ਆਖ਼ਰੀ ਸਾਹ ਫਰੋਲਦਾ 'ਵਣ'

ਗੁਰਦੀਪ ਸਿੰਘ ਦੌਲਾ

ਪੰਜਾਬ ਦਾ ਪੁਰਾਤਨ ਤੇ ਸਨਾਤਨ ਰੁੱਖ 'ਵਣ' ਅਖੀਰਲੇ ਸਾਹਾਂ ਉੱਤੇ ਹੈ। ਵਣਾਂ ਦੇ ਰਾਜੇ ਵਣ ਨੂੰ ਆਪਣਾ ਨੇੜ ਦਿੱਖ ਰਿਹਾ ਹੈ। ਵਣ ਦਾ ਰੁੱਖ ਵਿਰਲਾ ਪੈ ਚੁੱਕਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਸੰਗਠਤ ਪੰਜਾਬ ਦੀਆਂ ਹੱਦਾਂ ਜਮਰੋਦ, ਬਹਾਵਲਪੁਰ, ਡੇਰਾ ਇਸਮਾਈਲ ਖਾਂ ਤੇ ਕਾਂਗੜ ਤਕ ਫੈਲੀਆਂ ਸਨ। ਇਹ ਪੰਜਾਬ ਇੱਕ ਸਦੀ ਤਕ ਬ੍ਰਿਟਿਸ਼ ਸਾਮਰਾਜ ਅਧੀਨ ਰਿਹਾ ਸੀ। ਭਾਰਤ-ਪਾਕਿਸਤਾਨ ਵੰਡ ਸਮੇਂ ਪੰਜ ਦਰਿਆਵਾਂ ਦੀ ਧਰਤ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਵੰਡੀ ਗਈ। ਰਾਜਾਂ ਦੇ ਪੁਨਰਗਠਨ ਸਮੇਂ ਸਾਡੇ ਕੋਲ ਪਿੱਪਲ ਦੇ ਪੱਤੇ ਜਿੱਡਾ ਪੰਜਾਬ ਬਚਿਆ ਹੈ। ਇਹ ਛੋਟਾ ਜਿਹਾ ਪੰਜਾਬ ਸਨਾਤਨ ਪੰਜਾਬ ਸਮੇਂ ਦੇ ਅਮੀਰ ਸੱਭਿਆਚਾਰ ਨੂੰ ਆਪਣੀ ਰੂਹ ਵਿੱਚ ਸਮੋਈ ਬੈਠਾ ਹੈ। ਪੱਛਮੀ ਸੱਭਿਆਚਾਰ ਦੀਆਂ ਤੱਤੀਆਂ ਹਵਾਵਾਂ ਨਾਲ ਪੰਜਾਬੀ ਵਿਰਸੇ ਦੇ ਪੱਤਰਾਂ ਦੀਆਂ ਨੋਕਾਂ ਨੂੰ ਸੇਕ ਜ਼ਰੂਰ ਲੱਗਿਆ ਹੈ। ਇੰਜ ਹੀ 'ਵਣ' ਦਾ ਰੁੱਖ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਅੰਗ ਰਿਹਾ ਹੈ। ਮਾਲਵਾ ਖਿੱਤੇ ਦੀ ਬਰਾਨੀ ਭੋਇੰ ਵਿੱਚ ਵਣ ਸੰਘਣੀ ਛਾਂ ਦੇਣ ਵਾਲਾ ਮੁੱਖ ਰੁੱਖ ਹੁੰਦਾ ਸੀ। ਪਿੱਪਲ ਤੇ ਬੋਹੜ ਪਿੰਡ ਦੇ ਟੋਬੇ ਦੀ ਰੌਣਕ ਹੁੰਦੇ ਸਨ। ਇਵੇਂ ਹੀ ਵਣ ਬਰਾਨੀ ਟਿੱਬਿਆਂ ਦਾ ਸ਼ਿੰਗਾਰ ਬਣਦੇ ਸਨ। ਵਣ ਇੱਕ ਨਰਮ ਤੇ ਸ਼ਰੀਫ ਸੁਭਾਅ ਵਾਲਾ ਰੁੱਖ ਹੈ। ਇਸ ਦੀ ਉਮਰ 250 ਤੋਂ 300 ਸਾਲ ਦੇ ਵਿਚਕਾਰ ਹੈ। ਪੰਜਾਹ ਵਰ੍ਹੇ ਤੋਂ ਪਹਿਲਾਂ ਇਸ ਦੇ ਸੁੱਕੇ ਮੁੱਢ ਕੇਵਲ ਮਨੁੱਖੀ ਸਰੀਰ ਨੂੰ ਪੰਚ ਤੱਤਾਂ ਦੇ ਹਵਾਲੇ ਕਰਨ ਵਾਸਤੇ ਹੀ ਵਰਤੇ ਜਾਂਦੇ ਸਨ। ਵਣ ਦਾ ਸੁੱਕਾ ਪੋਰਾ ਜਿਸ ਨੂੰ 'ਖੁੰਡ' ਕਹਿੰਦੇ ਹਨ, ਨੂੰ ਪਿੰਡਾਂ ਦੀਆਂ ਸੱਥਾਂ (ਸੱਥਾਂ/ਚੋਪਾਲਾਂ) 'ਚ ਰੱਖ ਦਿੱਤਾ ਜਾਂਦਾ ਸੀ। ਇਹ ਮੁੱਢ ਸੱਥਾਂ 'ਚ ਬੈਂਚਾਂ ਦਾ ਕੰਮ ਕਰਦੇ ਸਨ। ਵਿਹਲੇ ਲੋਕ ਇਨ੍ਹਾਂ ਖੁੰਡਾਂ 'ਤੇ ਬੈਠ ਕੇ 'ਖੁੰਡ ਚਰਚਾ' ਕਰਿਆ ਕਰਦੇ ਸਨ। ਵਣ ਦੇ ਪੱਤੇ ਨਿੱਕੇ ਅਤੇ ਸਦਾਬਹਾਰ ਹੁੰਦੇ ਹਨ। ਪੱਤਾ ਮੋਟਾਈਦਾਰ ਹੁੰਦਾ ਹੈ ਤੇ ਇਸ ਦੇ ਉੱਪਰ ਬਹੁਤ ਪਤਲੀ ਝਿੱਲੀ ਦੀ ਪਰਤ ਹੁੰਦੀ ਹੈ। ਇਹ ਪੱਤੇ ਅੱਜ ਦੇ ਸੋਲਰ ਸੈੱਲ ਵਾਂਗ ਰੁੱਖ ਲਈ ਖੁਰਾਕ ਪੈਦਾ ਕਰਦੇ ਹਨ। ਵਣ ਦੇ ਪੱਤੇ ਵਿੱਚੋਂ ਗਰਮ ਤੋਂ ਗਰਮ ਹਾਲਾਤ 'ਚ ਵਾਸ਼ਪੀਕਰਨ ਕਾਰਨ ਪਾਣੀ ਜਾਇਆ ਨਹੀਂ ਹੁੰਦਾ। ਇਹ ਪਤਲੀ ਝਿੱਲੀ ਮੋਮ ਵਰਗੇ ਪਦਾਰਥ ਦੀ ਬਣੀ ਹੁੰਦੀ ਹੈ। ਵਣ ਗਰਮ ਖੇਤਰਾਂ ਵਿੱਚ ਉੱਗਣ ਵਾਲਾ ਰੁੱਖ ਹੈ। ਵਣ ਦੇ ਪੱਤੇ ਬਹੁਤ ਸੰਘਣੇ ਹੁੰਦੇ ਹਨ। ਇਸ ਦੀਆਂ ਟਾਹਣੀਆਂ ਘੱਟ ਤੇ ਸੀਮਤ ਜਿਹੇ ਟਾਹਣੇ ਹੁੰਦੇ ਹਨ। ਬਾਰੀਕ ਟਾਹਣੀਆਂ ਉੱਤੇ ਪੱਤਿਆਂ ਦੇ ਸੰਘਣੇ ਗੁੱਛੇ ਹੁੰਦੇ ਹਨ। ਵਣ ਦਾ ਰੁੱਖ ਆਪਣੇ ਪੌਰੇ ਉੱਪਰ ਛਤਰੀਦਾਰ ਅਕਾਰ ਬਣਾ ਲੈਂਦਾ ਹੈ। ਵਣ ਦੇ ਪੱਤੇ ਐਨੇ ਸੰਘਣੇ ਹੁੰਦੇ ਹਨ ਕਿ ਇਸ ਉੱਪਰ 'ਨਿਉਲਾ' ਜਾਂ 'ਗੋ' ਆਪਣੀ ਲੁਕਣ ਜਗ੍ਹਾ ਬਣਾ ਲੈਂਦੇ ਹਨ। ਵਣ ਦੇ ਰੁੱਖ ਦਾ ਪੋਰਾ ਅੰਦਰੋਂ ਖੋਖਲਾ ਹੋ ਜਾਂਦਾ ਹੈ ਜਿਸ ਵਿੱਚ 'ਸੱਪ', 'ਨਿਉਲਾ' ਜਾਂ 'ਗੋ' ਜਾਨਵਰ ਰਹਿਣ ਲੱਗਦੇ ਹਨ। ਵਣ ਬ੍ਰਿਛ ਦਾ ਫਲ 'ਪੀਲੂ' ਹੁੰਦੇ ਸਨ। ਇਹ ਵਣ ਨੂੰ ਲੱਗਣ ਵਾਲੇ ਲਾਲ ਰੰਗ ਦੇ ਛੋਟੇ ਅੰਗੂਰ ਹੁੰਦੇ ਸਨ। ਮਾਲਵਾ ਤੇ ਬਾਂਗਰ ਦੇ ਰੇਤਲੇ ਖੇਤਰਾਂ ਦੇ ਵਾਸੀ ਜੇਠ-ਹਾੜ੍ਹ ਦੇ ਦੁਪਹਿਰਿਆਂ ਨੂੰ ਪੀਲ੍ਹਾਂ ਤੋੜਨ ਜਾਂਦੇ ਸਨ। ਪੀਲੂ ਤੋੜ ਕੇ ਸੰਭਾਲਣ ਲਈ 'ਟੋਰੇ' ਦੀ ਵਰਤੋਂ ਹੁੰਦੀ ਸੀ। ਕਾਨਿਆਂ ਦੀਆਂ ਬਾਰੀਕ ਤੀਲਾਂ ਨਾਲ ਟੋਰੇ ਬਹੁਤ ਸ਼ੌਕ ਨਾਲ ਮੜ੍ਹੇ ਜਾਂਦੇ ਸਨ। ਮਾਲਵਾ ਤੇ ਬਾਂਗਰ ਖਿੱਤੇ ਵਿੱਚ ਪੀਲੂ ਗਰਮ ਰੁੱਤ ਦਾ ਮੇਵਾ ਹੁੰਦੇ ਸਨ। ਧਰਤੀ ਉੱਤੇ ਆਰਥਿਕ ਵਿਕਾਸ ਦੀ ਦੌੜ ਨੇ ਜਲਵਾਯੂ ਵਿੱਚ ਤਬਦੀਲੀ ਲਿਆਂਦੀ ਜਿਸ ਕਾਰਨ ਵਣਾਂ ਨੂੰ ਪੀਲ੍ਹਾਂ ਲੱਗਣੀਆਂ ਗਏ ਜ਼ਮਾਨੇ ਦੀ ਗੱਲ ਬਣ ਗਈ ਹੈ। ਮਾਲਵਾ ਤੇ ਬਾਂਗਰ ਦੇ ਖੇਤਰ ਵਿੱਚ ਵਣ ਦਾ ਰੁੱਖ ਹੁਣ ਵਿਰਲਾ ਨਜ਼ਰ ਪੈਂਦਾ ਹੈ। ਖੇਤੀ ਫ਼ਸਲਾਂ ਦੇ ਵਪਾਰੀਕਰਨ ਹੋਣ ਕਰਕੇ ਰੁੱਖਾਂ ਦੀ ਕਟਾਈ ਹੋਈ ਜਿਸ ਦੀ ਮਾਰ ਵਣਾਂ 'ਤੇ ਵੀ ਪਈ। ਮੁਰੱਬੇਬੰਦੀ ਭੋਇੰ ਦੀ ਮਲਕੀਅਤ ਦੀ ਤਬਦੀਲੀ ਕਾਰਨ ਵੀ ਵਣ ਤੇ ਹੋਰ ਰੁੱਖਾਂ ਦੀ ਪੁਟਾਈ ਹੋ ਗਈ ਸੀ। ਵਣ ਦੀ ਲੱਕੜ ਬਹੁਤੀ ਬਲਣਸ਼ੀਲ ਨਹੀਂ ਹੁੰਦੀ ਤੇ ਨਾ ਹੀ ਲੱਕੜ ਘਰਾਂ-ਮਕਾਨਾਂ 'ਚ ਵਰਤੋਂ-ਯੋਗ ਹੁੰਦੀ ਹੈ। ਪੁਰਾਣੇ ਜ਼ਮਾਨੇ ਵਿੱਚ ਸਿਆਣੇ ਪੁਰਸ਼ ਜਦ ਜੀਵਨ ਦੇ ਅਖੀਰਲੇ ਪੜਾਅ ਵਿੱਚ ਦਾਖਲ ਹੁੰਦੇ ਤਾਂ ਉਹ ਇੱਕ-ਦੋ ਵਣ ਪੁਟਵਾ ਕੇ ਮੁੱਢ ਪੋਰੇ ਖੇਤ ਜਾਂ ਪਸ਼ੂਆਂ ਵਾਲੇ ਵਾੜੇ 'ਚ ਸੁਟਵਾ ਦਿੰਦੇ ਸਨ। ਉਹ ਵਿਸ਼ਵਾਸ ਰੱਖਦੇ ਸਨ ਕਿ ਸੰਤ ਕਬੀਰ ਦੇ ਬਚਨਾਂ ਅਨੁਸਾਰ, ''ਏਕ ਰਹਾ ਦੂਜਾ ਗਿਆ, ਦਰਿਆ ਲਹਿਰ ਸਮਾਏ'', ਦੀ ਸੱਚਾਈ ਅਨੁਸਾਰ ਪਾਂਚ ਤੱਤ ਦੇ ਤਨ ਨੇ ਇਕ ਦਿਨ ਹਵਾ, ਪਾਣੀ ਤੇ ਮਿੱਟੀ 'ਚ ਲੀਨ ਹੋ ਜਾਣਾ ਹੈ। ਇਸ ਲਈ ਪਰਿਵਾਰਾਂ ਦੇ ਸਿਆਣੇ ਪੁਰਸ਼ ਅਚੇਤਨ ਹੁੰਦੇ ਹੋਏ ਸੁੱਕੀ ਲੱਕੜ ਦਾ ਭੰਡਾਰ ਕਰ ਲੈਂਦੇ ਸਨ। ਇਹ ਪ੍ਰਮਾਣਤ ਸੱਚਾਈ ਹੈ। ਵਣ ਦੇ ਰੁੱਖ ਦੀਆਂ ਬਾਰੀਕ ਟਾਹਣੀਆਂ ਛੱਤਾਂ ਵਿੱਚ ਵਰਤ ਲਈਆਂ ਜਾਂਦੀਆਂ ਸਨ। ਹੁਣ ਵਣ ਦਾ ਰੁੱਖ ਪੰਜਾਬ ਦੀ ਧਰਤੀ ਤੋਂ ਲਗਪਗ ਲੋਪ ਹੋਣ ਦੇ ਕਿਨਾਰੇ ਹੈ। ਵਣ ਕੇਵਲ ਰੇਲਵੇ ਲਾਈਨਾਂ ਕਿਨਾਰੇ ਜਾਂ ਸੜਕਾਂ ਕਿਨਾਰੇ ਖਾਲੀ ਜਗ੍ਹਾ 'ਤੇ ਵਿਰਲੇ-ਵਿਰਲੇ ਜਿਉਂ ਰਹੇ ਹਨ। ਇਨ੍ਹਾਂ ਨੂੰ ਹੁਣ ਪੀਲੂ ਨਹੀਂ ਲੱਗਦੇ। ਇਨ੍ਹਾਂ ਵਣਾਂ 'ਤੇ ਬਾਲਣ ਵਾਲਿਆਂ ਦਾ ਕੁਹਾੜਾ ਚੱਲ ਰਿਹਾ ਹੈ। ਪਿੰਡਾਂ ਦੇ ਕਈ ਪੁਰਸ਼ ਅਜਿਹੇ ਵੀ ਹਨ ਜੋ ਆਪਣੇ ਖੇਤਾਂ ਵਿੱਚ ਵਣ ਦੇ ਰੁੱਖਾਂ ਨੂੰ ਸੰਭਾਲੀ ਬੈਠੇ ਹਨ। ਉਹ ਬਿਨਾਂ ਕਿਸੇ ਲਾਲਚ ਇਸ ਵਿਰਾਸਤ ਨੂੰ ਸਾਂਭ ਰਹੇ ਹਨ। ਵਣ ਵਿਭਾਗ ਪੰਜਾਬ ਦਾ ਧਿਆਨ ਸਾਡੇ ਏਸ ਵਿਰਾਸਤੀ ਰੁੱਖ ਵੱਲ ਨਹੀਂ ਗਿਆ ਹੈ। ਮੇਰੇ ਧਿਆਨ ਵਿੱਚ ਇੱਕ ਅਜਿਹਾ ਕਿਸਾਨ ਆਇਆ ਹੈ ਜਿਸ ਦੇ ਖੇਤ 'ਚ ਵਣ ਦੇ ਤਿੰਨ ਰੁੱਖ ਖੜ੍ਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੇ ਡਾਕਟਰਾਂ ਨੇ ਵਣ ਦੇ ਰੁੱਖ ਨੂੰ ਆਪਣੀ ਖੋਜ ਦਾ ਵਿਸ਼ਾ ਨਹੀਂ ਬਣਾਇਆ ਹੈ। ਵਣ ਦਾ ਰੁੱਖ ਭਾਰਤੀ ਰੁੱਖਾਂ ਦੀ ਸੂਚੀ ਵਿੱਚ ਨਹੀਂ ਹੈ। ਪੀ.ਏ.ਯੂ. ਵਰਗੀ ਸੰਸਥਾ ਨੂੰ ਵਣ ਰੁੱਖ ਦੀ ਪ੍ਰਜਾਤੀ ਨੂੰ ਜੀਵਤ ਰੱਖਣ ਲਈ ਉਪਰਾਲੇ ਕਰਨ ਦੀ ਲੋੜ ਹੈ। ਮੈਂ ਬਠਿੰਡਾ-ਗੰਗਾਨਗਰ ਰੇਲ ਲਾਈਨ ਦੀ ਜਗ੍ਹਾ ਵਿੱਚ ਵੀਹ-ਬਾਈ ਵਣਾਂ ਨੂੰ ਨੇੜੇ-ਨੇੜੇ ਲੱਭਿਆ ਹੈ। ਖੇਤੀ ਯੂਨੀਵਰਸਿਟੀ ਇਨ੍ਹਾਂ ਵਣਾਂ ਉੱਪਰ ਖੋਜ ਕਰਕੇ ਇਨ੍ਹਾਂ 'ਤੇ ਪੀਲੂ ਲੱਗਣ ਲਈ ਕੰਮ ਕਰ ਸਕਦੀ ਹੈ ਤਾਂ ਕਿ ਵਣਾਂ ਦਾ ਬੀਜ ਤਿਆਰ ਕਰਕੇ ਪਨੀਰੀ ਤਿਆਰ ਕੀਤੀ ਜਾ ਸਕੇ। ਵਣ ਵਿਭਾਗ ਪੰਜਾਬ ਇਨ੍ਹਾਂ ਖਤਮ ਹੋ ਰਹੇ ਵਣਾਂ ਦੀ ਸਾਂਭ-ਸੰਭਾਲ ਕਰ ਸਕਦਾ ਹੈ। ਜੌਂ, ਬਾਜਰਾ, ਜੁਆਰ, ਮਾਰੂ ਗੁਆਰਾ, ਤਾਰਾਮੀਰਾ ਤੇ ਛੋਲੇ ਸਾਡੀਆਂ ਫ਼ਸਲਾਂ ਵਿੱਚੋਂ ਗਾਇਬ ਹੋ ਰਹੇ ਹਨ। ਇੰਜ ਹੀ ਵਣ, ਜੰਡ ਤੇ ਤ੍ਰਿਵੈਣੀਆਂ ਵਾਲਾ ਪੰਜਾਬ 'ਵਣ' ਵਰਗੇ ਰੁੱਖਾਂ ਤੋਂ ਵਾਂਝਾ ਹੋ ਜਾਵੇਗਾ।

* ਸੰਪਰਕ: 98551-59637

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All