ, ਕੁੜੀਆਂ ਆਈਆਂ ਤੇਰੇ ਕੋਲ

ਜਸਵਿੰਦਰ ਸਿੰਘ ਰੁਪਾਲ ਪਿੰਡਾਂ ਵਿੱਚ ਦੁਸਹਿਰੇ ਦੇ ਨੇੜੇ ਇਕ ਰਸਮ ਪ੍ਰਚੱਲਿਤ ਸੀ, ਜਿਹੜੀ ਅੱਜ ਕੱਲ੍ਹ ਲਗਪਗ ਖਤਮ ਹੀ ਹੋ ਚੁੱਕੀ ਹੈ। ਹੋ ਸਕਦਾ ਏ ਟਾਂਵੇਂ-ਟਾਂਵੇਂ ਪਿੰਡਾਂ ਵਿੱਚ ਅਜੇ ਵੀ ਹੋਵੇ। ਇਹ ਰਸਮ ਸੀ ‘ਸਾਂਝੀ ਲਗਾਉਣਾ।’ ਆਓ ਅੱਜ ਇਸ ਬਾਰੇ ਕੁਝ ਗੱਲਾਂ ਕਰੀਏ। ਸਾਂਝੀ ਦੁਸਹਿਰੇ ਤੋਂ 9 ਦਿਨ ਪਹਿਲਾਂ ਲਗਾਈ ਜਾਂਦੀ ਸੀ। ਇਸ ਵਿੱਚ ਗਿੱਲੇ ਗੋਹੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਇਕ ਤਰ੍ਹਾਂ ਮਸਾਲਾ ਜਿਹਾ ਬਣਾ ਲਿਆ ਜਾਂਦਾ ਸੀ। ਫਿਰ ਇਸ ਦੇ ਨਾਲ ਕੰਧ ’ਤੇ, ਜਿਹੜੀ ਬਹੁਤੀ ਵਾਰ ਕੱਚੀ ਹੀ ਹੁੰਦੀ ਸੀ, ਸਾਂਝੀ ਦਾ ਬਰੋਟਾ ਬਣਾ ਲਿਆ ਜਾਂਦਾ ਸੀ। ਇਹ ਲਗਪਗ 2-3 ਇੰਚ ਚੌੜਾ ਅਤੇ ਇਕ ਇੰਚ ਮੋਟਾ ਹੁੰਦਾ ਸੀ। ਇਸ ਦੀ ਲੰਬਾਈ ਕੰਧ ਦੇ ਮੁਤਾਬਕ ਹੁੰਦੀ ਸੀ। ਅਲੱਗ ਤੌਰ ’ਤੇ ਗਿੱਲੀ ਮਿੱਟੀ ਦੇ ਕਿੰਗਰਿਆਂ ਵਾਲੇ ਸਿਤਾਰੇ ਬਣਾ ਲਏ ਜਾਂਦੇ ਸਨ, ਜਿਨ੍ਹਾਂ ਦੀ ਗਿਣਤੀ ਕਾਫ਼ੀ ਹੁੰਦੀ ਸੀ। ਸਾਰੇ ਗੋਹੇ ਨੂੰ ਇਨ੍ਹਾਂ ਸਿਤਾਰਿਆਂ ਨਾਲ ਢੱਕ ਦਿੱਤਾ ਜਾਂਦਾ ਸੀ। ਇਨ੍ਹਾਂ ਸਿਤਾਰਿਆਂ ’ਤੇ ਕਲੀ ਕੀਤੀ ਜਾਂਦੀ ਸੀ ਅਤੇ ਲੋੜ ਅਨੁਸਾਰ ਇਨ੍ਹਾਂ ਨੂੰ ਰੰਗਾਂ ਨਾਲ ਸਜਾਇਆ ਵੀ ਜਾਂਦਾ ਸੀ। ਬੋਹੜ ਦੇ ਕੇਂਦਰ ਵਿੱਚ ਸੂਰਜ (ਬਿਲਕੁਲ ਗੋਲ ਆਕ੍ਰਿਤੀ) ਬਣਾਇਆ ਜਾਂਦਾ ਸੀ, ਪਰ ਫਿਰ ਇਸ ਦੇ ਅੱਖਾਂ, ਨੱਕ ਆਦਿ ਬਣਾ ਕੇ ਇਸੇ ਨੂੰ ਇਕ ਔਰਤ ਦੇ ਮੂੰਹ ਵਿੱਚ ਬਦਲ ਲਿਆ ਜਾਂਦਾ ਸੀ। ਇਹ ਔਰਤ ਹੀ ਸਾਡੀ ਸਾਂਝੀ ਹੈ। ਬੋਹੜ ਵਿੱਚ ਢੁਕਵੇਂ ਥਾਵਾਂ ’ਤੇ, ਟਾਹਣੀਆਂ, ਪੱਤੇ, ਫੁੱਲ ਅਤੇ ਫਲ ਆਦਿ ਦਿਖਾਏ ਜਾਂਦੇ ਸਨ। ਉਪਰਲੇ ਪਾਸੇ ਚੰਨ-ਤਾਰੇ ਵੀ ਬਣਾ ਦਿੱਤੇ ਜਾਂਦੇ ਸਨ। ਇਹ ਆਪਣੇ-ਆਪ ਵਿੱਚ ਇਕ ਸੁੰਦਰ ਅਤੇ ਸਾਦਾ ਕਲਾ ਸੀ। ਇਸੇ ਸਮੇਂ ਵੱਖਰੇ ਤੌਰ ’ਤੇ ਹੇਠਾਂ ਮਿੱਟੀ ਵਿਛਾ ਕੇ ਘੜੇ ਵਿੱਚ, ਕੁੱਜੇ ਵਿੱਚ ਜਾਂ ਖੁੱਲ੍ਹੇ ਮੂੰਹ ਵਾਲੇ ਬਰਤਨ ਵਿੱਚ ਜੌਂ ਵੀ ਬੀਜੇ ਜਾਂਦੇ ਸਨ। ਅਸਲ ਵਿੱਚ ਇਹ ਕੁਝ ਮੌਸਮੀ ਜਾਣਕਾਰੀ ਲੈਣ ਲਈ ਹੁੰਦਾ ਸੀ। ਇਸ ਛੋਟੀ ਜਿਹੀ ਕਿਰਿਆ ਵਿੱਚ ਮਿੱਟੀ ਦੀ ਪਰਖ, ਸਮੇਂ ਦਾ ਢੁਕਵਾਂਪਣ ਅਤੇ ਪਾਣੀ ਦੀ ਲੋੜ ਆਦਿ ਵੀ ਸ਼ਾਮਲ ਸੀ। ਹੁਣ ਹਰ ਰੋਜ਼ ਜੌਆਂ ਨੂੰ ਪਾਣੀ ਦੇਣਾ ਹੁੰਦਾ ਸੀ ਅਤੇ ਸਾਂਝੀ ਦੀ ਆਰਤੀ ਉਤਾਰਨੀ ਹੁੰਦੀ ਸੀ। ਪਹਿਲੇ ਦਿਨ ਸਾਂਝੀ ਦਾ ਵਰਤ’ਹੁੰਦਾ ਸੀ। ਸਾਂਝੀ ਲਈ ਘਿਓ, ਆਟਾ ਅਤੇ ਖੁਸ਼ਕ ਜਿਹੀ ਪੰਜੀਰੀ ਬਣਾ ਲਈ ਜਾਂਦੀ ਸੀ। ਹਰ ਰੋਜ਼ ਘਰ ਦੀਆਂ ਅਤੇ ਗੁਆਂਢੀਆਂ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਦੀ ਆਰਤੀ ਉਤਾਰਦੀਆਂ। ਇਸ ਸਮੇਂ ਬਾਕਾਇਦਾ ਥਾਲ ਵਿੱਚ ਦੀਵਾ ਰੱਖ ਕੇ ਆਰਤੀ ਕੀਤੀ ਜਾਂਦੀ ਸੀ।  ਭਾਵੇਂ ਇਸ ਰਸਮ ਦਾ ਸਬੰਧ ਖੇਤੀ ਨਾਲ ਸੀ, ਪਰ ਇਸ ਨਾਲ ਸਬੰਧਤ ਜੋ ਗੀਤ ਗਾਉਣ, ਆਰਤੀ ਉਤਾਰਨ ਆਦਿ ਜੁੜਿਆ ਹੋਇਆ ਸੀ, ਉਹ ਸਭ ਬੜਾ ਸੁਆਦਲਾ ਸੀ। ਸਾਡੇ ਆਪਣੇ ਘਰ ਸਾਂਝੀ ਲਗਾਈ ਜਾਂਦੀ ਸੀ। ਅੱਜ ਤੋਂ ਤਕਰੀਬਨ 40 ਸਾਲ ਪਿੱਛੇ ਜਾ ਕੇ ਮੈਂ ਉਹ ਸਾਰਾ ਨਜ਼ਾਰਾ ਯਾਦ ਕਰਦਾ ਹਾਂ। ਕੁਝ ਗੀਤ ਮੈਨੂੰ ਆਪ ਨੂੰ ਯਾਦ ਨੇ ਅਤੇ ਕੁਝ ਮੈਂ ਆਪਣੀ ਭੈਣ ਤੋਂ ਪੁੱਛ ਕੇ ਇਕੱਠੇ ਕੀਤੇ ਹਨ। ਜਿੰਨੇ ਕੁ ਹੋ ਸਕੇ ਹਨ, ਪੇਸ਼ ਕਰ ਰਿਹਾ ਹਾਂ:- ਸਭ ਤੋਂ ਪਹਿਲਾਂ ਸਾਂਝੀ ਨੂੰ ਜਗਾਇਆ ਜਾਂਦਾ ਸੀ- *ਉਠ ਮੇਰੀ ਸਾਂਝੀ ਪਟੜੇ ਖੋਲ੍ਹ, ਕੁੜੀਆਂ ਆਈਆਂ ਤੇਰੇ ਕੋਲ। * ਨੀ ਤੂੰ ਜਾਗ ਸਾਂਝੀ ਜਾਗ ਤੇਰੇ ਮੱਥੇ ਲੱਗਣ ਭਾਗ, ਤੇਰੇ ਟਿੱਕੇ ਦਾ ਸੁਹਾਗ। ਫ਼ਿਰ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਸੀ। ਪੂਰੀ ਸ਼ਰਧਾ ਨਾਲ, ਸਿਰ ਢੱਕ ਕੇ, ਥਾਲ ਘੁਮਾਉਂਦਿਆਂ ਕੁੜੀਆਂ ਰਲ ਕੇ ਗਾਉਂਦੀਆਂ ਸਨ:- * ਆਰਤੀ ਬਈ ਆਰਤੀ, ਆਰਤੀ ਦੇ ਫੁੱਲ, ਫੁੱਲਾਂ ਸੋਈ ਡੋਰ। ਸੁਣੋ ਨੀ ਬਹੂਓ, ਕੰਤਾਂ ਦੇ ਬੋਲ। ਕੰਤ ਤੁਮਾਰੇ, ਵੀਰ ਹਮਾਰੇ, ਕੱਤਰੀ ਬਹੱਤਰੀ, ਲੇਫ਼ ਤਲਾਈ, ਵਿੱਚ ਬੈਠੀ ਸਾਂਝੀ ਮਾਈ। ਕਈ ਵਾਰ ‘ਸਾਂਝੀ’ਦੇ ਮੂੰਹ ’ਤੇ ਕੋਈ ਚੁੰਨੀ ਦਾ ਪਰਦਾ ਪਾ ਦਿੱਤਾ ਜਾਂਦਾ ਸੀ, ਜਿਵੇਂ ਬਹੂ ਨੇ ਘੁੰਡ ਕੱਢਿਆ ਹੋਵੇ। ਆਰਤੀ ਦੇ ਖਤਮ ਹੋਣ ’ਤੇ ਇਹ ਘੁੰਡ ਚੁੱਕ ਕੇ ਪੰਜੀਰੀ ਦਾ ਇਸ ‘ਸਾਂਝੀ’ ਦੇ ਮੂੰਹ ਨੂੰ ਭੋਗ ਲਵਾ ਦਿੱਤਾ ਜਾਂਦਾ ਸੀ। ਸਮਾਪਤੀ ’ਤੇ ਸਾਰਿਆਂ ਨੂੰ ਇਹ ਪ੍ਰਸ਼ਾਦ ਵੰਡਿਆ ਜਾਂਦਾ ਸੀ। ਕੁਝ ਹੋਰ ਗੀਤ ਇਸ ਤਰ੍ਹਾਂ ਹਨ:- *ਮੇਰੀ ਸਾਂਝੀ ਤਾਂ ਮੰਗਦੀ,ਹਰਾ ਹਰਾ ਗੋਬਰ, ਮੈਂ ਕਿੱਥੋਂ ਲਿਆਵਾਂ ,ਹਰਾ ਹਰਾ ਗੋਬਰ, ਵੀਰਨ ਤਾਂ ਮੇਰਾ,ਮੱਝਾਂ ਦਾ ਪਾਲੀ, ਮੈਂ ਉਥੋਂ ਲਿਆਵਾਂ, ਹਰਾ ਹਰਾ ਗੋਬਰ, ਤੂੰ ਲੈ ਮੇਰੀ ਸਾਂਝੀ, ਹਰਾ ਹਰਾ ਗੋਬਰ । ਇਸੇ ਗੀਤ ਨੂੰ ਕਈ ਵਾਰ ਗਾਇਆ ਜਾਂਦਾ ਸੀ,ਮੰਗ ਬਦਲ ਬਦਲ ਕੇ। ਇਕ ਵਾਰੀ ਸਾਂਝੀ ‘‘ਛੱਜ ਭਰਿਆ ਗਹਿਣਾ’’ ਮੰਗਦੀ ਹੈ, ਤਾਂ ਵੀਰਾ ‘‘ਸੁਨਿਆਰੇ ਦੀ ਹੱਟੀ’’ ਹੁੰਦਾ ਹੈ। ਜੇ ਉਹ ‘‘ਲਾਲ ਲਾਲ ਚੁੰਨੀਆਂ’’ ਮੰਗੇ, ਤਾਂ ਵੀਰਾ ‘‘ਬਜਾਜੇ ਦੀ ਹੱਟੀ’’ ਹੈ, ਜਿਥੋਂ ਉਹ ਇਹ ਵਸਤ ਲਿਆ ਕੇ ਸਾਂਝੀ ਨੂੰ ਦਿੰਦੀ ਹੈ।.... ਹੋਰ ਗੀਤ ਹੈ- * ਮੇਰੀ ਸਾਂਝੀ ਦੇ ਆਲ਼ੇ ਦਾਲੇ ਹਰੀ ਓ ਚਲ਼ਾਈ , ਮੈਂ ਤੈਨੂੰ ਪੁੱਛਾਂ ਸਾਂਝੀ ਕੈ ਤੇਰੇ ਭਾਈ ? ਸੱਤ ਭਤੀਜੇ ਭੈਣਾਂ, ਸੋਲਾਂ ਮੇਰੇ ਭਾਈ, ਸੱਤਾਂ ਦਾ ਮੈਂ ਵਿਆਹ ਰਚਾਵਾਂ,ਸੋਲਾਂ ਦੀ ਕੁੜਮਾਈ।’’ ਜਿਵੇਂ ਕਿ ਇਨ੍ਹਾਂ ਗੀਤਾਂ ਦੇ ਬੋਲਾਂ ਤੋਂ ਵੀ ਸਪਸ਼ਟ ਹੈ ਕਿ ਇੱਥੇ ਮਰਦ ਦੀ ਸਰਦਾਰੀ ਨੂੰ ਕਬੂਲਿਆ ਗਿਆ ਹੈ। ਆਰਥਿਕ ਹਾਲਤ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਉਸ ਸਮੇਂ ਖੇਤੀਬਾੜੀ ਹੀ ਮੱੁਖ ਕਿੱਤਾ ਸੀ, ਜਿਸ ’ਤੇ ਸਾਰਾ ਸਮਾਜ ਟਿਕਿਆ ਹੋਇਆ ਸੀ ਅਤੇ ਖੇਤੀ ਮਰਦ ਕਰਿਆ ਕਰਦੇ ਸਨ। ਇਸੇ ਲਈ ਉਸ ਸਮਾਜ ਵਿੱਚ ‘‘ਪੁੱਤਰ ਦੀ ਮੰਗ’’, ‘‘ਵੀਰੇ ਦੀ ਤਾਂਘ’’ ਅਤੇ ‘‘ਪਤੀ ਦੀ ਲੰਮੀ ਉਮਰ’’ ਦੀ ਕਾਮਨਾ ਕੀਤੀ ਜਾਂਦੀ ਸੀ, ਤਾਂ ਕਿ ਖੇਤਾਂ ਦਾ ਰਾਖਾ, ਕਾਮਾ, ਸਭ ਦੇ ਢਿੱਡ ਭਰਨ ਵਾਲਾ ਲੰਮੀ ਉਮਰ ਜਿਉਂਦਾ ਰਹੇ...। ਦੁਸਹਿਰੇ ਤੱਕ ਬੀਜੇ ਹੋਏ ਜੌਂ ਵੀ ਉੱਗ ਆਉਂਦੇ ਸਨ ਅਤੇ ਇਹ ਜੌਂ ਉਸ ਦਿਨ ਪੁੱਟ ਲਏ ਜਾਂਦੇ ਸਨ। ਇਨ੍ਹਾਂ ਨੂੰ ਵੀਰੇ ਦੇ ਸਿਰ ਦੇ ਜੂੜੇ ਵਿੱਚ ਟੰਗ ਕੇ ਭੈਣ ‘‘ਜੌਂ ਟੰਗਾਈ’’ ਹਾਸਲ ਕਰਦੀ ਸੀ। ਇਹ ‘ਜੌਂ ਟੰਗਾਈ’ਅੱਜ ਦੀ ਭਾਸ਼ਾ ਵਿੱਚ ਭੈਣ ਵੱਲੋਂ ਆਪਣੇ ਹਿੱਸੇ ਦੀ ਅਚੱਲ ਜਾਇਦਾਦ ਵੀਰ ਨੂੰ ਦੇਣ ਕਾਰਨ ਵੀਰ ਵੱਲੋਂ ਦਿੱਤਾ ਛੋਟਾ ਜਿਹਾ ਤੋਹਫ਼ਾ ਹੁੰਦਾ ਸੀ। ਇਸੇ ਦਿਨ ਸ਼ਾਮ ਨੂੰ ਸਾਂਝੀ ਨੂੰ ਕੰਧ ਤੋਂ ਉਤਾਰ ਲਿਆ ਜਾਂਦਾ ਸੀ ਅਤੇ ਆਦਰ ਨਾਲ ‘ਜਲ-ਪ੍ਰਵਾਹ’ ਕਰ ਦਿੱਤਾ ਜਾਂਦਾ ਸੀ। ਅੱਜ ਇਹ ਸਭ ਨਹੀਂ ਹੈ। ਸ਼ਾਇਦ ਇਸ ਦੀ ਲੋੜ ਵੀ ਨਹੀਂ ਹੈ। ਕਈ ਕਾਹਲੇ ਅਤੇ ਜ਼ਿਆਦਾ ਬੁੱਧੀਮਾਨ, ਪਾਠਕ ਹੋ ਸਕਦੈ ਇਸ ਨੂੰ ਫ਼ਜੂਲ, ਬੇਕਾਰ ਲਿਖਤ ਵੀ ਕਹਿਣ। ਠੀਕ ਹਨ ਉਹ ਵੀ, ਪਰ ਦੋਸਤੋ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਕਿਉਂ ਅਸੀਂ ਪੜ੍ਹਨ ਅਤੇ ਪੜ੍ਹਾਉਣ ਤੋਂ ਛੱਡ ਜਾਈਏ? ਅੱਜ ‘ਸਾਂਝੀ’ ਤਾਂ ਨਾ ਲਗਾਓ, ਪਰ ਯਾਰੋ, ਆਓ, ਆਪਣੇ ਦਿਲਾਂ ਉਤੇ ਇਕ ‘ਸਾਂਝੀ ਦਾ ਬੋਹੜ’ ਜ਼ਰੂਰ ਲਗਾਈਏ, ਉਸ ਨੂੰ ਰੰਗਾਂ ਨਾਲ ਸਜਾਈਏ ਵੀ, ਉਸ ਦੀ ਆਰਤੀ ਵੀ ਉਤਾਰੀਏ, ਤਾਂ ਕਿ ਦਿਲਾਂ ਵਿੱਚ ਪਿਆਰ ਦੀ ਧੜਕਨ ਕਾਇਮ ਰਹੇ ਅਤੇ ਜ਼ਿੰਦਗੀ ਦੀ ਨਦੀ ਵਿੱਚ ਰਵਾਨਗੀ ਆ ਜਾਵੇ। * ਮੋਬਾਈਲ: 98147-15796

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All